ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨੂੰ ਅਮਰੀਕਾ ਤੋਂ ਮਿਲੀ ਹਮਾਇਤ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਂਗਕਾਂਗ ’ਚ ਲੋਕਤੰਤਰ ਪੱਖੀ ਪ੍ਰਦਰਸ਼ਨਕਾਰੀਆਂ ਦੀ ਹਮਾਇਤ ਵਾਲੇ ਦੋ ਬਿੱਲਾਂ ’ਤੇ ਦਸਤਖ਼ਤ ਕਰ ਦਿੱਤੇ ਹਨ। ਅਮਰੀਕਾ ਦੀ ਇਸ ਹਰਕਤ ਤੋਂ ਚੀਨ ਨਾਰਾਜ਼ ਹੋ ਗਿਆ ਹੈ ਅਤੇ ਉਸ ਨੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਹੈ।
ਬਿੱਲਾਂ ਤਹਿਤ ਹਾਂਗਕਾਂਗ ’ਚ ਲੋਕਤੰਤਰ ਪੱਖੀ ਲੋਕਾਂ ਖ਼ਿਲਾਫ਼ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਅਧਿਕਾਰੀਆਂ ’ਤੇ ਪਾਬੰਦੀਆਂ ਲਾਉਣ ਦੀ ਤਜਵੀਜ਼ ਹੈ। ‘ਹਾਂਗਕਾਂਗ ਹਿਊਮਨ ਰਾਈਟਸ ਐਂਡ ਡੈਮੋਕਰੈਸੀ ਐਕਟ ਆਫ਼ 2019’ ਅਮਰੀਕੀ ਕਾਂਗਰਸ ਦੇ ਦੋਵੇਂ ਸਦਨਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਅਮਰੀਕਾ-ਹਾਂਗਕਾਂਗ ਪਾਲਿਸੀ ਐਕਟ 1992 ’ਚ ਸੋਧ ਕੀਤੀ ਗਈ ਹੈ ਜਿਸ ਤਹਿਤ ਅਮਰੀਕਾ ਸਿੱਧੇ ਤੌਰ ’ਤੇ ਹਾਂਗਕਾਂਗ ਦੇ ਸਿਆਸੀ ਹਾਲਾਤ ਦਾ ਮੁਲਾਂਕਣ ਕਰ ਸਕਦਾ ਹੈ। ਰਾਸ਼ਟਰਪਤੀ ਨੇ ਬਿਆਨ ’ਚ ਕਿਹਾ ਕਿ ਉਨ੍ਹਾਂ ਰਾਸ਼ਟਰਪਤੀ ਸ਼ੀ, ਚੀਨ ਅਤੇ ਹਾਂਗਕਾਂਗ ਦੇ ਲੋਕਾਂ ਦੇ ਸਤਿਵਾਰ ਵਜੋਂ ਇਨ੍ਹਾਂ ਬਿੱਲਾਂ ’ਤੇ ਦਸਤਖ਼ਤ ਕੀਤੇ ਹਨ। ਟਰੰਪ ਨੇ ਆਸ ਜਤਾਈ ਕਿ ਚੀਨ ਅਤੇ ਹਾਂਗਕਾਂਗ ਦੇ ਆਗੂ ਤੇ ਨੁਮਾਇੰਦੇ ਮਿਲ-ਬੈਠ ਕੇ ਮਤਭੇਦਾਂ ਨੂੰ ਸੁਲਝਾਉਣਗੇ ਤਾਂ ਜੋ ਉਥੇ ਸ਼ਾਂਤੀ ਕਾਇਮ ਹੋ ਸਕੇ। ਸੈਨੇਟਰ ਮਾਰਕੋ ਰੂਬਿਓ ਨੇ ਕਿਹਾ ਕਿ ਹਾਂਗਕਾਂਗ ਦੇ ਲੋਕਤੰਤਰ ਪੱਖੀ ਪ੍ਰਦਰਸ਼ਨਕਾਰੀਆਂ ਨਾਲ ਹਮਾਇਤ ਦਿਖਾਉਣ ਦਾ ਇਹ ਵਧੀਆ ਉਪਰਾਲਾ ਹੈ।
ਇਸ ਦੌਰਾਨ ਚੀਨ ਨੇ ਅਮਰੀਕੀ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਹ ਵੀ ਜਵਾਬੀ ਕਾਰਵਾਈ ਕਰੇਗਾ। ਚੀਨੀ ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਇਹ ਹਾਂਗਕਾਂਗ ਦੇ ਅੰਦਰੂਨੀ ਮਾਮਲਿਆਂ ’ਚ ਸਿੱਧੀ ਦਖ਼ਲਅੰਦਾਜ਼ੀ ਅਤੇ ਕੌਮਾਂਤਰੀ ਕਾਨੂੰਨ ਦੀ ਗੰਭੀਰ ਉਲੰਘਣਾ ਹੈ। ਬਿਆਨ ’ਚ ਕਿਹਾ ਗਿਆ ਕਿ ਚੀਨੀ ਸਰਕਾਰ ਅਤੇ ਲੋਕ ਅਜਿਹੀਆਂ ਕਾਰਵਾਈਆਂ ਦਾ ਸਖ਼ਤੀ ਨਾਲ ਵਿਰੋਧ ਕਰਨਗੇ।

Previous articleਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਲਈ ਅੱਬਾਸ ਪਾਕਿ ਟੀਮ ’ਚ ਸ਼ਾਮਲ
Next articleChina slams US for trespassing in South China Sea