ਕਣਕ ਦੀ ਖ਼ਰੀਦ: ਕਰੋਨਾ ਦੇ ਡਰੋਂ ਵੱਡੇ ਅਫਸਰ ਮੰਡੀਆਂ ਵਿੱਚੋਂ ‘ਆਊਟ’

ਚੰਡੀਗੜ੍ਹ  (ਸਮਾਜਵੀਕਲੀ) –  ਕਿਸਾਨ ਖਰੀਦ ਕੇਂਦਰਾਂ ’ਚ ਮੁਸ਼ਕਲਾਂ ਦੇ ਢੇਰ ’ਤੇ ਬੈਠੇ ਹਨ ਜਦੋਂ ਕਿ ਵੱਡੇ ਅਫਸਰ ਕਰੋਨਾ ਦੇ ਡਰੋਂ ਪੰਜਾਬ ਦੀ ਜੂਹ ’ਚ ਪੈਰ ਨਹੀਂ ਧਰ ਰਹੇ। ਮੁੱਖ ਮੰਤਰੀ ਪੰਜਾਬ ਦੀ ਟੀਮ ਵਿਚ ਕਰੀਬ ਦਰਜਨ ਸਿਆਸੀ ਸਲਾਹਕਾਰ, 10 ਓਐਸਡੀਜ਼ ਅਤੇ ਚਾਰ ਸਿਆਸੀ ਸਕੱਤਰ ਸ਼ਾਮਲ ਹਨ, ਜੋ ਚੰਡੀਗੜ੍ਹ ਡੇਰੇ ਲਾਈ ਬੈਠੇ ਹਨ ਤੇ ਕੋਈ ਵੀ ਮੰਡੀਆਂ ’ਚ ਨਹੀਂ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਕਈ ਵਿਧਾਇਕ ਅਤੇ ਵਜ਼ੀਰ ਮੰਡੀਆਂ ਵਿਚ ਘੁੰਮ ਰਹੇ ਹਨ। ਕਿਸਾਨ ਧਿਰਾਂ ਇਸ ਗੱਲੋਂ ਔਖੀਆਂ ਹਨ ਕਿ ਪੰਜਾਬ ਦੇ ਟੈਕਸਾਂ ’ਚੋਂ ਸੁੱਖ ਸਹੂਲਤਾਂ ਲੈਣ ਵਾਲੇ ਅਧਿਕਾਰੀ ਸੰਕਟ ਦੇ ਸਮੇਂ ਮੂੰਹ ਮੋੜ ਗਏ ਹਨ। 15 ਅਪਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੈ ਪਰ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ ਸਿਨਹਾ ਅਤੇ ਵਿਭਾਗ ਦੇ ਡਾਇਰੈਕਟਰ (ਜਿਨ੍ਹਾਂ ਜਿੰਮੇ ਖਰੀਦ ਪ੍ਰਬੰਧ ਹਨ) ਹਫਤੇ ਮਗਰੋਂ ਵੀ ਪੰਜਾਬ ਵਿਚ ਕਿਧਰੇ ਦੇਖੇ ਨਹੀਂ ਗਏ। ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਕੰਮ ਚਲਾਇਆ ਜਾ ਰਿਹਾ ਹੈ।

ਸਰਕਾਰ ਵੱਲੋਂ ਖਰੀਦ ਏਜੰਸੀਆਂ ਦੇ ਫੀਲਡ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਕਿ ਫਸਲ ਵੇਚਣ ਆਉਂਦੇ ਕਿਸਾਨਾਂ ਦੀ ‘ਸਭ ਅੱਛਾ ਹੈ’ ਦੀ ਵੀਡੀਓ ਕਲਿੱਪ ਬਣਾ ਕੇ ਸਰਕਾਰ ਨੂੰ ਘੱਲੀ ਜਾਵੇ ਤਾਂ ਜੋ ਸੁਨੇਹਾ ਦਿੱਤਾ ਜਾ ਸਕੇ ਕਿ ਮੰਡੀਆਂ ’ਚ ਕੋਈ ਮੁਸ਼ਕਲ ਨਹੀਂ ਹੈ। ਵਧੀਕ ਮੁੱਖ ਸਕੱਤਰ ਵਿਸ਼ਵਾਜੀਤ ਖੰਨਾ ਦਾ ਕਹਿਣਾ ਹੈ ਕਿ ਪੰਜਾਬ ਭਰ ’ਚੋਂ ਹੁਣ ਤੱਕ ਕਿਸਾਨਾਂ ਦੀਆਂ 2257 ਸ਼ਿਕਾਇਤਾਂ ਆਈਆਂ ਹਨ ਜਿਨ੍ਹਾਂ ’ਚੋਂ 2046 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।

Previous articleCentral team goes around Kolkata escorted by Bengal police sleuths
Next articleGujarat now second after Maha with 2,178 cases, sees 19 more deaths