ਹਾਂਗਕਾਂਗ: ਬਾਕੀ ਰਹਿੰਦੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਜਾਰੀ

ਹਾਂਗਕਾਂਗ ਵਿਚ ਮੁਜ਼ਾਹਰਾਕਾਰੀਆਂ ਦੀਆਂ ਬਾਕੀ ਰਹਿੰਦੀਆਂ ਚਾਰ ਮੰਗਾਂ ਦੇ ਹੱਕ ’ਚ ਜਾਗਰੂਕਤਾ ਫੈਲਾਉਣ ਲਈ ਕਰੀਬ ਪੰਜ ਸਕੂਲਾਂ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਨੇ ਅੱਜ ਮਨੁੱਖੀ ਲੜੀ ਬਣਾਈ। ਅੱਜ ਦੀ ਇਹ ਜਾਗਰੂਕਤਾ ਮੁਹਿੰਮ ਹਾਂਗਕਾਂਗ ਦੀ ਆਗੂ ਕੈਰੀ ਲੈਮ ਵੱਲੋਂ ਹਵਾਲਗੀ ਬਿੱਲ ਵਾਪਸ ਲੈਣ ਦੇ ਦੋ ਦਿਨ ਬਾਅਦ ਚਲਾਈ ਗਈ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਤਾਂ ਹਾਂਗਕਾਂਗ ਵਾਸੀਆਂ ਨੂੰ ਕੇਸਾਂ ਦੀ ਸੁਣਵਾਈ ਲਈ ਚੀਨ ਭੇਜੇ ਜਾਣ ਦਾ ਰਾਹ ਪੱਧਰਾ ਹੋ ਜਾਣਾ ਸੀ। ਲੰਮਾ ਸਮਾਂ ਚੱਲੇ ਜ਼ਬਰਦਸਤ ਸੰਘਰਸ਼ ਤੋਂ ਬਾਅਦ ਚੀਨ ਨੇ ਹਾਂਗਕਾਂਗ ਵਾਸੀਆਂ ਦੀ ਬਿੱਲ ਸਬੰਧੀ ਇਕ ਮੰਗ ਮੰਨ ਲਈ ਸੀ ਜਦਕਿ ਚਾਰ ਹੋਰ ਮੰਗਾਂ ਮੰਨਵਾਉਣ ਲਈ ਉਹ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਮੰਗਾਂ ਵਿਚ ਚੋਣ ਸੁਧਾਰ ਤੇ ਪੁਲੀਸ ਤਸ਼ੱਦਦ ਦੀ ਜਾਂਚ ਕਰਵਾਏ ਜਾਣਾ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਹਾਂਗਕਾਂਗ 1997 ਤੱਕ ਬਰਤਾਨਵੀ ਬਸਤੀ ਸੀ ਪਰ ਮਗਰੋਂ ਇਸ ਨੂੰ ਮੁੜ ਚੀਨ ਨੂੰ ‘ਇਕ ਮੁਲਕ, ਦੋ ਢਾਂਚੇ’ ਨੀਤੀ ਤਹਿਤ ਸੌਂਪ ਦਿੱਤਾ ਗਿਆ ਸੀ। ਇਸ ਮੌਕੇ ਵਾਅਦਾ ਕੀਤਾ ਗਿਆ ਸੀ ਕਿ ਹਾਂਗਕਾਂਗ ਵਾਸੀਆਂ ਨੂੰ ਕੁਝ ਵਿਸ਼ੇਸ਼ ਜਮਹੂਰੀ ਹੱਕ ਹੋਣਗੇ ਜਿਨ੍ਹਾਂ ਲਈ ਉਹ ਚੀਨ ਨੂੰ ਜਵਾਬਦੇਹ ਨਹੀਂ ਹੋਣਗੇ। ਹਾਲਾਂਕਿ ਪਿਛਲੇ ਕੁਝ ਵਰ੍ਹਿਆਂ ਦੌਰਾਨ ਹਾਂਗਕਾਂਗ ਵਾਸੀ ਚੀਨ ’ਤੇ ਇਨ੍ਹਾਂ ਹੱਕਾਂ ਨੂੰ ਖੋਹਣ ਦਾ ਦੋਸ਼ ਲਾਉਂਦੇ ਆ ਰਹੇ ਹਨ। ਬੱਚਿਆਂ ਨੇ ਇਸ ਮੌਕੇ ਮੁਜ਼ਾਹਰਾਕਾਰੀਆਂ ਵਾਂਗ ਮੂੰਹ ’ਤੇ ਮਾਸਕ ਪਹਿਨੇ ਹੋਏ ਸਨ।

Previous articleਚਿਦੰਬਰਮ ਨੇ ਧਾਰਮਿਕ ਕਿਤਾਬਾਂ ਤੇ ਸੈਰ ਨਾਲ ਕੀਤੀ ਦਿਨ ਦੀ ਸ਼ੁਰੂਆਤ
Next articleਫ਼ੌਜ ਮੁਖੀ ਵੱਲੋਂ ਸ਼ਹੀਦ ਸਲਾਰੀਆ ਦੇ ਪਰਿਵਾਰ ਨਾਲ ਮੁਲਾਕਾਤ