ਹੰਦਵਾੜਾ ’ਚ ਸ਼ਹੀਦ ਹੋਏ ਫ਼ੌਜੀ ਅਧਿਕਾਰੀਆਂ ਨੂੰ ਅੰਤਿਮ ਵਿਦਾਇਗੀ

ਪੰਚਕੂਲਾ/ਜੈਪੁਰ (ਸਮਾਜਵੀਕਲੀ) – ਕਸ਼ਮੀਰ ਵਿਚ ਦਹਿਸ਼ਤਗਰਦਾਂ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਪਾਉਣ ਵਾਲੇ ਭਾਰਤੀ ਫ਼ੌਜ ਦੇ ਅਧਿਕਾਰੀਆਂ ਦਾ ਅੱਜ ਉਨ੍ਹਾਂ ਦੇ ਜੱਦੀ ਸ਼ਹਿਰਾਂ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 21 ਰਾਈਫਲਜ਼ ਦੇ ਕਮਾਂਡਿੰਗ ਅਫ਼ਸਰ ਕਰਨਲ ਆਸ਼ੂਤੋਸ਼ ਸ਼ਰਮਾ ਦੀਆਂ ਅੰਤਿਮ ਰਸਮਾਂ ਜੈਪੁਰ ਵਿਚ ਕੀਤੀਆਂ ਗਈਆਂ। ਜਦਕਿ ਮੇਜਰ ਅਨੁਜ ਸੂਦ ਦੀਆਂ ਅੰਤਿਮ ਰਸਮਾਂ ਮਨੀਮਾਜਰਾ (ਚੰਡੀਗੜ੍ਹ) ਵਿਚ ਕੀਤੀਆਂ ਗਈਆਂ।

ਜ਼ਿਕਰਯੋਗ ਹੈ ਕਿ ਉੱਤਰੀ ਕਸ਼ਮੀਰ ਦੇ ਹੰਦਵਾੜਾ ਵਿਚ ਸ਼ਨਿਚਰਵਾਰ ਰਾਤ ਦਹਿਸ਼ਤਗਰਦਾਂ ਨਾਲ ਮੁਕਾਬਲੇ ਵਿਚ ਇਹ ਦੋਵੇਂ ਅਧਿਕਾਰੀ ਸ਼ਹੀਦ ਹੋ ਗਏ ਸਨ। ਇਸ ਮੁਕਾਬਲੇ ਵਿਚ ਪੰਜ ਜਣਿਆਂ ਨੇ ਸ਼ਹੀਦੀ ਦਾ ਜਾਮ ਪੀਤਾ ਸੀ। ਜੈਪੁਰ ਦੇ ਅਜਮੇਰ ਰੋਡ ’ਤੇ ਕਰਨਲ ਆਸ਼ੂਤੋਸ਼ ਦੇ ਭਰਾ ਪਿਊਸ਼ ਸ਼ਰਮਾ ਤੇ ਪਤਨੀ ਨੇ ਚਿਖ਼ਾ ਨੂੰ ਅਗਨੀ ਦਿਖਾਈ।

ਸ਼ਹੀਦ ਦੀ ਪਤਨੀ ਪੱਲਵੀ ਸ਼ਰਮਾ ਤੋਂ ਇਲਾਵਾ ਬੇਟੀ ਤਮੰਨਾ ਵੀ ਇਸ ਮੌਕੇ ਹਾਜ਼ਰ ਸੀ। ਭਾਰਤੀ ਫ਼ੌਜ ਦੇ ਜਵਾਨਾਂ ਨੇ ਸ਼ਹੀਦਾਂ ਨੂੰ ਗੰਨ ਸਲੂਟ ਪੇਸ਼ ਕੀਤਾ। 61 ਕੈਵਲਰੀ ਮੈਦਾਨ ’ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਫ਼ੌਜੀ ਅਫ਼ਸਰਾਂ ਨੇ ਕਰਨਲ ਆਸ਼ੂਤੋਸ਼ ਨੂੰ ਸ਼ਰਧਾਂਜਲੀ ਭੇਟ ਕੀਤੀ।

ਮਨੀਮਾਜਰਾ ਵਿਚ ਸ਼ਹੀਦ ਮੇਜਰ ਸੂਦ ਦੀਆਂ ਅੰਤਿਮ ਰਸਮਾਂ ਮੌਕੇ ਉਨ੍ਹਾਂ ਦੀ ਪਤਨੀ ਆਕ੍ਰਿਤੀ ਸੂਦ ਤੇ ਭੈਣ ਹਰਸ਼ਿਤਾ, ਜੋ ਕਿ ਖ਼ੁਦ ਵੀ ਫ਼ੌਜੀ ਅਧਿਕਾਰੀ ਹਨ ਤੇ ਪਰਿਵਾਰ ਹਾਜ਼ਰ ਸੀ। ਸੇਵਾਮੁਕਤ ਤੇ ਮੌਜੂਦਾ ਫ਼ੌਜੀ ਅਫ਼ਸਰਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਫ਼ੌਜ ਵੱਲੋਂ ਸ਼ਹੀਦ ਮੇਜਰ ਨੂੰ ਗਾਰਡ ਆਫ਼ ਆਨਰ ਤੇ ਗੰਨ ਸਲੂਟ ਪੇਸ਼ ਕੀਤਾ ਗਿਆ।

ਮੇਜਰ ਸੂਦ ਦੇ ਪਿਤਾ ਬ੍ਰਿਗੇਡੀਅਰ (ਸੇਵਾਮੁਕਤ) ਚੰਦਰਕਾਂਤ ਸੂਦ ਨੇ ਚਿਖਾ ਨੂੰ ਅਗਨੀ ਦਿਖਾਈ। ਮੇਜਰ ਸੂਦ ਪੰਚਕੂਲਾ ਦੇ ਅਮਰਾਵਤੀ ਐਨਕਲੇਵ ਦੇ ਵਸਨੀਕ ਸਨ। ਸਸਕਾਰ ਵੇਲੇ ਵੱਡੀ ਗਿਣਤੀ ਲੋਕ ਸ਼ਮਸ਼ਾਨਘਾਟ ਦੇ ਬਾਹਰ ਹੀ ਖੜ੍ਹੇ ਰਹੇ ਜਦਕਿ ਰਿਸ਼ਤੇਦਾਰ ਅਤੇ ਫ਼ੌਜ ਦੇ ਅਫ਼ਸਰ ਸ਼ਮਸ਼ਾਨਘਾਟ ਅੰਦਰ ਗਏ।

ਸਸਕਾਰ ਤੋਂ ਪਹਿਲਾਂ ਤਾਬੂਤ ਤੋਂ ਮਾਣ-ਸਨਮਾਨ ਨਾਲ ਤਿਰੰਗੇ ਨੂੰ ਉਤਾਰਿਆ ਗਿਆ ਅਤੇ ਇਸ ਨੂੰ ਸ਼ਹੀਦ ਦੀ ਪਤਨੀ ਆਕ੍ਰਿਤੀ ਸੂਦ ਨੂੰ ਸੌਂਪਿਆ ਗਿਆ। ਸ਼ਹੀਦ ਅਨੁਜ ਸੂਦ ਦੀ ਮ੍ਰਿਤਕ ਦੇਹ ਨੂੰ ਅਮਰਾਵਤੀ ਐਨਕਲੇਵ ਉਨ੍ਹਾਂ ਦੇ ਘਰ ਅੰਤਿਮ ਦਰਸ਼ਨਾਂ ਲਈ ਵੀ ਲਿਜਾਇਆ ਗਿਆ। 30 ਸਾਲਾ ਮੇਜਰ ਸੂਦ ਬ੍ਰਿਗੇਡ ਆਫ਼ ਦੀ ਗਾਰਡਜ਼ ਰੈਜੀਮੈਂਟ ਨਾਲ ਸਬੰਧਤ ਸਨ।

Previous articleਪੰਜਾਬ ਨੇ ਦੇਸ਼ ਵਿੱਚੋਂ ਮਾਰੀ ਬਾਜ਼ੀ
Next articleਕਰੋਨਾ ਨੇ ਪੰਜਾਬ ’ਚ ਲਈ ਇਕ ਹੋਰ ਜਾਨ