ਹੱਡਬੀਤੀ – ਬਚਪਨ ਦੀ ਛੇੜਖਾਨੀ ਤੇ ਬਜ਼ੁਰਗਾਂ ਦੀ ਨਸੀਹਤ

(ਸਮਾਜਵੀਕਲੀ)

ਅੱਲ ਅਸਲ ਵਿਚ ਛੇੜ ਦਾ ਦੂਸਰਾ ਨਾਮ ਹੈ । ਅੱਲ ਪੈ ਜਾਣ ਦਾ ਕਾਰਨ ਕੋਈ ਨਾ ਕੋਈ ਘਟਨਾ, ਸਰੀਰਕ ਡੀਲ ਡੌਲ ਜਾਂ ਕਿੱਤਈ ਵਿਵਹਾਰ ਹੁੰਦਾ ਹੈ । ਮਿਸਾਲ ਵਜੋਂ ਸਾਡੇ ਪਿੰਡ ਦੇ ਜੋ ਬਜ਼ੁਰਗ ਪੁਰਾਣੇ ਵੇਲੇ ਭੇਡਾਂ ਚਾਰਿਆ ਕਰਦੇ ਸਨ, ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਅੱਜ ਵੀ “ਭੇਡਾਂਵਾਲੀਏ” ਕਰਕੇ ਸੱਦਿਆ ਜਾਂਦਾ ਹੈ । ਇਸੇ ਤਰਾਂ ਸਾਡੇ ਗੁਆਂਢੀ ਪਿੰਡ ਚੱਕ ਸਾਹਬੂ ਦੇ ਜੋ ਬਜ਼ੁਰਗ ਬਹੁਤ ਸਾਲ ਪਹਿਲਾਂ ਝੋਟਿਆਂ ਨਾਲ ਖੇਤੀ ਕਰਦੇ ਸਨ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਵੀ “ਝੋਟਿਆਂ ਵਾਲੇ” ਹੀ ਕਿਹਾ ਜਾਂਦਾ ਹੈ, ਭਾਵੇਂ ਕਿ ਉਹਨਾਂ ਦੇ ਪੋਤੇ ਪੜਪੋਤੇ, ਖੇਤੀ ਦਾ ਕੰਮ ਪਿਛਲੇ ਕਈ ਦਹਾਕਿਆਂ ਤੋਂ ਪੂਰੀ ਤਰਾਂ ਮਸ਼ੀਨੀ ਢੰਗਾਂ ਨਾਲ ਕਰ ਰਹੇ ਹਨ । ਇਸੇ ਤਰਾਂ ਸਿਆਣੇ ਦੱਸਦੇ ਹਨ ਕਿ ਪਿੰਡ ਦੇ ਦਰਵਾਜੇ, ਸੱਥ ਚ ਬੈਠੇ ਇਕ ਖੁਲ੍ਹੇ ਡੁਲ੍ਹੇ ਜੁੱਸੇ ਵਾਲੇ ਬਜ਼ੁਰਗ ਨੇ, ਜਦੋਂ ਉਠਣ ਲੱਗਿਆਂ ਪਿਛੇ ਨੂੰ ਬਾਹਾਂ ਖਿਲਾਰਕੇ ਅੰਗੜਾਈ ਜਿਹੀ ਲਈ ਤਾਂ ਉਸ ਦੀ ਸੱਜੀ ਬਾਂਹ ਦੀ ਕੂਹਣੀ ਸਿੱਧੀ ਜਾ ਕੇ ਪਿਛੇ ਨਸ਼ੇ ਪੱਤੇ ਦੀ ਲੋਰ ਚ ਟੁੱਨ ਖੜੇ ਪਿੰਡ ਦੇ ਹੀ ਨਿਵਾਸੀ ਇਕ ਪੋਸਤੀ ਦੀ ਵੱਖੀ ਚ ਜਾ ਵੱਜੀ, ਜਿਸ ਕਾਰਨ ਉਸ ਪੋਸਤੀ ਦੀ ਥਾਂਏ ਹੀ ਟੈਂ ਬੋਲ ਗਈ ਤੇ ਪਿੰਡ ਵਾਲਿਆਂ ਨੇ ਪਹਿਲਾਂ ਪਹਿਲ ਬਾਬੇ ਨੂੰ ਕੂਹਣੀ ਮਾਰ ਬਾਬਾ ਕਹਿਣਾ ਸ਼ੁਰੂ ਦਿੱਤਾ ਤੇ ਫਿਰ ਉਸ ਦੇ ਪੂਰੇ ਖਾਨਦਾਨ ਦੀ ਅੱਲ ਹੀ “ਕੂਹਣੀ ਮਾਰਾਂ ਦੇ” ਪਕਾ ਦਿੱਤੀ । ਕਹਿਣ ਦਾ ਭਾਵ ਇਹ ਹੈ ਕਿ ਜੋ ਅੱਲ ਜਾਂ ਛੇੜ ਇਕ ਵਾਰ ਕਿਸੇ ਦੀ ਕਿਸੇ ਵੀ ਕਾਰਨ ਪੈ ਜਾਂਦੀ ਹੈ, ਉਹ ਫੇਰ ਮੁਦਤਾਂ ਬੀਤਣ ਬਾਦ ਵੀ ਖਹਿੜਾ ਨਹੀਂ ਛਡਦੀ । ਇਹ ਵੀ ਕਿਹਾ ਜਾਂਦਾ ਹੈ ਕਿ ਬੀਮਾਰੀ ਤੋਂ ਤਾਂ ਕੋਈ ਮਰਕੇ ਰਾਹਤ ਪਾ ਲਊ, ਪਰ ਅੱਲ ਤੋਂ ਨਹੀਂ । ਮੇਰੇ ਨਾਲ ਅੱਲ ਸਬੰਧੀ ਇਕ ਵਾਪਰੀ ਘਟਨਾ ਬਾਰੇ ਗੱਲ ਕਰਨ ਤੋਂ ਪਹਿਲਾਂ ਇਕ ਦੋ ਉਦਾਹਰਣਾਂ ਹੋਰ ਦੇਣੀਆਂ ਚਾਹਾਂਗਾ । ਮੇਰੇ ਪਿੰਡ ਦੇ ਜਿਹਨਾਂ ਬਜ਼ੁਰਗਾਂ ਦੇ ਘਰ ਪਿੰਡ ਦੇ ਛੱਪੜ ਨੇੜੇ ਸਨ, ਬੇਸ਼ੱਕ ਉਹਨਾਂ ਦੇ ਪਰਿਵਾਰਾਂ ਨੇ ਆਪਣੇ ਬਹੁਤ ਹੀ ਸ਼ਾਨਦਾਰ ਘਰ ਘਾਟ ਬਹੁਤ ਪਹਿਲਾਂ ਪਿੰਡੋ ਬਾਹਰ ਛੱਪੜ ਕੰਢਿਓਂ ਦੂਰ ਉਸਾਰ ਲਏ ਹਨ, ਪਰ ਪਿੰਡ ਦੇ ਬਹੁਤੇ ਲੋਕਾਂ ਵਿਚ ਅੱਜ ਵੀ ਉਹਨਾਂ ਦੀ ਅੱਲ “ਕੱਛੂਆਂ ਦੇ” ਕਰਕੇ ਹੀ ਪਰਚੱਲਤ ਹੈ । ਸਾਡੇ ਬਜੁਰਗ ਖੂਹ ਚੋਂ ਪਾਣੀ ਕੱਢਣ ਵਾਸਤੇ ਹਲਟਾਂ ਦੇ ਜ਼ਮਾਨੇ ਤੋਂ ਪਹਿਲਾਂ ਵਾਲੇ ਸਮੇਂ, ਤੜਕੇ ਇਕੱਠੇ ਹੋ ਕੇ ਚੜਸ ਚਲਾਿੲਆ ਕਰਦੇ ਸਨ ਤੇ ਨਾਲ ਹੀ ਉੱਚੀ ਅਵਾਜ਼ ਵਿਚ ਬੋਲੇ ਲਾਉਂਦਿਆਂ ਕਿਹਾ ਕਰਦੇ ਸਨ ਕਿ, “ਆ ਗਿਆ ਬਈ ਓ ! ਰਾਮ ਬੇਲੀ” । ਦੱਸਿਆ ਜਾਂਦਾ ਹੈ ਕਿ ਤੜਕੇ ਵੇਲੇ ਸ਼ਾਂਤਮਈ ਮਾਹੌਲ ਹੋਣ ਕਾਰਨ ਉਹਨਾਂ ਦਾ ਉਕਤ ਬੋਲਾ ਆਸ ਪਾਸ ਦੇ ਪੰਜ ਕੋਹ ਦੇ ਇਲਾਕੇ ਵਿਚ ਵਸਦੇ ਲੋਕਾਂ ਤੱਕ ਸੁਣਿਆ ਜਾਂਦਾ ਸੀ ਤੇ ਪਿੰਡ ਦੇ ਲੋਕਾਂ ਨੇ ਬਜੁਰਗਾਂ ਦੀ ਅੱਲ “ਗੱਜਨੇ” ਪਾ ਦਿੱਤੀ ਜੋ ਅੱਜ ਵੀ ਉਸੇ ਤਰਾਂ ਪਰਚੱਲਤ ਹੈ । ਕਹਿਣ ਦਾ ਭਾਵ ਕਿਸੇ ਵੀ ਕਾਰਨ ਪਈ ਅੱਲ ਸਮੇ ਦੇ ਬੀਤਣ ਨਾਲ ਭੱਠੇ ਪਈ ਇੱਟ ਵਾਂਗ ਪੂਰੀ ਤਰਾਂ ਪੱਕ ਜਾਂਦੀ ਹੈ ।

ਹੁਣ ਆਉਂਦੇ ਹਾਂ ਅੱਲ ਨਾਲ ਸਬੰਧਿਤ ਮੇਰੇ ਵੱਲੋਂ ਬਚਪਨ ਚ ਕੀਤੀ ਗਈ ਇਕ ਸ਼ਰਾਰਤ ਵੱਲ । ਦਰਅਸਲ ਇਹ ਸ਼ਰਾਰਤ ਮੈਂ ਜਾਣ ਬੁਝਕੇ ਨਹੀਂ ਕੀਤੀ ਸਗੋਂ ਇਕ ਹੋਰ ਬੱਚੇ ਵਲੋਂ ਮੈਥੋਂ ਕਰਵਾਈ ਗਈ ਸੀ ।

ਹੋਿੲਆ ਇੰਜ ਕਿ ਸਾਡੇ ਪਿੰਡ ਦੀ ਇਕ ਬਹੁਤ ਹੀ ਗੋਰੀ ਚਿੱਟੀ ਤੇ ਸੋਹਣੀ ਸੁਨੱਖੀ ਮਾਤਾ ਹੁੰਦੀ ਸੀ । ਨਾਮ ਸੀ ਉਸ ਦਾ ਮਾਹੋਂ ਰਾਣੀ । ਪਿੰਡ ਦੇ ਲੋਕਾਂ ਨੇ, ਉਸ ਦੇ ਬੱਗੇ ਪੂਣੀ ਵਰਗੇ ਗੋਰੇ ਚਿੱਟੇ ਰੰਗ ਕਰਕੇ, ਉਸ ਦੀ ਅੱਲ “ਬੱਗੋ” ਪਾਈ ਹੋਈ ਸੀ ਤੇ ਉਸ ਦੀ ਪਿਠ ਪਿਛੇ ਸਾਰੇ ਉਸ ਨੂੰ ਬੱਗੋ ਹੀ ਕਹਿੰਦੇ ਸਨ । ਇਸ ਗੱਲ ਦਾ ਮਾਤਾ ਮਾਹੋਂ ਰਾਣੀ ਨੂੰ ਵੀ ਪਤਾ ਸੀ ਤੇ ਜਦ ਵੀ ਉਸ ਨੂੰ ਇਹ ਪਤਾ ਲਗਦਾ ਕਿ ਕੋਈ ਉਸ ਨੂੰ ਬੱਗੋ ਕਹਿੰਦਾ ਹੈ ਤਾਂ ਉਹ ਬਹੁਤ ਗੁੱਸਾ ਕਰਦੀ ਤੇ ਵੱਡੀਆਂ ਵੱਡੀਆਂ ਗਾਲਾਂ ਵੀ ਕੱਢਦੀ, ਜਿਸ ਕਾਰਨ ਲੋਕ ਕਦੇ ਵੀ ਉਸ ਨੂੰ ਉਸ ਦੇ ਮੂੰਹ ਤੇ ਬੱਗੋ ਕਹਿਕੇ ਬੁਲਾਉਣ ਦੀ ਹਿਮਾਕਤ ਨਾ ਕਰਦੇ, ਪਰ ਬੱਚੇ ਤਾਂ ਬੱਚੇ ਹੁੰਦੇ ਹਨ । ਉਹਨਾਂ ਦਾ ਮਨ ਬੜਾ ਸਾਫ ਹੁੰਦਾ ਹੈ । ਮੈ ਪਿੰਡ ਦੇ ਸਰਕਾਰੀ ਸਕੂਲ ਵਿਚ ਉਸ ਵੇਲੇ ਤੀਜੀ ਜਮਾਤ ਦਾ ਵਿਦਿਅਰਥੀ ਹੁੰਦਾ ਸੀ । ਇਕ ਦਿਨ ਸਾਰੀ ਛੁੱਟੀ ਵੇਲੇ ਆਪਣੇ ਮੁਹੱਲੇ “ਗਜਨਗੜ੍ਹ” ਦੇ ਹੋਰਨਾਂ ਬੱਚਿਆਂ ਨਾਲ ਘਰ ਪਰਤ ਰਿਹਾ ਸਾਂ ਕਿ ਅੱਗਿਓਂ ਮਾਤਾ ਮਾਹੋਂ ਰਾਣੀ ਉਰਫ ਬੱਗੋ ਆ ਰਹੀ ਸੀ । ਮੇਰੇ ਨਾਲ ਦੇ ਬੱਚੇ ਨੂੰ ਉਸ ਦੀ ਅੱਲ ਬਾਰੇ ਪਤਾ ਸੀ ਜਦ ਕਿ ਮੈਨੂੰ ਨਹੀਂ । ਉਸ ਨੇ ਮੈਨੂੰ ਕਿਹਾ ਕਿ, “ਓਹ ਸਾਹਮਣੇ ਜੋ ਬੁੜ੍ਹੀ ਆ ਰਹੀ ਹੈ, ਜੇਕਰ ਤੂੰ ਉਸ ਨੂੰ ਬੱਗੋ ਕਹੇੰਗਾ ਤਾਂ ਉਹ ਤੈਨੂੰ ਪਿੰਡ ਵਾਲੇ ਲਾਲੇ ਦੀ ਦੁਕਾਨ ਤੇ ਲੈ ਜਾਵੇਗੀ ਤੇ ਬਹੁਤ ਸਾਰੀ ਚੀਜੀ ਲੈ ਕੇ ਦੇਵੇਗੀ ।” ਚੀਜੀ ਦਾ ਨਾਮ ਸੁਣਦਿਆਂ ਹੀ ਮੇਰੇ ਮੂੰਹ ਚ ਪਾਣੀ ਆ ਗਿਆ ਤੇ ਮੇਰੇ ਮੂੰਹੋਂ ਆਪ ਮੁਹਾਰੇ ਜੋਰ ਦੇਣੀ “ਬੱਗੋ” ਨਿਕਲ ਗਿਆ । ਬਸ ਫੇਰ ਕੀ ਸੀ ਮਾਤਾ ਨੇ “ਆ ਤੇਰੇ ਬਾਬੇ ਮੁਹੱਗਿਆ” ਕਹਿ ਕੇ ਨਾਲ ਹੀ ਬਾਬਿਆਂ ਪੜਦਾਦਿਆਂ ਦੀਆਂ ਹੋਰ ਗਾਲਾਂ ਦੀ ਵੀ ਬੋਛਾੜ ਲਾ ਦਿੱਤੀ ਤੇ ਨਾਲ ਹੀ ਹੱਥ ਚ ਫੜੀ ਖੂੰਡੀ ਲਹਿਰਾਉਂਦੀ ਹੋਈ ਮੇਰੇ ਵੱਲ ਹੋ ਭੱਜੀ । ਜਿਸ ਬੱਚੇ ਨੇ ਮੈਨੂੰ ਇਸ ਤਰਾਂ ਕਹਿਣ ਵਾਸਤੇ ਕਿਹਾ ਸੀ, ਮੈਂ ਮਾਤਾ ਨੂੰ ਇਸ਼ਾਰਾ ਕਰਕੇ ਕਹਿ ਰਿਹਾ ਸੀ ਕਿ ਮੈਨੂੰ ਉਸ ਨੇ ਇਸ ਤਰਾਂ ਕਹਿਣ ਵਾਸਤੇ ਕਿਹਾ ਹੈ ਤੇ ਉਹ ਬੱਚਾ ਬੜਾ ਸ਼ੈਤਾਨ ਤੇ ਛਾਤਰ ਇੱਕੋ ਰਟ ਲਗਾਈ ਜਾਵੇ ਕਿ, “ਮਾਂ ! ਮੈ ਨਹੀਂ ਕੁਝ ਵੀ ਬੋਲਿਆ, ਇਸ ਨੇ ਆਪੇ ਹੀ ਬੋਲਿਆ।”

ਮੌਕੇ ਦੀ ਨਜਾਕਤ ਦੇਖ, ਮੈ ਤਾਂ ਉੱਥੋਂ ਦੌੜਿਆ ਤੇ ਜਾ ਕੇ ਸਾਹਮਣੇ ਵਾਲੀ ਹਵੇਲੀ ਚ ਲਸੂੜੇ ਦੀ ਛਾਵੇਂ ਬੈਠੇ ਬਜੁਰਗ ਸ ਸਵਰਨ ਸਿੰਘ ਦੀ ਗੋਦੀ ਚ ਜਾ ਬੈਠਾ, ਪਰ ਉਹ ਮਾਤਾ ਮੇਰੇ ਪਿਛੇ ਪਿਛੇ ਗਾਲਾਂ ਕੱਢਡੀ ਹੋਈ ਤੇ ਗੁੱਸੇ ਚ ਲਾਲ ਪੀਲੀ ਹੋਈ, ਉੱਥੇ ਵੀ ਜਾ ਪਹੁੰਚੀ ਤੇ ਉਸ ਨੇ ਬਜੁਰਗ ਨੂੰ, ਮੈਨੂੰ ਉਸ ਦੇ ਹਵਾਲੇ ਕਰਨ ਵਾਸਤੇ ਕਿਹਾ । ਬਜੁਰਗ ਦੇ ਪੁਛਣ ਤੇ ਮਾਤਾ ਨੇ ਮੇਰੇ ਵੱਲ ਇਸ਼ਾਰਾ ਕਰਕੇ ਬਜ਼ੁਰਗ ਨੂੰ ਦੱਸਿਆ ਕਿ, “ਇਸ ਨੇ ਮੈਨੂੰ ਨਾਂ ਕੁਨਾਂ ਲੈ ਕੇ ਛੇੜਿਆ ਹੈ, ਜਿਸ ਕਰਕੇ ਮੈਂ ਇਸ ਦੀ ਭੁਗਤ ਸਵਾਰਨੀ ਚਾਹੁੰਦੀ ਹੈ ।” ਪਰ ਬਜੁਰਗ ਸ ਸਵਰਨ ਸਿੰਘ ਨੇ ਮਾਤਾ ਨੂੰ ਬਹੁਤ ਹੀ ਹਲੀਮੀ ਤੇ ਠਰੰਮੇ ਨਾਲ ਸਮਝਾਿੲਆ ਕਿ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਹਨ, ਉਹਨਾਂ ਦੀਆਂ ਗੱਲਾਂ ਦਾ ਬੁਰਾ ਨਹੀੰ ਮਨਾਈਦਾ ਤੇ ਨਾ ਹੀ ਉਹਨਾਂ ਨੂੰ ਡੰਡੇ ਸੋਟੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਦੀ ਹੈ ।ਬਜੁਰਗ ਨੇ ਮਾਤਾ ਨੂੰ ਇਹ ਵੀ ਕਿਹਾ ਕਿ ਉਹ ਗੁੱਸਾ ਥੁੱਕੇ ਤੇ ਚਲੀ ਜਾਵੇ ਤੇ ਮਾਤਾ ਬੁੜ ਬੁੜ ਕਰਦੀ ੳਥੋਂ ਚਲੀ ਗਈ।

ਮਾਤਾ ਦੇ ਚਲੇ ਜਾਣ ਤੋਂ ਬਾਦ ਬਜੁਰਗ ਨੇ ਮੈਨੂੰ ਸਮਝਾਿੲਆ ਕਿ ਵੱਡਿਆਂ ਦੀ ਵੱਧ ਤੋਂ ਵੱਧ ਇੱਜ਼ਤ ਕਰੀਦੀ ਹੈ । ਉਹਨਾਂ ਦੇ ਅੱਗੇ ਨਾ ਹੀ ਜੁਬਾਨ ਚਲਾਈਦੀ ਹੈ ਤੇ ਨਾ ਹੀ ਉਹਨਾਂ ਦੀ ਨਾਮ ਲੈ ਕੇ ਬੁਲਾਈਦਾ ਹੈ ਤੇ ਉਹਨਾਂ ਨਾਲ ਕਦੇ ਛੇੜਖਾਨੀ ਕਰੀਦੀ ਹੈ । ਇਸ ਦੇ ਨਾਲ ਹੀ ਬਜੁਰਗ ਨੇ ਮੈਨੂੰ ਇਹ ਵੀ ਕਿਹਾ ਕਿ ਅੱਜ ਤਾਂ ਉਸ ਨੇ ਮੈਨੂੰ ਬਚਾ ਲਿਅਾ ਹੈ, ਜੇਕਰ ਦੁਬਾਰਾ ਅਜਿਹੀ ਗਲਤੀ ਕੀਤੀ ਤਾਂ ਦੂਹਰੀ ਕੁੱਟ ਪਵੇਗੀ ਤੇ ਛਡਾਉਣ ਵਾਲਾ ਨਾ ਹੀ ਕੋਈ ਤੇਰੇ ਘਰ ਵਾਲਾ ਹੋਏਗਾ ਤੇ ਨਾ ਹੀ ਬਾਹਰਲਾ । ਮਾਤਾ ਵਲੋਂ ਪਈਆਂ ਝਾੜਾਂ ਅਤੇ ਬਾਬੇ ਸਵਰਨ ਸਿੰਘ ਵੱਲੋਂ ਦਿੱਤੀਆਂ ਮੱਤਾਂ ਦਾ ਮੇਰੇ ‘ਤੇ ਏਨਾ ਗਹਿਰਾ ਅਸਰ ਹੋਿੲਆ ਕਿ ਬੱਸ ਉਸ ਦਿਨ ਤੋਂ ਬਾਅਦ ਕੰਨ ਖਿਚ ਲਏ ਤੇ ਨਸੀਹਤ ਲੜ ਬੰਨ੍ਹ ਲਈ ਕਿ ਨਾ ਹੀ ਕਿਸੇ ਦੇ ਕਹੇ, ਬਿਨਾਂ ਸੋਚੇ ਸਮਝੇ ਕੋਈ ਕੰਮ ਕਰਨਾ ਹੈ ਤੇ ਨਾ ਹੀ ਆਪਣੇ ਤੋਂ ਵੱਡਿਆਂ ਦੇ ਮੂਹਰੇ ਉੱਚੀ ਬੋਲਣਾ, ਉਹਨਾਂ ਨਾਲ ਜਿਰਹਾ ਕਰਨੀ ਹੈ ਤੇ ਨਾ ਹੀ ਉਹਨਾਂ ਦਾ ਨਾਂ ਕੁਨਾਂ ਲੈ ਕੇ ਉਹਨਾਂ ਨਾਲ ਛੇੜਖ਼ਾਨੀ ਕਰਨੀ ਹੈ ।

– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
9/6/2020

Previous articleदिन दिहाड़े उद्योगपति की कोठी में घुसकर चार अज्ञात व्यक्तियों ने किया लूट का असफल प्रयास , महिलाओं को बंघक बनाने की भी की कोशिश , सीसीटीवी कैमरा पर डाली स्प्रे
Next articleBird’s eye view: CSK posts pic of bird saved by Dhoni