ਹਲਵਾਰਾ ਹਵਾਈ ਅੱਡੇ ਲਈ ਕਿਸਾਨਾਂ ਵੱਲੋਂ ਜ਼ਮੀਨ ਦੇਣ ਤੋਂ ਨਾਂਹ

ਭਾਰਤੀ ਹਵਾਈ ਫੌਜ ਦੀ ਹਲਵਾਰਾ ਹਵਾਈ ਪੱਟੀ ਨੂੰ ਕੌਮਾਂਤਰੀ ਹਵਾਈ ਹਵਾਈ ਅੱਡੇ ਵਜੋਂ ਵਿਕਸਤ ਕਰਨ ਦੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਤਜਵੀਜ਼ ਨੂੰ ਅੱਜ ਪੱਕੀ ਬਰੇਕ ਲੱਗ ਗਈ ਹੈ। ਪਿੰਡ ਐਤੀਆਣਾ ਵਿਚ ਅੱਜ ਕਿਸਾਨਾਂ ਨੇ ਇੱਕਮੁੱਠ ਹੋ ਕੇ ਨੂੰ ਲੁਧਿਆਣਾ ਵਿਚ ਗਲਾਡਾ ਦੇ ਭੂਮੀ ਗ੍ਰਹਿਣ ਕੁਲੈਕਟਰ ਵੱਲੋਂ ਉਚਿਤ ਮੁਆਵਜ਼ਾ ਦੇਣ ਲਈ 7 ਫਰਵਰੀ ਨੂੰ ਬੁਲਾਈ ਗਈ ਮੀਟਿੰਗ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ।
ਕੌਮਾਂਤਰੀ ਹਵਾਈ ਅੱਡੇ ਲਈ ਜ਼ਮੀਨ ਗ੍ਰਹਿਣ ਕਰਨ ਲਈ ਮੁਆਵਜ਼ਾ ਰਾਸ਼ੀ ਬਾਰੇ ਸਹਿਮਤੀ ਹਾਸਲ ਕਰਨ ਲਈ ਮੰਤਰੀ ਪੱਧਰ ਦੀਆਂ ਮੀਟਿੰਗਾਂ ਵਿਚ ਵੀ ਇੱਕ ਰਾਏ ਨਹੀਂ ਬਣ ਸਕੀ ਹੈ। ਗਲਾਡਾ ਅਧਿਕਾਰੀਆਂ ਨੇ ਹੁਣ ਤੱਕ ਹੋਈਆਂ ਮੀਟਿੰਗਾਂ ਵਿਚ 22 ਲੱਖ ਰੁਪਏ ਮੁਆਵਜ਼ਾ ਰਾਸ਼ੀ ਤੋਂ ਇਲਾਵਾ ਹਰ ਪ੍ਰਭਾਵਿਤ ਪਰਿਵਾਰ ਨੂੰ ਯਕਮੁਸ਼ਤ ਸਾਢੇ ਪੰਜ ਲੱਖ ਰੁਪਏ ਉਜਾੜਾ ਭੱਤਾ ਦੇਣ ਦੀ ਗੱਲ ਕਹੀ ਹੈ ਜੋ ਪ੍ਰਭਾਵਿਤ ਕਿਸਾਨਾਂ ਨੇ ਮੁੱਢੋਂ ਹੀ ਰੱਦ ਕਰ ਦਿੱਤੀ ਹੈ। ਹਲਕਾ ਫ਼ਤਿਹਗੜ੍ਹ ਸਾਹਿਬ ਦੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵੱਲੋਂ ਕਿਸਾਨ ਆਗੂਆਂ, ਪੰਚਾਇਤ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਮਾਲ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨਾਲ ਕਰਵਾਈ ਮੀਟਿੰਗ ਵੀ ਮਸਲੇ ਨੂੰ ਤਣਪੱਤਣ ਨਹੀਂ ਲਾ ਸਕੀ। ਅੱਜ 134 ਕਿਸਾਨਾਂ ਨੇ ਸਹਿਮਤੀ ਪੱਤਰ ’ਤੇ ਦਸਤਖ਼ਤ ਕਰ ਕੇ ਮੁਕੰਮਲ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ।
ਪਿੰਡ ਦੀ ਸੱਥ ਵਿਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਪੰਚ ਲਖਬੀਰ ਸਿੰਘ, ਟਰਾਂਸਪੋਰਟ ਕਾਰੋਬਾਰੀ ਸੋਹਣ ਸਿੰਘ ਕਲਕੱਤਾ, ਨੰਬਰਦਾਰ ਰਣਬੀਰ ਸਿੰਘ, ਕੈਪਟਨ ਗੁਰਚਰਨ ਸਿੰਘ ਅਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਮੁਆਵਜ਼ੇ ਬਾਰੇ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਹੈ ਜੋ ਕਿਸੇ ਸੂਰਤ ਵਿਚ ਬਰਦਾਸ਼ਤ ਨਹੀਂ ਹੈ। ਪਿੰਡ ਦੇ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਕਿਸੇ ਸਰਕਾਰੀ ਅਧਿਕਾਰੀ ਨੂੰ ਆਪਣੀ ਜ਼ਮੀਨ ਵਿਚ ਪੈਰ ਨਹੀਂ ਰੱਖਣ ਦੇਣਗੇ। ਕੁੱਝ ਦਿਨ ਪਹਿਲਾਂ ਗਲਾਡਾ ਅਧਿਕਾਰੀਆਂ ਵੱਲੋਂ ਹਵਾਈ ਅੱਡੇ ਨੇੜੇ ਵਿਕਸਤ ਕੀਤੀ ਜਾਣ ਵਾਲੀ ਏਅਰੋਸਿਟੀ ਵਿਚ ਪ੍ਰਭਾਵਿਤ ਕਿਸਾਨਾਂ ਨੂੰ ਵਪਾਰਕ ਜਾਂ ਰਿਹਾਇਸ਼ੀ ਪਲਾਟ ਦੇਣ ਦੀ ਪੇਸ਼ਕਸ਼ ਵੀ ਕਿਸਾਨਾਂ ਨੇ ਠੁਕਰਾ ਦਿੱਤੀ ਸੀ।

Previous articleਪੰਜਾਬ ਵਿਚ ਭਾਜਪਾ ਮਜ਼ਬੂਤ ਹੋਣ ਲੱਗੀ: ਅਸ਼ਵਨੀ ਸ਼ਰਮਾ
Next articleਮੋਦੀ-ਅਮਿਤ ਸ਼ਾਹ ਦੀ ਜੋੜੀ ਖ਼ਿਲਾਫ਼ ਕੱਢੀ ਭੜਾਸ