ਹੈਰੋਇਨ ਤੇ ਪਿਸਤੌਲ ਸਮੇਤ ਨਾਮੀ ਤਸਕਰ ਗ੍ਰਿਫਤਾਰ

  • ਕਤਲ, ਅਸਲਾ ਐਕਟ, ਤਸਕਰੀ ਦੇ ਅਨੇਕਾਂ ਮਾਮਲੇ ਪਹਿਲਾਂ ਵੀ ਹਨ ਦਰਜ

  • ਫਿਲੌਰ, ਜੰਡਿਆਲਾ ਗੁਰੂ ਤੇ ਹੋਰ ਥਾਣਿਆਂ ਨੂੰ ਵੱਖ-ਵੱਖ ਮਾਮਲਿਆਂ ਵਿਚ ਸੀ ਲੋੜੀਂਦਾ

ਕਪੂਰਥਲਾ (ਕੌੜਾ) (ਸਮਾਜ ਵੀਕਲੀ)-  ਕਪੂਰਥਲਾ ਪੁਲਿਸ ਵਲੋਂ ਇਹ ਅਹਿਮ ਕਾਰਵਾਈ ਤਹਿਤ ਹੈਰੋਇਨ ਤੇ ਨਜ਼ਾਇਜ ਪਿਸਤੌਲ ਤੇ ਜਿੰਦਾ ਕਾਰਤੂਸਾਂ ਸਮੇਤ ਇਕ ਨਾਮੀ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਉਸਦਾ ਇਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਜਿਸਦੀ ਪਛਾਣ ਕਰ ਲਈ ਗਈ ਹੈ। ਐਸ.ਐਸ.ਪੀ. ਕਪੂਰਥਲਾ ਸ. ਸਤਿੰਦਰ ਸਿੰਘ ਨੇ ਦੱਸਿਆ ਕਿ  ਸੁਲਤਾਨਪੁਰ ਲੋਧੀ ਪੁਲਿਸ ਵਲੋਂ ਤਲਵੰਡੀ ਚੌਧਰੀਆਂ ਪੁਲ ਉੱਪਰ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ‘ਤੇ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ।

ਜਿਸ ਕਾਰਨ ਟਰਸਾਇਕਲ ਚਲਾ ਰਿਹਾ ਨੌਜਵਾਨ ਫਰਾਰ ਹੋ ਗਿਆ ਜਦਕਿ ਪਿੱਛੇ ਬੈਠਾ ਨੌਜਵਾਨ ਡਿੱਗ ਪਿਆ, ਜਿਸਦੀ ਪਛਾਣ ਜੁਗਰਾਜ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਜੋਤੀਸਰ ਕਲੋਨੀ, ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਕੋਲੋਂ ਬਰਾਮਦ ਕੀਤੀ ਗਈ ਕਿੱਟ ਦੀ ਤਲਾਸ਼ੀ ਲੈਣ ‘ਤੇ ਇਕ ਕਿਲੋ 10 ਗ੍ਰਾਮ ਹੈਰੋਇਨ, ਉਸਦੇ ਡੱਬ ਵਿਚੋਂ ਇਕ ਪਿਸਟਲ 7.65 ਬੋਰ 32, ਇਕ ਮੈਗਜ਼ੀਨ, 7 ਜਿੰਦਾ ਕਾਰਤੂਸ 7.65 ਬੋਰ 32 ਦੇ ਬਰਾਮਦ ਹੋਏ ਹਨ। ਉਨਾਂ ਦੱਸਿਆ ਕਿ ਮੌਕੇ ਤੋਂ ਫਰਾਰ ਹੋਏ ਵਿਅਕਤੀ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਜੁਗਨੂੰ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਨੱਥੂਪੁਰ, ਥਾਣਾ ਤਲਵੰਡੀ ਚੌਧਰੀਆਂ ਜਿਲਾ ਕਪੂਰਥਲਾ ਦੇ ਤੌਰ ‘ਤੇ ਹੋਈ ਹੈ।

ਜ਼ਿਕਰਯੋਗ ਹੈ ਕਿ ਜੁਗਰਾਜ ਸਿੰਘ ਦੇ ਖਿਲਾਫ ਪਹਿਲਾਂ ਵੀ ਸੰਗੀਨ ਅਪਰਾਧਾਂ ਦੇ ਅਨੇਕਾਂ ਮਾਮਲੇ ਦਰਜ ਹਨ, ਜਿਸ ਵਿਚ ਥਾਣਾ ਫਿਲੌਰ ਵਿਖੇ ਅਸਲਾ ਐਕਟ ਤਹਿਤ 31 ਅਕਤੂਬਰ 2019 ਨੂੰ ਦਰਜ ਕੇਸ, ਜਲੰਧਰ ਵਿਖੇ ਹਰਪ੍ਰੀਤ ਸਿੰਘ ਉਰਫ ਚਿੰਟੂ ਦਾ ਕਤਲ ਕਰਨ ਸਬੰਧੀ ਅਤੇ ਜੰਡਿਆਲਾ ਗੁਰੂ ਵਿਖੇ ਇਕ ਵਿਅਕਤੀ ਨੂੰ ਕਤਲ ਕਰਨ ਦੇ ਮਕਸਦ ਨਾਲ ਫਾਇਰ ਕਰਨ ਸਬੰਧੀ ਮਾਮਲੇ ਦਰਜ ਹਨ।

ਐਸ.ਐਸ.ਪੀ. ਨੇ ਦਸਿਆ ਕਿ ਇਹ ਵਿਅਕਤੀ ਉਪਰੋਕਤ ਦਿੱਤੇ  ਮਾਮਲਿਆਂ ਵਿਚ ਵੱਖ-ਵੱਖ ਥਾਣਿਆਂ ਨੂੰ ਲੋੜੀਂਦਾ ਸੀ, ਜਿਸਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਸੀ। ਉਨਾਂ ਕਿਹਾ ਕਿ ਫਰਾਰ ਹੋਏ ਵਿਅਕਤੀ ਨੂੰ ਵੀ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ  ਕਿਹਾ ਕਿ ਗ੍ਰਿਫਤਾਰ ਕੀਤੇ ਗਏ ਜੁਗਰਾਜ ਸਿੰਘ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਸਨੂੰ ਨਸ਼ਾ ਤੇ ਹਥਿਆਰ ਸਪਲਾਈ ਕਰਨ ਵਾਲੇ ਦੇ ਨਾਲ-ਨਾਲ ਨਸ਼ੇ ਦੇ ਗਾਹਕਾਂ ਨੂੰ ਵੀ ਕਾਬੂ ਕੀਤਾ ਜਾ ਸਕੇ।

Previous articleਯੂ.ਕੇ-ਕੋਰੋਨਾ ਮਹਾਮਾਰੀ ਨਾਲ ਜੂਝ ਰਹੇ 9 ਲੱਖ ਕਾਮਿਆਂ ਦੀ ਤਨਖ਼ਾਹ ‘ਚ ਵਾਧਾ
Next articleਪਾਣੀ ਦੀ ਸ਼ਕਤੀ