ਹਰਸ਼ਵਰਧਨ ਦੀ ਰਾਹੁਲ ’ਤੇ ਟਿੱਪਣੀ ਮਗਰੋਂ ਲੋਕ ਸਭਾ ’ਚ ਹੱਥੋਪਾਈ ਦੀ ਨੌਬਤ

ਨਵੀਂ ਦਿੱਲੀ– ਹੁਕਮਰਾਨ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਕਾਰ ਅੱਜ ਲੋਕ ਸਭਾ ’ਚ ਉਸ ਸਮੇਂ ਹੱਥੋਪਾਈ ਦੀ ਨੌਬਤ ਆ ਗਈ ਜਦੋਂ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਦਿੱਤੇ ਗਏ ਬਿਆਨ ਦੀ ਤਿੱਖੇ ਲਫ਼ਜ਼ਾਂ ’ਚ ਨਿਖੇਧੀ ਕੀਤੀ। ਇਸ ਮਗਰੋਂ ਸਦਨ ’ਚ ਹੰਗਾਮਾ ਸ਼ੁਰੂ ਹੋ ਗਿਆ ਅਤੇ ਦੋ ਵਾਰ ਸਦਨ ਦੀ ਕਾਰਵਾਈ ਮੁਅੱਤਲ ਕਰਨ ਤੋਂ ਬਾਅਦ ਦੁਪਹਿਰ ਦੋ ਵਜੇ ਸਦਨ ਨੂੰ ਸੋਮਵਾਰ ਤੱਕ ਲਈ ਉਠਾ ਦਿੱਤਾ ਗਿਆ।
ਹੰਗਾਮਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਪ੍ਰਸ਼ਨਕਾਲ ਦੌਰਾਨ ਰਾਹੁਲ ਗਾਂਧੀ ਨੇ ਮੈਡੀਕਲ ਕਾਲਜਾਂ ਦੀ ਸਥਾਪਨਾ ਨਾਲ ਸਬੰਧਤ ਸਵਾਲ ਪੁੱਛਿਆ ਤਾਂ ਹਰਸ਼ਵਰਧਨ ਨੇ ਕਿਹਾ ਕਿ ਉਹ ਜਵਾਬ ਦੇਣ ਤੋਂ ਪਹਿਲਾਂ ਕਾਂਗਰਸ ਆਗੂ ਦੇ ਪ੍ਰਧਾਨ ਮੰਤਰੀ ’ਤੇ ਹੁਣੇ ਜਿਹੇ ਕੀਤੀ ਗਈ ਟਿੱਪਣੀ ਬਾਰੇ ਬਿਆਨ ਦੇਣਾ ਚਾਹੁਣਗੇ। ਸਿਹਤ ਮੰਤਰੀ ਨੇ ਕਿਹਾ ਕਿ ਉਹ ‘ਅਜੀਬੋ-ਗਰੀਬ’ ਬਿਆਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦੇ ਹਨ। ਸਪੀਕਰ ਓਮ ਬਿਰਲਾ ਨੇ ਮੰਤਰੀ ਨੂੰ ਜਵਾਬ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਜਦੋਂ ਹਰਸ਼ਵਰਧਨ ਨੇ ਬਿਆਨ ਪੜ੍ਹਨਾ ਜਾਰੀ ਰੱਖਿਆ ਤਾਂ ਕਾਂਗਰਸ ਦੇ ਸੰਸਦ ਮੈਂਬਰ ਸਪੀਕਰ ਦੇ ਆਸਣ ਅੱਗੇ ਆ ਗਏ ਅਤੇ ਤਿੱਖਾ ਰੋਸ ਜ਼ਾਹਰ ਕਰਨ ਲੱਗ ਪਏ। ਤਾਮਿਲਨਾਡੂ ਤੋਂ ਕਾਂਗਰਸ ਮੈਂਬਰ ਮਨੀਕਮ ਟੈਗੋਰ ਹਮਲਾਵਰ ਤੇਵਰਾਂ ਨਾਲ ਹਰਸ਼ਵਰਧਨ ਵੱਲ ਵਧਿਆ ਜੋ ਦੂਜੀ ਕਤਾਰ ’ਚ ਬੈਠੇ ਸਨ। ਉੱਤਰ ਪ੍ਰਦੇਸ਼ ਤੋਂ ਭਾਜਪਾ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਟੈਗੋਰ ਨੂੰ ਬਾਂਹ ਤੋਂ ਫੜ ਲਿਆ ਅਤੇ ਮੰਤਰੀ ਤੱਕ ਪਹੁੰਚਣ ਤੋਂ ਰੋਕ ਦਿੱਤਾ। ਕੇਰਲ ਤੋਂ ਕਾਂਗਰਸ ਸੰਸਦ ਮੈਂਬਰ ਹਿਬੀ ਈਡਨ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ। ਸਮ੍ਰਿਤੀ ਇਰਾਨੀ ਸਮੇਤ ਦੋਵੇਂ ਧਿਰਾਂ ਦੇ ਕਈ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਹੱਥੋਪਾਈ ਹੋਣ ਤੋਂ ਰੋਕਿਆ।
ਹੰਗਾਮੇ ਤੋਂ ਬੇਪ੍ਰਵਾਹ ਹਰਸ਼ਵਰਧਨ ਨੇ ਆਪਣਾ ਬਿਆਨ ਪੜ੍ਹਨਾ ਜਾਰੀ ਰੱਖਿਆ। ਕੇਂਦਰੀ ਮੰਤਰੀ ਨੇ ਕਿਹਾ,‘‘ਰਾਹੁਲ ਦੇ ਪਿਤਾ ਰਾਜੀਵ ਗਾਂਧੀ ਵੀ ਪ੍ਰਧਾਨ ਮੰਤਰੀ ਰਹੇ ਹਨ ਅਤੇ ਉਨ੍ਹਾਂ ਨੂੰ ਵੀ ਇੰਜ ਨਿਸ਼ਾਨਾ ਨਹੀਂ ਬਣਾਇਆ ਗਿਆ। ਸਾਡੀ ਪਾਰਟੀ ਦੇ ਆਗੂਆਂ ਨੇ ਬਦਤਰ ਹਾਲਾਤ ’ਚ ਵੀ ਉਨ੍ਹਾਂ (ਰਾਜੀਵ) ਖ਼ਿਲਾਫ਼ ਅਜਿਹੇ ਨਿੱਜੀ ਬਿਆਨ ਨਹੀਂ ਦਿੱਤੇ ਸਨ। ਪੂਰੇ ਸਦਨ ਨੂੰ ਸਪੱਸ਼ਟ ਅਤੇ ਸਖ਼ਤ ਸ਼ਬਦਾਂ ’ਚ ਪ੍ਰਧਾਨ ਮੰਤਰੀ ਨੂੰ ਲਾਠੀਆਂ ਨਾਲ ਮਾਰ ਕੇ ਮੁਲਕ ’ਚੋਂ ਭਜਾਉਣ ਦੇ ਬਿਆਨ ਦੀ ਨਿੰਦਾ ਕਰਨੀ ਚਾਹੀਦੀ ਹੈ।’’ ਇਸ ਮਗਰੋਂ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ ਇਕ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਸਦਨ ਜਦੋਂ ਮੁੜ ਜੁੜਿਆ ਤਾਂ ਭਾਜਪਾ ਦੇ ਕਈ ਸੰਸਦ ਮੈਂਬਰਾਂ ਨੇ ਟੈਗੋਰ ਨੂੰ ਸਦਨ ’ਚੋਂ ਕੱਢਣ ਦੀ ਮੰਗ ਕੀਤੀ। ਇਕ ਹੋਰ ਮੈਂਬਰ ਨੇ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣ ਲਈ ਕਿਹਾ। ਹੰਗਾਮਾ ਜਦੋਂ ਵਧ ਗਿਆ ਤਾਂ ਸਪੀਕਰ ਦੇ ਆਸਣ ’ਤੇ ਬੈਠੇ ਕਿਰਿਟ ਸੋਲੰਕੀ ਨੇ ਕਾਰਵਾਈ ਦੁਪਹਿਰ ਦੋ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਮੁੜ ਸਦਨ ਜੁੜਨ ’ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਹਰਸ਼ਵਰਧਨ ’ਤੇ ਹਮਲਾ ਕਰਨ ਦੀ ਕੋਸ਼ਿਸ਼ ਲਈ ਕਾਂਗਰਸ ਮੈਂਬਰ ਦੀ ਨਿਖੇਧੀ ਕੀਤੀ। ਕਾਂਗਰਸ ਆਗੂ ਵੀ ਖੜ੍ਹੇ ਹੋ ਗਏ ਅਤੇ ਸਦਨ ਦੀ ਕਾਰਵਾਈ ਚਲਾ ਰਹੇ ਏ ਰਾਜਾ ਨੇ ਇਸ ਨੂੰ ਦਿਨ ਭਰ ਲਈ ਉਠਾ ਦਿੱਤਾ।
ਰਾਹੁਲ ਮੁਆਫ਼ੀ ਮੰਗਣ: ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸ਼ਵਰਧਨ ਨੇ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਸੀਟ ’ਤੇ ਆ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦਸਤਾਵੇਜ਼ ਖੋਹ ਲਏ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਪੁੱਤਰ ਕੋਲੋਂ ਅਜਿਹੀ ਭਾਸ਼ਾ ਦੀ ਵਰਤੋਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਬਾਅਦ ’ਚ ਟਵੀਟ ਕਰਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਲਈ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

Previous articleਦਿੱਲੀ ਵਿਧਾਨ ਸਭਾ ਲਈ ਵੋਟਾਂ ਅੱਜ
Next articleਮੋਦੀ ਵਲੋਂ ਬਾਗੀਆਂ ਨੂੰ ਹਥਿਆਰ ਤਿਆਗਣ ਤੇ ਜੀਵਨ ਦੇ ਜਸ਼ਨ ਮਨਾਉਣ ਦਾ ਸੱਦਾ