ਹੁਣ ਤੱਕ 50 ਹਜ਼ਾਰ ਤੋਂ ਵੱਧ ਅਮਰੀਕੀ ਵਾਪਸ ਲਿਆਂਦੇ: ਪੌਂਪੀਓ

ਵਾਸ਼ਿੰਗਟਨ  (ਸਮਾਜਵੀਕਲੀ)ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਤੱਕ ਵੱਖ ਵੱਖ ਮੁਲਕਾਂ ’ਚ ਕਰੋਨਾਵਾਇਰਸ ਕਾਰਨ ਫਸੇ 50 ਹਜ਼ਾਰ ਤੋਂ ਵੱਧ ਅਮਰੀਕੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਹੈ।

ਵ੍ਹਾਈਟ ਹਾਊਸ ’ਚ ਕਰੋਨਾਵਾਇਰਸ ਬਾਰੇ ਟਾਕਸ ਫੋਰਸ ਨੂੰ ਸੰਬੋਧਨ ਕਰਦਿਆਂ ਪੌਂਪੀਓ ਨੇ ਕਿਹਾ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਕਾਰਨ ਦੁਨੀਆਂ ਦੇ 90 ਮੁਲਕਾਂ ’ਚ ਫਸੇ ਅਮਰੀਕੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵਿਦੇਸ਼ ਵਿਭਾਗ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਰੀ ਹਨ।

ਉਨ੍ਹਾਂ ਕਿਹਾ ਕਿ 29 ਜਨਵਰੀ ਤੋਂ ਲੈ ਕੇ ਹੁਣ ਤੱਕ 50 ਹਜ਼ਾਰ ਤੋਂ ਵੱਧ ਅਮਰੀਕੀ ਨਾਗਰਿਕਾਂ ਨੂੰ ਵਾਪਸ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ ਹੈ ਅਤੇ ਇਸ ਲਈ ਅਮਰੀਕਾ ਨੇ ਵੱਖ ਵੱਖ ਮੁਲਕਾਂ ਲਈ 490 ਉਡਾਣਾਂ ਚਲਾਈਆਂ ਸਨ। ਉਨ੍ਹਾਂ ਕਿਹਾ, ‘ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਉਨ੍ਹਾਂ ਵੱਲੋਂ ਅੱਜ ਤੱਕ ਦਾ ਮਾਰਿਆ ਗਿਆ ਸਭ ਤੋਂ ਵੱਡਾ ਹੰਭਲਾ ਹੈ।

ਅਸੀਂ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ, ਫੌਜਾਂ, ਹਵਾਈ ਸੇਵਾ ਅਥਾਰਿਟੀਆਂ, ਮੈਡੀਕਲ ਇਕਾਈਆਂ, ਟਰਾਂਸਪੋਰਟ ਕੰਪਨੀਆਂ ਤੇ ਹੋਟਲਾਂ ਨਾਲ ਸੰਪਰਕ ਕਰ ਰਹੇ ਹਾਂ ਤਾਂ ਜੋ ਅਮਰੀਕੀ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਜਾ ਸਕੇ।’ ਹਾਲਾਂਕਿ ਪੌਂਪੀਓ ਨੇ ਇਸ ਵਿੱਚ ਭਾਰਤ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਨਹੀਂ ਕੀਤਾ ਜਿੱਥੋਂ ਇੱਕ ਹਜ਼ਾਰ ਤੋਂ ਵੱਧ ਅਮਰੀਕੀਆਂ ਨੂੰ ਵਾਪਸ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਪਸੀ ਮੁਹਿੰਮ ਦੀਆਂ ਕਈ ਦਿਲਚਸਪ ਕਹਾਣੀਆਂ ਵੀ ਹਨ।

Previous articleਇਕ ਦੂਜੇ ’ਤੇ ਦੋਸ਼ ਮੜ੍ਹਨ ਦੀ ਥਾਂ ਮਿਲ ਕੇ ਲੜਨ ਦਾ ਵੇਲਾ: ਡਬਲਿਊਐੱਚਓ
Next articleਕਰੋਨਾ ਦੀ ਰੋਕਥਾਮ ਲਈ ਬੰਗਾਲੀ ਮਾਰਕੀਟ ਸੀਲ