ਹਰਿਮੰਦਰ ਸਾਹਿਬ ’ਚ ਮੱਥਾ ਟੇਕਣ ਮੌਕੇ ਮੂਸੇਵਾਲਾ ਨੇ ਦਿਖਾਏ ਤੇਵਰ

ਗਾਇਕ ਦੇ ਸੁਰੱਖਿਆ ਅਮਲੇ ਵੱਲੋਂ ਕੀਤੀ ਖਿੱਚ-ਧੂਹ ਕਾਰਨ ਇਕ ਪੱਤਰਕਾਰ ਜ਼ਖ਼ਮੀ

ਵਿਵਾਦਾਂ ਵਿਚ ਘਿਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਸ ਦੀ ਆਮਦ ਵੇਲੇ ਹੋਈ ਤਕਰਾਰ ਦੌਰਾਨ ਇਲੈਕਟ੍ਰਾਨਿਕ ਮੀਡੀਆ ਦਾ ਇਕ ਪੱਤਰਕਾਰ ਹੇਠਾਂ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਵੱਲੋਂ ਗਾਏ ਗੀਤ ‘ਜੱਟੀ ਜਿਊਣੇ ਮੋੜ ਵਰਗੀ’ ਵਿਚ ਮਾਈ ਭਾਗੋ ਦਾ ਜ਼ਿਕਰ ਕੀਤੇ ਜਾਣ ’ਤੇ ਸਿੱਖ ਸੰਗਤ ਨੇ ਇਤਰਾਜ਼ ਪ੍ਰਗਟਾਇਆ ਸੀ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ‘ਤੇ ਸ਼ਿਕਾਇਤਾਂ ਵੀ ਪੁੱਜੀਆਂ ਸਨ। ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਅਕਾਲ ਤਖ਼ਤ ਦੇ ਜਥੇਦਾਰ ਵਲੋਂ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਕਾਰਵਾਈ ਲਈ ਆਖਿਆ ਗਿਆ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਉਸ ਖਿਲਾਫ ਕੇਸ ਦਰਜ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਵੀ ਅਕਾਲ ਤਖ਼ਤ ਤੋਂ ਉਸ ਖਿਲਾਫ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਨੂੰ ਆਖਿਆ ਗਿਆ ਸੀ, ਪਰ ਸਿੱਧੂ ਮੂਸੇਵਾਲੇ ਨੇ ਇਸ ਵਿਵਾਦ ਸਬੰਧੀ ਮੁਆਫ਼ੀ ਮੰਗ ਲਈ ਸੀ। ਉਸ ਨੇ ਆਖਿਆ ਸੀ ਕਿ ਉਹ ਜਲਦੀ ਹੀ ਅਕਾਲ ਤਖ਼ਤ ‘ਤੇ ਹਾਜ਼ਰ ਹੋ ਕੇ ਖਿਮਾ ਯਾਚਨਾ ਕਰੇਗਾ ਪਰ ਉਸ ਨੇ ਮੁੜ ਵਿਦੇਸ਼ ਵਿਚ ਇਕ ਸਟੇਜ ਸ਼ੋਅ ‘ਤੇ ਇਸੇ ਵਿਵਾਦਤ ਗੀਤ ਨੂੰ ਗਾਇਆ ਸੀ। ਅੱਜ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜਿਆ। ਉਸ ਨੇ ਅਕਾਲ ਤਖਤ ਵਿਖੇ ਵੀ ਮੱਥਾ ਟੇਕਿਆ। ਦੂਜੇ ਪਾਸੇ ਅਕਾਲ ਤਖ਼ਤ ਸਕੱਤਰੇਤ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਨੇ ਨਾ ਕੋਈ ਸਪੱਸ਼ਟੀਕਰਨ ਦਿੱਤਾ ਤੇ ਨਾ ਹੀ ਉਹ ਸਕੱਤਰੇਤ ਵਿੱਚ ਆਇਆ। ਉਸ ਦੇ ਨਾਲ ਸੁਰੱਖਿਆ ਵਜੋਂ ਕੁਝ ਨੌਜਵਾਨ ਵੀ ਸਨ, ਜਿਨ੍ਹਾਂ ਨੇ ਮੀਡੀਆ ਨੂੰ ਦੂਰ ਰੱਖਣ ਦਾ ਯਤਨ ਕੀਤਾ। ਇਸ ਕੋਸ਼ਿਸ਼ ਵਿੱਚ ਧੱਕਾ ਲੱਗਣ ਕਾਰਨ ਇਕ ਮੀਡੀਆ ਕਰਮੀ ਹੇਠਾਂ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ। ਸੁਖਚੈਨ ਨਾਂ ਦੇ ਇਸ ਪੱਤਰਕਾਰ ਨੇ ਗਲਿਆਰਾ ਪੁਲੀਸ ਚੌਕੀ ਵਿੱਚ ਗਾਇਕ ਦੇ ਸਾਥੀਆਂ ਵਲੋਂ ਕੀਤੇ ਦੁਰਵਿਹਾਰ ਸਬੰਧੀ ਸ਼ਿਕਾਇਤ ਦਿੱਤੀ ਹੈ।

Previous article‘Where were human rights when Hindus fled Kashmir?’
Next articleਤਿੰਨ ਹਫ਼ਤਿਆਂ ਬਾਅਦ ਉਭਰਿਆ ਖੱਟਰ ਸਰਕਾਰ ਦਾ ਮੂੰਹ-ਮੱਥਾ