ਹੈਦਰਾਬਾਦ ਵਿੱਚ ਦੋ ਰੇਲਗੱਡੀਆਂ ਦੀ ਆਹਮੋ-ਸਾਹਮਣੀ ਟੱਕਰ, 16 ਜ਼ਖ਼ਮੀ

ਹੈਦਰਾਬਾਦ– ਇਥੇ ਕਾਚੇਗੁੜਾ ਰੇਲਵੇ ਸਟੇਸ਼ਨ ’ਤੇ ਦੋ ਰੇਲਗੱਡੀਆਂ ਦੀ ਆਹਮੋ-ਸਾਹਮਣੀ ਟੱਕਰ ਵਿੱਚ 16 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਇਕ ਗੱਡੀ ਦਾ ਡਰਾਈਵਰ ਵੀ ਸ਼ਾਮਲ ਹੈ, ਜੋ ਟੱਕਰ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਗਏ ਡਰਾਈਵਰ ਕੈਬਿਨ ਵਿੱਚ ਫਸ ਗਿਆ। ਉਸਨੂੰ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਬਾਹਰ ਕੱਢਿਆ ਗਿਆ। ਹਾਦਸੇ ਵਿੱਚ ਉਹਦੀਆਂ ਲੱਤਾਂ ’ਚ ਗੰਭੀਰ ਸੱਟਾਂ ਲੱਗੀਆਂ ਹਨ।
ਉਂਜ, ਟੱਕਰ ਮੌਕੇ ਦੋਵੇਂ ਰੇਲਗੱਡੀਆਂ ਦੀ ਰਫ਼ਤਾਰ ਘੱਟ ਹੋਣ ਕਰਕੇ ਵੱਡੇ ਜਾਂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਰੇਲਵੇ ਨੇ ਹਾਦਸੇ ਦੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਰੇਲ ਮੰਤਰੀ ਪਿਯੂਸ਼ ਗੋਇਲ ਨੇ ਮਾਮੂਲੀ ਜ਼ਖ਼ਮੀਆਂ ਲਈ ਪੰਜ ਹਜ਼ਾਰ ਜਦੋਂਕਿ ਗੰਭੀਰ ਸੱਟਾਂ ਵਾਲੇ ਮੁਸਾਫ਼ਰਾਂ ਲਈ 25000 ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਦੱਖਣੀ ਕੇਂਦਰੀ ਰੇਲਵੇ (ਐੱਸਸੀਆਰ) ਅਧਿਕਾਰੀਆਂ ਨੇ ਕਿਹਾ ਕਿ ਲਿੰਗਮਪਾਲੀ-ਫਲਕਨੁਮਾ ਮਲਟੀ-ਮੋਡਲ ਟਰਾਂਸਪੋਰਟ ਸਿਸਟਮ (ਐੱਮਐੱਮਟੀਐੱਸ) ਅਤੇ ਦੀ ਕੁਰਨੂਲ-ਸਿਕੰਦਰਾਬਾਦ ਹੰਡਰੀ ਇੰਟਰਸਿਟੀ ਐਕਸਪ੍ਰੈੱਸ (17028) ਦੀ ਹੋਈ ਆਹਮੋ-ਸਾਹਮਣੀ ਟੱਕਰ ਦੌਰਾਨ 16 ਮੁਸਾਫ਼ਰ ਜ਼ਖ਼ਮੀ ਹੋ ਗਏ।
ਅਧਿਕਾਰੀ ਮੁਤਾਬਕ ਹਾਦਸਾ ਐੱਮਐੱਮਟੀਐੱਸ ਰੇਲਗੱਡੀ ਦੇ ਡਰਾਈਵਰ ਵੱਲੋਂ ਸਿਗਨਲ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਰਕੇ ਵਾਪਰਿਆ। ਹਾਦਸੇ ਮਗਰੋਂ ਇਕ ਰੇਲਗੱਡੀ ਰੱਦ ਕੀਤੀ ਗਈ ਜਦੋਂਕਿ ਕੁਝ ਨੂੰ ਦੂਜੇ ਰਸਤਿਓਂ ਲੰਘਾਇਆ ਗਿਆ।

Previous articleਛੇ ਘੰਟੇ ਫਸੇ ਰਹੇ ਕੇਂਦਰੀ ਮੰਤਰੀ ਪੋਖਰਿਆਲ
Next articleਪੀਐੱਮਸੀ ਬੈਂਕ ਘੁਟਾਲੇ ਨੇ ਮਹਾਰਾਸ਼ਟਰ ਦੇ ਸਿੱਖਾਂ ਦੇ ਚਾਅ ਰੋਲ਼ੇ