ਹਾਰਦਿਕ ਪਟੇਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਗੁਜਰਾਤ ਦੀ ਹੇਠਲੀ ਅਦਾਲਤ ਨੇ ਕਾਂਗਰਸ ਆਗੂ ਅਤੇ ਪਾਟੀਦਾਰ ਰਾਖਵੇਂਕਰਨ ਦੇ ਝੰਡਾਬਰਦਾਰ ਹਾਰਦਿਕ ਪਟੇਲ ਵੱਲੋਂ 2015 ਦੇ ਦੇਸ਼ਧ੍ਰੋਹ ਕੇਸ ’ਚ ਪੇਸ਼ੀ ਨਾ ਭੁਗਤਣ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਵਧੀਕ ਸੈਸ਼ਨ ਜੱਜ ਬੀ ਜੀ ਗਨਾਤਰਾ ਦੀ ਅਗਵਾਈ ਹੇਠਲੀ ਅਦਾਲਤ ਨੇ 20 ਦਿਨਾਂ ਦੇ ਅੰਦਰ ਦੂਜੀ ਵਾਰ ਪਟੇਲ ਖ਼ਿਲਾਫ਼ ਗ਼ੈਰਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ 18 ਜਨਵਰੀ ਨੂੰ ਪਟੇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਚਾਰ ਦਿਨ ਬਾਅਦ ਅਦਾਲਤ ਨੇ ਪਟੇਲ ਨੂੰ ਸ਼ਰਤ ਸਹਿਤ ਜ਼ਮਾਨਤ ਦੇ ਦਿੱਤੀ ਸੀ। ਉਸ ਸਮੇਂ ਅਦਾਲਤ ਦਾ ਰੁਖ ਸੀ ਕਿ ਪਟੇਲ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕਰ ਰਿਹਾ ਹੈ ਅਤੇ ਗ਼ੈਰਹਾਜ਼ਰ ਰਹਿ ਕੇ ਅਦਾਲਤੀ ਕਾਰਵਾਈ ’ਚ ਸਹਿਯੋਗ ਨਹੀਂ ਦੇ ਰਿਹਾ। ਹੁਣ ਪਟੇਲ ਸ਼ੁੱਕਰਵਾਰ ਨੂੰ ਮੁੜ ਅਦਾਲਤ ’ਚ ਪੇਸ਼ ਨਹੀਂ ਹੋਇਆ ਜਿਸ ਮਗਰੋਂ ਨਵੇਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਹਾਰਦਿਕ ਦੇ ਵਕੀਲ ਨੇ ਦਲੀਲ ਦਿੱਤੀ ਕਿ ਦੂਜੇ ਮਾਮਲੇ ’ਚ ਉਸ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਬਕਾਇਆ ਪਈ ਹੈ ਅਤੇ ਜੇਕਰ ਉਹ ਪੇਸ਼ ਹੋਇਆ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਅਦਾਲਤ ਨੇ ਇਸ ਦਲੀਲ ਨੂੰ ਨਹੀਂ ਮੰਨਿਆ। ਕੁੱਲ ਮਿਲਾ ਕੇ ਪਟੇਲ 20 ਤੋਂ ਵੱਧ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਜਿਨ੍ਹਾਂ ’ਚੋਂ ਦੋ ਦੇਸ਼ਧ੍ਰੋਹ ਦੇ ਕੇਸ ਹਨ।

Previous articleਘੱਟ ਨੰਬਰਾਂ ਵਾਲੇ ਵਿਦਿਆਰਥੀ ਨੂੰ ਪਾਸ ਕਰਨ ਲਈ ਨਵਾਂ ਫ਼ਾਰਮੂਲਾ ਤਿਆਰ
Next articleਭਾਰਤ ਸਾਹਮਣੇ ਬੈਲਜੀਅਮ ਦੀ ਸਖ਼ਤ ਚੁਣੌਤੀ