ਜ਼ਮੀਨੀ ਵਿਵਾਦ: ਸਾਬਕਾ ਫ਼ੌਜੀ ਨੇ ਦੋ ਸਕੇ ਭਰਾਵਾਂ ਨੂੰ ਗੋਲੀ ਮਾਰ ਕੇ ਮਾਰਿਆ

ਧਾਰੀਵਾਲ (ਸਮਾਜਵੀਕਲੀ):   ਇੱਥੋਂ ਨੇੜਲੇ ਪਿੰਡ ਆਲੋਵਾਲ ਦੇ ਬਾਹਰਵਾਰ ਡੇਰਾ ਬਾਊਲੀ ਦੇ ਖੇਤਾਂ ’ਚ ਜ਼ਮੀਨੀ ਵਿਵਾਦ ਕਾਰਨ ਸਾਬਕਾ ਫ਼ੌਜੀ ਨੇ ਲਾਇਸੈਂਸੀ .12 ਬੋਰ ਦੀ ਦੋਨਾਲੀ ਨਾਲ ਗੋਲੀਆਂ ਮਾਰ ਕੇ ਦੋ ਸਕੇ ਭਰਾਵਾਂ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦਿਲਪ੍ਰੀਤ ਸਿੰਘ (24) ਅਤੇ ਗਗਨਦੀਪ ਸਿੰਘ (28) ਪਿੰਡ ਕੋਟ ਸੰਤੋਖ ਦੇ ਵਾਸੀ ਸਨ।

ਗਗਨਦੀਪ ਸਿੰਘ ਕਰੀਬ ਪੰਜ ਮਹੀਨੇ ਪਹਿਲਾਂ ਫਰਾਂਸ ਤੋਂ ਆਇਆ ਸੀ ਤੇ ਤਿੰਨ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਅੱਜ ਸਵੇਰੇ ਗਗਨਪ੍ਰੀਤ ਤੇ ਦਿਲਪ੍ਰੀਤ ਸਿੰਘ ਨਾਲ ਮੋਟਰਸਾਈਕਲ ਤੇ ਐਕਟਿਵਾ ’ਤੇ ਸਵਾਰ ਹੋ ਕੇ ਪਿੰਡ ਆਲੋਵਾਲ ਬਾਊਲੀ ਦੀ ਹਦੂਦ ਅੰਦਰ ਪੈਂਦੀ ਆਪਣੀ ਜ਼ਮੀਨ ਵੱਲ ਗੇੜਾ ਮਾਰਨ ਗਏ ਤੇ ਕੱਚੇ ਰਸਤੇ ਵਿੱਚ ਆਪਣੇ ਵਹੀਕਲ ਖੜ੍ਹੇ ਕਰਕੇ ਅਜੇ ਰੁਕੇ ਹੀ ਸਨ ਕਿ ਜਸਵਿੰਦਰ ਸਿੰਘ ਨੇ ਗਗਨਦੀਪ ’ਤੇ ਗੋਲੀ ਚਲਾ ਦਿੱਤੀ।

ਜਸਵਿੰਦਰ ਦਾ ਲੜਕਾ ਸੁਖਮਨਦੀਪ ਸਿੰਘ, ਜਵਾਈ ਗੁਰਪਿੰਦਰ ਸਿੰਘ ਵੀ ਘਰੋਂ ਬਾਹਰ ਆ ਗਏ। ਇਸੇ ਦੌਰਾਨ ਜਦ ਦਿਲਪ੍ਰੀਤ ਸਿੰਘ ਨੇ ਆਪਣੇ ਭਰਾ ਦੇ ਬਚਾਅ ਲਈ ਅੱਗੇ ਹੋ ਕੇ ਜਸਵਿੰਦਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਵਾਈ ਗੁਰਪਿੰਦਰ ਸਿੰਘ ਨੇ ਦਿਲਪ੍ਰੀਤ ਨੂੰ ਗੋਲੀ ਮਾਰ ਦਿੱਤੀ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਨੇ ਜਸਵਿੰਦਰ ਸਿੰਘ ਫੌਜੀ, ਸੁਖਮਨਦੀਪ ਸਿੰਘ, ਗੁਰਪਿੰਦਰ ਸਿੰਘ ਅਤੇ ਹਰਜਿੰਦਰ ਕੌਰ ਵਿਰੁੱਧ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Previous articleਪੁਲੀਸ ਤੋਂ ਪ੍ਰੇਸ਼ਾਨ ਲੜਕੇ ਨੇ ਕੀਤੀ ਖੁਦਕੁਸ਼ੀ
Next articleਖਾੜੀ ਦੇਸ਼ਾਂ ਵਿਚ ਫਸੇ ਹਜਾਰਾਂ ਪੰਜਾਬੀ ਕਾਮਿਆਂ ਲਈ ਵਧੇਰੇ ਵਿਸ਼ੇਸ਼ ਉਡਾਣਾਂ ਦੀ ਅਪੀਲ