ਹਾਲਾਤ ਮੁਤਾਬਕ ਲਵਾਂਗੇ ਲੌਕਡਾਊਨ ਬਾਰੇ ਫ਼ੈਸਲਾ: ਅਮਰਿੰਦਰ

ਚੰਡੀਗੜ੍ਹ (ਸਮਾਜਵੀਕਲੀ) :  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ 30 ਜੂਨ ਤੋਂ ਬਾਅਦ ਸੂਬੇ ਵਿੱਚ ਲੌਕਡਾਊਨ ਦਾ ਫ਼ੈਸਲਾ ਸਥਿਤੀ ’ਤੇ ਨਿਰਭਰ ਹੋਵੇਗਾ ਅਤੇ ਕੋਵਿਡ ਦਾ ਫੈਲਾਅ ਰੋਕਣ ਵਿੱਚ ਜੋ ਵੀ ਕਦਮ ਚੁੱਕਣ ਦੀ ਲੋੜ ਹੋਈ, ਉਹ ਉਸ ਲਈ ਪੂਰੀ ਤਰ੍ਹਾਂ ਤਿਆਰ ਹਨ।

‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੀ ਅਗਲੀ ਲੜੀ ਤਹਿਤ ਫੇਸਬੁੱਕ ਲਾਈਵ ਦੌਰਾਨ ਮੁੱਖ ਮੰਤਰੀ ਨੇ ਲੌਕਡਾਊਨ ਬਾਰੇ ਲੁਧਿਆਣਾ ਦੀ ਵਸਨੀਕ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ‘‘ਇਹ ਤੁਹਾਡੇ ਹੱਥ-ਵੱਸ ਹੈ। ਜੇ ਅਸੀਂ ਮਹਾਮਾਰੀ ਨੂੰ ਕਾਬੂ ਕਰਨ ਦੇ ਸਮਰੱਥ ਹੋ ਜਾਂਦੇ ਹਾਂ ਤਾਂ ਲੌਕਡਾਊਨ ਦੀ ਕੋਈ ਲੋੜ ਨਹੀਂ ਰਹੇਗੀ ਪਰ ਜੇਕਰ ਸਥਿਤੀ ਕਾਬੂ ਤੋਂ ਬਾਹਰ ਹੋਈ ਤਾਂ ਹੋਰ ਕੋਈ ਰਾਹ ਨਹੀਂ ਬਚੇਗਾ।’’

ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਭਰ ਵਿੱਚ ਕਰੋਨਾਵਾਇਰਸ ਦੇ ਕੇਸ ਵਧਣ ਕਰ ਕੇ ਜਨਤਕ ਤੌਰ ’ਤੇ ਮਾਸਕ ਪਹਿਨਣ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਇਕੱਲੇ ਸ਼ੁੱਕਰਵਾਰ ਨੂੰ ਮਾਸਕ ਨਾ ਪਹਿਨਣ ’ਤੇ 4,024 ਲੋਕਾਂ ਦਾ ਚਲਾਨ ਕੀਤਾ ਗਿਆ ਅਤੇ 45 ਲੋਕਾਂ ਦਾ ਜਨਤਕ ਤੌਰ ’ਤੇ ਥੁੱਕਣ ਕਰ ਕੇ ਚਲਾਨ ਕੀਤਾ ਗਿਆ। ਮਾਸਕ ਨਾ ਪਹਿਨਣਾ, ਸਮਾਜਿਕ ਵਿੱਥ ਨਾ ਰੱਖਣਾ ਜਾਂ ਜਨਤਕ ਤੌਰ ’ਤੇ ਥੁੱਕਣਾ ਸਮਾਜ ਵਿਰੋਧੀ ਕਾਰਵਾਈਆਂ ਹਨ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ, ਸੁਰੱਖਿਆ ਉਪਾਵਾਂ ਨੂੰ ਅਪਣਾਉਣ ਅਤੇ ਸਿਹਤ ਮਾਹਿਰਾਂ ਦੀ ਸਲਾਹ ਮੰਨਣ ਦੀ ਅਪੀਲ ਕੀਤੀ ਤਾਂ ਜੋ ਲਾਗ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।

ਕੈਪਟਨ ਨੇ ਦੱਸਿਆ ਕਿ ਸੂਬਾ ਸਰਕਾਰ ਕਰੋਨਾ ਟੈਸਟਿੰਗ ਸਮਰੱਥਾ ਲਗਾਤਾਰ ਵਧਾ ਰਹੀ ਹੈ। ਹੁਸ਼ਿਆਰਪੁਰ ਵਾਸੀ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਮਹੀਨੇ ਦੇ ਅਖ਼ੀਰ ਤੱਕ ਪੰਜਾਬ ਵਿੱਚ ਟੈਸਟਿੰਗ ਦੀ ਪ੍ਰਤੀ ਦਿਨ ਸਮਰੱਥਾ 20 ਹਜ਼ਾਰ ਹੋ ਜਾਵੇਗੀ। ਕੈਬਨਿਟ ਨੇ ਹਾਲ ਹੀ ਵਿੱਚ ਚਾਰ ਹੋਰ ਟੈਸਟਿੰਗ ਲੈਬਾਰਟਰੀਆਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਅਗਲੇ ਕੁਝ ਦਿਨਾਂ ਵਿੱਚ ਦੋ-ਗੁਣਾ ਟੈਸਟਿੰਗ ਵਧ ਜਾਵੇਗੀ।

ਪ੍ਰਾਈਵੇਟ ਹਸਪਤਾਲਾਂ ਵੱਲੋਂ ਕੋਵਿਡ ਮਰੀਜ਼ਾਂ ਕੋਲੋਂ ਵੱਧ ਫੀਸ ਵਸੂਲੇ ਜਾਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਦੀਆਂ ਕੀਮਤਾਂ ਤੈਅ ਕਰਨ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਐਸੋਸੀਏਸ਼ਨਾਂ ਦੇ ਮੈਂਬਰ ਇਸ ਮੁੱਦੇ ’ਤੇ ਉਨ੍ਹਾਂ ਨਾਲ ਮਿਲ ਕੇ ਵਿਚਾਰ-ਵਟਾਂਦਰਾ ਕਰਨਾ ਚਾਹੁੰਦੀਆਂ ਹਨ। ਉਹ ਨਿਸ਼ਚਿਤ ਤੌਰ ’ਤੇ ਇਸ ਔਖੇ ਸਮੇਂ ਲੋਕਾਂ ਦੀ ਜ਼ਿੰਦਗੀ ਅਤੇ ਸਿਹਤ ਉਤੇ ਮੁਨਾਫਾ ਕਮਾਉਣ ਦੀ ਆਗਿਆ ਨਹੀਂ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜ਼ਾਂ ਦਾ ਸਾਰਾ ਇਲਾਜ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।

ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਪ੍ਰੀਖਿਆਵਾਂ ਲੈਣ ਜਾਂ ਰੱਦ ਕਰਨ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਊਪ-ਕੁਲਪਤੀ ਸਿੱਖਿਆ ਵਿਭਾਗ ਨਾਲ ਮੀਟਿੰਗ ਕਰਨਗੇ ਅਤੇ ਇਸ ਮਾਮਲੇ ਵਿੱਚ ਯੂਜੀਸੀ ਤੋਂ ਦਿਸ਼ਾ-ਨਿਰਦੇਸ਼ ਲੈਣਗੇ। ਉਸ ਅਨੁਸਾਰ ਅੰਤਿਮ ਫ਼ੈਸਲਾ ਦੋ ਦਿਨਾਂ ਦੇ ਅੰਦਰ ਕੀਤਾ ਜਾਵੇਗਾ। ਜਿੰਮ ਖੋਲ੍ਹਣ ਦੀ ਅਪੀਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ ਕਿਉਂਕਿ ਕੌਮੀ ਆਫ਼ਤ ਪ੍ਰਬੰਧਨ ਐਕਟ ਲੱਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁੱਦੇ ਉਤੇ ਅੱਜ ਤੱਕ 1700 ਸਵਾਲ ਆਏ ਹਨ। ਜਿੰਮ ਵਿੱਚ ਵਾਇਰਸ ਦੇ ਅੱਗੇ ਵਧਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਪਠਾਨਕੋਟ ਵਾਸੀ ਵੱਲੋਂ ਸਾਰੇ ਜਮ੍ਹਾਂ ਕਰਤਾਵਾਂ ਦੇ ਹਿੰਦੂ ਸਹਿਕਾਰੀ ਬੈਂਕ ਵਿੱਚ ਆਪਣੀ ਮਿਹਨਤ ਨਾਲ ਕਮਾਏ ਪੈਸੇ ਗੁਆਉਣ ਦੀ ਚਿੰਤਾ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਵਿਭਾਗ ਨੇ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਲਈ ਅਧਿਕਾਰੀ ਨਿਯੁਕਤ ਕੀਤਾ ਹੈ। ਉਨ੍ਹਾਂ ਜਮ੍ਹਾਂ ਕਰਤਾਵਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਨਿਵੇਸ਼ ਸੁਰੱਖਿਅਤ ਰਹੇਗਾ। ਕੈਨੇਡਾ ਵਸਦੇ ਇੱਕ ਪੰਜਾਬੀ ਨੇ ਬੇਨਤੀ ਕੀਤੀ ਕਿ ਬਠਿੰਡਾ ਥਰਮਲ ਪਲਾਂਟ ਦੀਆਂ ਚਿਮਨੀਆਂ ਨੂੰ ਢਾਹਿਆ ਨਾ ਜਾਵੇ ਬਲਕਿ ਹੈਰੀਟੇਜ ਵਿਭਾਗ ਨੂੰ ਵਿਰਾਸਤ ਵਜੋਂ ਸੌਂਪਿਆ ਜਾਵੇ।

ਇਸ ’ਤੇ ਮੁੱਖ ਮੰਤਰੀ ਨੇ ਵਿਚਾਰ-ਵਟਾਂਦਰਾ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਿਰਾਸਤ ਦੀ ਰੱਖਿਆ ਦੀ ਚਾਹਵਾਨ ਹੈ। ਐੱਸ.ਐੱਸ.ਬੀ. ਵੱਲੋਂ ਪਟਵਾਰੀ ਦੀਆਂ 1190 ਅਸਾਮੀਆਂ ਦੀ ਭਰਤੀ ਸਬੰਧੀ ਮੁੱਖ ਮੰਤਰੀ ਨੇ ਅੰਮ੍ਰਿਤਸਰ ਵਾਸੀ ਦੀਆਂ ਚਿੰਤਾਵਾਂ ਦੂਰ ਕਰਨ ਲਈ ਇੰਟਰਵਿਊ ਜਲਦੀ ਕਰਵਾਏ ਜਾਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਜਨਰਲ ਸ਼੍ਰੇਣੀ ਲਈ ਡੀ.ਐੱਸ.ਪੀਜ਼ ਅਤੇ ਸਬ-ਇੰਸਪੈਕਟਰ ਦੀ ਭਰਤੀ ਲਈ ਉਚ ਉਮਰ ਹੱਦ 28 ਤੋਂ ਵਧਾ ਕੇ 32 ਸਾਲ ਕਰਨ ਦੇ ਮੁੱਦੇ ਨੂੰ ਮੰਤਰੀ ਮੰਡਲ ਕੋਲ ਉਠਾਉਣ ਸਬੰਧੀ ਸਹਿਮਤ ਦਿੱਤੀ।

Previous articleShah, Kejriwal visits Sardar Patel Covid Centre
Next articleਪਾਕਿਸਤਾਨ ਭਲਕ ਤੋਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਤਿਆਰ