ਖ਼ਾਲਿਦ ਨੂੰ 22 ਅਕਤੂਬਰ ਤੱਕ ਨਿਆਂਇਕ ਹਿਰਾਸਤ ’ਚ ਭੇਜਿਆ

ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੀ ਇੱਕ ਅਦਾਲਤ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਸਾਬਕਾ ਵਿਦਿਆਰਥੀ ਉਮਰ ਖ਼ਾਲਿਦ ਨੂੰ ਅੱਜ 22 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਸਾਲ ਫਰਵਰੀ ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਫੈਲੀ ਹਿੰਸਾ ਸਬੰਧੀ ਕੇਸ ਵਿੱਚ ਉਹ ਦਸ ਦਿਨ ਦੇ ਪੁਲੀਸ ਰਿਮਾਂਡ ’ਤੇ ਸੀ।

ਪੁਲੀਸ ਰਿਮਾਂਡ ਦੇ ਅੱਜ ਆਖ਼ਰੀ ਦਿਨ ਖ਼ਾਲਿਦ ਨੂੰ ਵੀਡੀਓ ਕਾਨਫਰੰਸ ਰਾਹੀਂ ਕੜਕੜਡੂਮਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਉਸ ਨੂੰ 22 ਅਕਤੂਬਰ ਤੱਕ   ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਦਾਲਤ ਨੇ ਇਸ ਦੇ ਨਾਲ ਹੀ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਉਮਰ ਖਾਲਿਦ ਦੀ ਨਿਆਂਇਕ ਹਿਰਾਸਤ ਦੌਰਾਨ ਰੱਖਿਆ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ।

ਅਦਾਲਤ ਨੇ ਖਾਲਿਦ ਨੂੰ ਆਪਣੇ ਨਾਲ ਐਨਕਾਂ ਰੱਖਣ ਅਤੇ ਮੈਡੀਕਲ ਜਾਂਚ ਕਰਵਾਉਣ ਤੋਂ ਪਹਿਲਾਂ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ। ਖਾਲਿਦ ਦੇ ਵਕੀਲ ਨੇ ਉਸ ਦੀ ਜੇਲ੍ਹ ਵਿੱਚ ਸੁਰੱਖਿਆ ਦਾ ਮਸਲਾ ਉਠਾਇਆ, ਜਿਸ ’ਤੇ ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਕਿਹਾ, ‘‘ਖ਼ਦਸ਼ਿਆਂ ਦੇ ਮੱਦੇਨਜ਼ਰ, ਮੁਲਜ਼ਮ ਦੀ ਰੱਖਿਆ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਨਿਯਮਾਂ ਮੁਤਾਬਕ ਜ਼ਰੂਰੀ ਕਦਮ ਚੁੱਕਣ ਲਈ ਜੇਲ੍ਹ ਸੁਪਰਡੈਂਟ ਨੂੰ ਨਿਦਰੇਸ਼ ਦਿੱਤੇ ਜਾਂਦੇ ਹਨ।’’ ਨਿਆਂਇਕ ਹਿਰਾਸਤ ਵਿੱਚ ਭੇਜਣ ਤੋਂ ਪਹਿਲਾਂ ਖਾਲਿਦ ਨੇ ਅਦਾਲਤ ਨੂੰ ਕਿਹਾ ਕਿ ਪੁਲੀਸ ਰਿਮਾਂਡ ਦੌਰਾਨ ਉਸ ਨੇ ਕਿਸੇ ਦਸਤਾਵੇਜ਼ ’ਤੇ ਦਸਤਖ਼ਤ ਨਹੀਂ ਕੀਤੇ।

Previous articleਸ੍ਰੀਨਗਰ ’ਚ ਦਹਿਸ਼ਤਗਰਦਾਂ ਨੇ ਵਕੀਲ ਨੂੰ ਗੋਲੀ ਮਾਰੀ
Next articleਸੂਫ਼ੀ ਸੰਸਥਾ ਨੇ 110 ਸਾਲ ਪੁਰਾਣੇ ਹੱਥ ਲਿਖਤ ਸਰੂਪ ਗੁਰੂ ਘਰ ਨੂੰ ਸੌਂਪੇ