ਹਲਕੇ ਦੇ ਪ੍ਰਾਇਮਰੀ ਸਕੂਲਾਂ ਦੀ ਨੁਹਾਰ ਬਦਲਣ ਲਈ 47 ਲੱਖ ਰੁਪਏ ਦੀ ਗਰਾਂਟ ਜਾਰੀ

ਕੈਪਸ਼ਨ- ਵਿਧਾਇਕ ਨਵਤੇਜ ਸਿੰਘ ਚੀਮਾ ਦੀ ਤਸਵੀਰ ।

ਵਿਧਾਇਕ ਚੀਮਾ ਵਲੋਂ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ

ਹੁਸੈਨਪੁਰ  (ਕੌੜਾ) (ਸਮਾਜ ਵੀਕਲੀ)-ਸਰਕਾਰ ਵਲੋਂ ਸੁਲਤਾਨਪੁਰ ਲੋਧੀ ਹਲਕੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਸਾਲ 2020-21 ਲਈ 47 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ੍ਰ.ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਹਲਕੇ ਦੇ ਦੋਵਾਂ ਬਲਾਕਾਂ ਦੇ 41 ਸਕੂਲਾਂ ਨੂੰ 47 ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ।

ਉਨਾਂ ਸੁਲਤਾਨਪੁਰ ਹਲਕੇ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ 400 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਤੋਂ ਇਲਾਵਾ ਸਿੱਖਿਆ ਖੇਤਰ ਵਿੱਚ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਣ ਲਈ ਗਰਾਂਟਾਂ ਦੀ ਮੰਗ ਕੀਤੀ ਗਈ ਸੀ ।

ਪੰਜਾਬ ਸਰਕਾਰ ਵਲੋਂ ਲਾਕਡਾਊਨ ਦੌਰਾਨ ਵਿੱਤੀ ਔਕੜਾਂ ਦੇ ਬਾਵਜੂਦ ਸਕੂਲਾਂ ਲਈ ਗਰਾਂਟ ਜਾਰੀ ਕਰਨਾ ਬਹੁਤ ਅਹਿਮ ਹੈ। ਉਨਾਂ ਕਿਹਾ ਕਿ ਇਸ ਵਾਰ ਸਰਕਾਰੀ ਸਕੂਲਾਂ ਦੇ ਸ਼ਾਨਦਾਰ ਨਤੀਜਿਆਂ ਨਾਲ ਸਰਕਾਰੀ ਸਕੂਲਾਂ ਵਿੱਚ 10 ਫੀਸਦੀ ਦਾਖ਼ਲੇ ਵੱਧ ਗਏ ਹਨ ਜੋ ਕਿ ਪੰਜਾਬ ਸਰਕਾਰ ਵਲੋਂ ਸਕੂਲੀ ਸਿੱਖਿਆ ਵਿੱਚ ਸੁਧਾਰਾਂ ਲਈ ਚੁੱਕੇ ਕਦਮਾਂ ਦਾ ਨਤੀਜਾ ਹਨ।

ਜਿਨਾਂ ਸਕੂਲਾਂ ਨੂੰ ਗਰਾਂਟ ਜਾਰੀ ਕੀਤੀ ਗਈ ਹੈ ਉਨਾਂ ਵਿੱਚ ਬੂਸੋਵਾਲ ਅਤੇ ਤਲਵੰਡੀ ਚੌਧਰੀਆਂ ਸਕੂਲ ਨੂੰ 50 ਹਜਾਰ ਰੁਪਏ ਖੇਡ ਮੈਦਾਨ ਵਾਸਤੇ ਜਦਕਿ ਤਲਵੰਡੀ ਚੌਧਰੀਆਂ ਸਕੂਲ ਨੂੰ 1.50 ਲੱਖ ਰੁਪਏ ਐਜੂਕੇਸ਼ਨ ਪਾਰਕ ਅਤੇ ਲੈਂਡ ਸਕੈਪਿੰਗ ਲਈ ਵੱਖਰੇ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਅੰਮ੍ਰਿਤਪੁਰ ,ਦੀਪੇਵਾਲ, ਸ਼ਾਲਾਪੁਰ ਬੇਟ, ਤਲਵੰਡੀ ਚੌਧਰੀਆਂ, ਹੁਸੈਨਪੁਰ ਦੂਲੋਵਾਲ ਦੇ ਪ੍ਰਾਇਮਰੀ ਸਕੂਲਾਂ ਨੂੰ ਐਜੂਕੇਸ਼ਨ ਪਾਰਕ ਅਤੇ ਗੇਟਾਂ ਦੇ ਸੁੰਦਰੀਕਰਨ ਲਈ 50-50 ਹਜ਼ਾਰ ਰੁਪਏ ਦੀ ਗਰਾਂਟ ਦਿੱਤੀ ਗਈ। ਇਸ ਤੋਂ ਇਲਾਵਾ ਖੁਰਦਾਂ,ਹੂਸੈਨਪੁਰ ਦੂਲੋਵਾਲ ਅਤੇ ਅਲੋਵਾਲ ਸਕੂਲਾਂ ਨੂੰ ਪਖ਼ਾਨਿਆਂ ਦੇ ਨਿਰਮਾਣ ਲਈ 1-1 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਹੂਸੈਨਪੁਰ ਦੂਲੋਵਾਲ ਨੂੰ ਨਬਾਰਡ ਤਹਿਤ ਤਿੰਨ ਲੱਖ ਰੁਪਏ ਦੀ ਗਰਾਂਟ ਵੀ ਮਿਲੀ ਹੈ।

ਇਸੇ ਤਰਾਂ ਛੰਨਾਸ਼ੇਰ ਸਿੰਘ, ਮੰਡ ਇੰਦਰਪੁਰ, ਵਾਟਾਂਵਾਲੀ ਅਤੇ ਆਲੀ ਕਲਾਂ ਦੇ ਸਕੂਲਾਂ ਨੂੰ ਮੁਰੰਮਤ ਲਈ 50-50 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ। ਇਸੇ ਤਰਾਂ ਸਿੱਖਿਆ ਬਲਾਕ ਮਸੀਤਾਂ ਤਹਿਤ ਆਉਣ ਵਾਲੇ ਸਕੂਲਾਂ ਅੱਲਾ ਦਿੱਤਾ,ਡਡਵਿੰਡੀ ਅਤੇ ਟਿੱਬਾ ਨੂੰ ਖੇਡ ਮੈਦਾਨ ਲਈ 50-50 ਹਜ਼ਾਰ ਰੁਪਏ , ਰਾਮਪੁਰ ਜਗੀਰ ਨੂੰ ਪਖਾਨਿਆਂ ਲਈ ਇੱਕ ਲੱਖ ਅਤੇ ਹੈਬਤਪੁਰ, ਡੱਲਾ, ਬੂਲਪੁਰ, ਡਡਵਿੰਡੀ, ਸੈਦਪੁਰ, ਰਣਧੀਰ ਪੁਰ , ਟਿੱਬਾ, ਪੱਤੀ ਸਰਦਾਰ ਨਬੀ ਬਖਸ਼, ਨਸੀਰੇਵਾਲਾ, ਮੰਗੂਪੁਰ ਨੂੰ ਪਖਾਨਿਆਂ ਲਈ 50-50 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਲਾਟੀਆਂਵਾਲ ਹਾਈ ਅਤੇ ਪ੍ਰਾਇਮਰੀ ਸਕੂਲਾਂ ਨੂੰ ਮੁਰੰਮਤ ਅਤੇ ਰੱਖ ਰਖਾਅ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਡੱਲਾਂ ਦੇ ਪ੍ਰਾਇਮਰੀ ਸਕੂਲ ਨੂੰ ਨਾਬਾਰਡ ਦੇ ਪ੍ਰਾਜੈੱਕਟ ਤਹਿਤ 6 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਮੰਗੂ ਪੁਰ ਅਤੇ ਮੁਹੱਬਲੀਪੁਰ ਨੂੰ ਗੇਟਾਂ ਦੀ ਸੁੰਦਰਤਾ,ਐਜੂਕੇਸ਼ਨ ਪਾਰਕ ਅਤੇ ਲੈਂਡ ਸਕੇਪਿੰਗ ਲਈ ਇੱਕ-ਇੱਕ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਤੋਤੀ ਪਿੰਡ ਅਤੇ ਢਿੰਡਵਿੰਡੀ ਦੇ ਸਕੂਲਾਂ ਨੂੰ 50 ਹਜ਼ਾਰ ਅਤੇ 40 ਹਜ਼ਾਰ ਰੁਪਏ ਦੀ ਗ੍ਰਾਂਟ ਐਜੂਕੇਸ਼ਨ ਪਾਰਕ ਲਈ ਜਾਰੀ ਕੀਤੀ ਗਈ ।

Previous articleGanesha fest begins on subdued note in two Telugu states
Next articleIndia to have coronavirus vaccine by 2020 end: Harsh Vardhan