ਹਾਂਗਕਾਂਗ: ਵਿਦਿਆਰਥੀਆਂ ਵਲੋਂ ਦੋ ਹਫ਼ਤਿਆਂ ਲਈ ਕਲਾਸਾਂ ਦੇ ਬਾਈਕਾਟ ਦਾ ਐਲਾਨ

ਹਾਂਗਕਾਂਗ ਦੇ ਵਿਦਿਆਰਥੀ ਆਗੂਆਂ ਨੇ ਸਤੰਬਰ ਵਿੱਚ ਸ਼ੁਰੂ ਹੋਣ ਵਾਲੀ ਨਵੀਂ ਵਿਦਿਅਕ ਟਰਮ ਤੋਂ ਦੋ ਹਫ਼ਤਿਆਂ ਲਈ ਕਲਾਸਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਸੜਕਾਂ ’ਤੇ ਉੱਤਰੇ ਪ੍ਰਦਰਸ਼ਨਕਾਰੀਆਂ ਦੇ ਹੱਕ ਵਿੱਚ ਅਤੇ ਸਰਕਾਰ ’ਤੇ ਦਬਾਅ ਬਣਾਉਣ ਲਈ ਕੀਤਾ ਗਿਆ ਹੈ।
ਇਸ ਵਿੱਤੀ ਕੇਂਦਰ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਲੋਕਤੰਤਰ-ਪੱਖੀ ਪ੍ਰਦਰਸ਼ਨਕਾਰੀਆਂ ਵਲੋਂ ਲਗਭਗ ਰੋਜ਼ਾਨਾ ਕੀਤੇ ਜਾ ਰਹੇ ਰੋਸ-ਪ੍ਰਦਰਸ਼ਨਾਂ ਵਿੱਚ ਵੱਡੀ ਗਿਣਤੀ ਵਿਦਿਆਰਥੀ ਭਾਗ ਲੈ ਰਹੇ ਹਨ। ਸ਼ਹਿਰ ਦੀਆਂ ਮੁੱਖ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਦੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸਤੰਬਰ ਤੋਂ ਸ਼ੁਰੂ ਹੋਣ ਵਾਲੀ ਨਵੀਂ ਟਰਮ ਦੇ ਪਹਿਲੇ ਦਿਨ 2 ਸਤੰਬਰ ਤੋਂ ਲੈ ਕੇ 13 ਸਤੰਬਰ ਤੱਕ ਵਿਦਿਆਰਥੀਆਂ ਵਲੋਂ ਲੈਕਚਰ ਨਹੀਂ ਲਗਾਏ ਜਾਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਪ੍ਰਦਰਸ਼ਨਕਾਰੀਆਂ ਦੀਆਂ ਪੰਜ ਮੰਗਾਂ ਸਬੰਧੀ ਕੋਈ ਹੁੰਗਾਰਾ ਨਾ ਦਿੱਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਵਿਵਾਦਿਤ ਸਪੁਰਦਗੀ ਬਿੱਲ ਵਾਪਸ ਲੈਣਾ ਅਤੇ ਪੁਲੀਸ ਵਲੋਂ ਪ੍ਰਦਰਸ਼ਨਕਾਰੀਆਂ ਦੇ ਕੀਤੇ ਗਏ ਕਥਿਤ ਸੋਸ਼ਣ ਵਿਰੁਧ ਨਿਰਪੱਖ ਜਾਂਚ ਕਰਨਾ ਸ਼ਾਮਲ ਹਨ।
ਹਾਂਗਕਾਂਗ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਡਾਵਿਨ ਵੌਂਗ ਨੇ ਕਿਹਾ, ‘‘ਜਵਾਬ ਦੇਣ ਬਾਰੇ ਸੋਚਣ ਲਈ ਸਰਕਾਰ ਲਈ ਦੋ ਹਫ਼ਤੇ ਕਾਫ਼ੀ ਹਨ।’’ ਵੌਂਗ ਨੇ ਕਿਹਾ, ‘‘ਇਸ ਮਾਮਲੇ ਸਬੰਧੀ ਸਥਿਤੀ ਕਾਫੀ ਗੰਭੀਰ ਹੋ ਗਈ ਹੈ, ਇਸ ਲਈ ਸਾਡਾ ਮੰਨਣਾ ਹੈ ਕਿ ਸਮਾਜਿਕ ਹਾਲਾਤ ਕਾਰਨ ਵੱਧ ਤੋਂ ਵੱਧ ਵਿਦਿਆਰਥੀ ਲੈਕਚਰਾਂ ਦਾ ਬਾਈਕਾਟ ਕਰਨਗੇ। ਇਸ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਸਾਡੇ ਸਮਾਜ ਵਿੱਚ ਚੱਲ ਰਹੇ ਘਟਨਾਕ੍ਰਮ ਅਤੇ ਸ਼ਹਿਰ ਦੇ ਭਵਿੱਖ ਦੇ ਹਾਲਾਤ ਨੂੰ ਸਮਝਣ ਲਈ ਉਤਸ਼ਾਹਿਤ ਕੀਤਾ ਜਾਵੇਗਾ।’’ ਦੱਸਣਯੋਗ ਹੈ ਕਿ ਇਹ ਪ੍ਰਦਰਸ਼ਨ ਉਦੋਂ ਸ਼ੁਰੂ ਹੋਏ ਜਦੋਂ ਸ਼ਹਿਰ ਦੀ ਸਰਕਾਰ ਨੇ ਚੀਨ ਨੂੰ ਸਪੁਰਦਗੀ ਦੀ ਪ੍ਰਵਾਨਗੀ ਦੇਣ ਸਬੰਧੀ ਬਿੱਲ ਲਿਆਉਣ ਦਾ ਯਤਨ ਕੀਤਾ। ਮਹਿੰਗਾਈ ਅਤੇ ਰੁਜ਼ਗਾਰ ਦੇ ਮਾੜੇ ਹਾਲ ਨਾਲ ਜੂਝ ਰਹੇ ਨੌਜਵਾਨਾਂ ਵਾਲੇ ਇਸ ਸ਼ਹਿਰ ਵਿੱਚ ਇਹ ਪ੍ਰਦਰਸ਼ਨ ਜਲਦੀ ਹੀ ਲੋਕਤੰਤਰ-ਪੱਖੀ ਪ੍ਰਚਾਰ ਮੁਹਿੰਮ ਦਾ ਰੂਪ ਧਾਰਨ ਕਰ ਗਏ।

Previous articleਬੁੱਢੇ ਦਰਿਆ ਦੇ ਪਾਣੀ ਨਾਲ ਤੀਜੇ ਦਿਨ ਵੀ ਭਰੀਆਂ ਰਹੀਆਂ ਸੜਕਾਂ
Next articleਕੈਪਟਨ ਵੱਲੋਂ ਬਲਬੀਰ ਸਿੰਘ ਸੀਨੀਅਰ ਲਈ ਭਾਰਤ ਰਤਨ ਦੀ ਮੰਗ