ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਸਤਲੁਜ ਕੰਢੇ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਤੇਜੀ ਨਾਲ ਜਾਰੀ

ਕੈਪਸ਼ਨ- ਸਤਲੁਜ ਦੇ ਕੰਢੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲੱਗੀ ਹੋਈ ਲੇਬਰ।
  • 15 ਪਿੰਡਾਂ ਦਾ ਹੋਵੇਗਾ  ਹੜ੍ਹਾਂ ਤੋਂ ਬਚਾਅ,15  ਲੱਖ 63 ਹਜ਼ਾਰ ਮਨਜ਼ੂਰ
  • ਭਵਿੱਖ ਵਿਚ ਹੜ੍ਹਾਂ ਤੋਂ ਬਚਾਉਣ ਲਈ ਸਤਲੁਜ ਦੁਆਲੇ ਬੰਨ ਦੀ ਮਜ਼ਬੂਤੀ ਦਾ ਕੰਮ ਤੇਜੀ ਨਾਲ ਜਾਰੀ 

ਹੁਸੈਨਪੁਰ, 21 ਜੁਲਾਈ (ਕੌੜਾ) (ਸਮਾਜਵੀਕਲੀ) : ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਰੋਕਣ ਲਈ ਬੰਨ੍ਹ ਦੀ ਮੁਰੰਮਤ ਤੇ ਮਜ਼ਬੂਤੀ ਵੱਲ ਵਿਸ਼ੇਸ਼ ਤਵੱਜ਼ੋਂ ਦਿੱਤੀ ਜਾ ਰਹੀ ਹੈ, ਜਿਸ ਲਈ 15.63 ਲੱਖ ਰੁਪੈ ਜਾਰੀ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨਾਂ ਵਲੋਂ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਬੰਨ ਦਾ ਦੌਰਾ ਕੀਤਾ ਗਿਆ ਸੀ, ਜਿਸ ਮੌਕੇ ਲੋਕਾਂ ਵਲੋਂ ਬੰਨ੍ਹ ਨੂੰ ਹੋਰ ਮਜਬੂਤ ਕਰਨ ਦੀ ਮੰਗ ਰੱਖੀ ਗਈ  ਸੀ। ਉਨ੍ਹਾਂ ਕਿਹਾ ਕਿ ਜਿਲ੍ਹਾਂ ਪ੍ਰਸ਼ਾਸ਼ਨ ਵਲੋਂ ਡਰੇਨਜ਼, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਮਨਰੇਗਾ ਤਹਿਤ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਲਈ ਰੋਜ਼ਾਨਾ 100 ਤੋਂ ਜਿਆਦਾ ਕਾਮਿਆਂ ਵਲੋਂ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਬੰਨ ਨੂੰ ਮਜ਼ਬੂਤ ਕਰਨ  ਨਾਲ ਗਿੱਦੜਪਿੰਡੀ, ਟਿੱਬੀ, ਭਰੋਆਣਾ, ਤਕੀਆ, ਸਰੂਪਵਾਲ, ਮੰਡ ਇੰਦਰਪੁਰ, ਦਾਰੇਵਾਲ ਦੀ 3000 ਏਕੜ ਦੇ ਕਰੀਬ ਖੇਤੀਯੋਗ ਜ਼ਮੀਨ ਨੂੰ ਹੜ੍ਹ੍  ਦੀ ਮਾਰ ਤੋਂ ਬਚਾਇਆ ਜਾ ਸਕੇਗਾ। ਉਨਾਂ ਦੱਸਿਆ ਕਿ ਉਹ ਖੁਦ ਇਸ ਕੰਮ ਦੀ ਪ੍ਰਗਤੀ ਦਾ ਰੋਜ਼ਾਨਾ ਦੇ ਆਧਾਰ ਦੇ ਜਾਇਜ਼ਾ ਲੈਂਦੇ ਹਨ ਤਾਂ ਜੋ ਇਸ ਕੰਮ ਨੂੰ ਅਗਸਤ ਦੇ ਪਹਿਲੇ ਹਫਤੇ ਤੱਕ ਮੁਕੰਮਲ ਕੀਤਾ ਜਾ ਸਕੇ।

ਕੁੱਲ 15 ਲੱਖ 63 ਹਜ਼ਾਰ ਦੀ ਰਕਮ ਵਿਚੋਂ 12 ਲੱਖ 41 ਹਜ਼ਾਰ ਲੇਬਰ ਦਾ ਖਰਚ ਹੋਵੇਗਾ ਜਦਕਿ ਬੋਰਿਆਂ, ਤਾਰਾਂ ਆਦਿ ਦਾ ਖਰਚ 3 ਲੱਖ 21 ਹਜ਼ਾਰ ਹੋਵੇਗਾ। ਇਸ ਤੋਂ ਇਲਾਵਾ ਇਕ ਲੱਖ ਤੋਂ ਜਿਆਦਾ ਸੀਮੇਂਟ ਵਾਲੇ ਬੋਰਿਆਂ ਨੂੰ ਮਿੱਟੀ ਨਾਲ ਭਰਕੇ ਬੰਨ ਦੇ ਕੰਢਿਆਂ ‘ਤੇ ਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ 1756 ਕਿਲੋ ਜਾਲ ਬੰਨਣ ਵਾਲੀ ਤਾਰ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਸਦੀ ਸਹਾਇਤਾ ਨਾਲ ਬੋਰਿਆਂ ਤੇ ਪੱਥਰਾਂ ਦੇ ਗਰਿੱਡ ਬਣਾਕੇ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਗਿੱਦੜਪਿੰਡੀ ਤੇ ਨੇੜਲੇ ਪਿੰਡਾਂ ਵਿਚ ਵੱਡਾ ਨੁਕਾਸਨ ਹੋਇਆ ਸੀ ਜਿਸਦਾ ਮੁੱਖ ਕਾਰਨ ਦਰਿਆ ਕੰਢੇ ਬੰਨ ਦਾ ਕਮਜ਼ੋਰ ਹੋਣਾ ਸੀ।

Previous articleਵਿਧਾਇਕ ਚੀਮਾ ਵਲੋਂ ਪਵਿੱਤਰ ਵੇਈਂ ‘ਤੇ ਪੌਦੇ ਲਗਾਉਣ ਦੀ ਸ਼ੁਰੂਆਤ
Next articleਮੰਤਰੀ ਨੂੰ ਪਾਠ ਪੜ੍ਹਾ ਗਈ ਇਕ ਸਿੰਘਮ ਲੜਕੀ