ਹੋਟਲ, ਰੈਸਤਰਾਂ ਤੇ ਧਾਰਮਿਕ ਥਾਵਾਂ ਖੁੱਲ੍ਹਣ ਦੇ ਆਸਾਰ

ਚੰਡੀਗੜ੍ਹ (ਸਮਾਜਵੀਕਲੀ)- ਕੇਂਦਰ ਸਰਕਾਰ ਨੇ ਲੌਕਡਾਊਨ-5 ਨੂੰ ਪਹਿਲੀ ਜੂਨ ਤੋਂ 30 ਜੂਨ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਕੁਝ ਢਿੱਲਾਂ ਦੇਣ ਦੀ ਵੀ ਖੁੱਲ੍ਹ ਦਿੱਤੀ ਗਈ ਹੈ ਜਿਸ ਮਗਰੋਂ ਯੂਟੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਪ੍ਰਸ਼ਾਸਨਿਕ ਸੂਤਰਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੂਨ ਦੇ ਪਹਿਲੇ ਹਫ਼ਤੇ ਤੋਂ ਹੋਟਲ, ਰੈਸਤਰਾਂ ਅਤੇ ਧਾਰਮਿਕ ਸਥਾਨਾਂ ਨੂੰ ਕੁਝ ਸ਼ਰਤਾਂ ’ਤੇ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਇਸ ਬਾਰੇ ਅਧਿਕਾਰਤ ਤੌਰ ’ਤੇ ਐਲਾਨ ਯੂਟੀ ਪ੍ਰਸ਼ਾਸਨ ਵੱਲੋਂ ਐਤਵਾਰ ਨੂੰ ਕੀਤਾ ਜਾ ਸਕਦਾ ਹੈ।

ਪ੍ਰਸ਼ਾਸਨ ਨੇ ਲੌਕਡਾਊਨ-4 ਦੌਰਾਨ ਕਈ ਖੇਤਰਾਂ ਵਿੱਚ ਢਿੱਲ ਦਿੰਦੀਆਂ ਸਨਅਤਾਂ ਦੇ ਨਾਲ-ਨਾਲ ਰੈਸਤਰਾਂ ਅਤੇ ਹਲਵਾਈ ਦੀਆਂ ਦੁਕਾਨਾਂ ਤੋਂ ਖਾਣ-ਪੀਣ ਵਾਲਾ ਸਾਮਾਨ ਪੈਕ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਸੀ। ਪਰ ਹੁਣ ਕੇਂਦਰ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਯੂਟੀ ਪ੍ਰਸ਼ਾਸਨ ਸ਼ਹਿਰ ਵਿਚਲੇ ਰੈਸਤਰਾਂ ਤੇ ਹੋਟਲਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦੇ ਸਕਦਾ ਹੈ ਜਦਕਿ ਸ਼ੌਪਿੰਗ ਮਾਲਜ਼ ਤੇ ਸਿਨੇਮਾਘਰਾਂ ਨੂੰ ਬੰਦ ਰੱਖਿਆ ਜਾਵੇਗਾ।

ਯੂਟੀ ਪ੍ਰਸ਼ਾਸਨ ਬਾਪੂਧਾਮ ਕਲੋਨੀ ਨੂੰ ਛੱਡ ਕੇ ਬਾਕੀ ਸ਼ਹਿਰ ਵਿੱਚ ਢਿੱਲਾਂ ਦੇ ਸਕਦਾ ਹੈ ਜਦਕਿ ਜਿਮ ਤੇ ਸਵੀਮਿੰਗ ਪੂਲਾਂ ਦੀ ਵਰਤੋਂ ’ਤੇ ਪਾਬੰਦੀ ਜਾਰੀ ਰਹਿਣ ਦੇ ਆਸਾਰ ਹਨ। ਇਸ ਸਬੰਧ ਵਿੱਚ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

Previous articleਦੇਸ਼ ਦਾ ਮਾਣ ਘਟਣ ਨਹੀਂ ਦੇਵਾਂਗੇ: ਰਾਜਨਾਥ
Next articleਅਮਰੀਕਾ ਡਬਲਿਊਐਚਓ ਨਾਲੋਂ ਨਾਤਾ ਤੋੜੇਗਾ: ਟਰੰਪ