ਹਨੀਪ੍ਰੀਤ ਨੂੰ ਜ਼ਮਾਨਤ ਮਿਲੀ, ਜੇਲ੍ਹ ਤੋਂ ਰਿਹਾਅ

ਡੇਰਾ ਸੱਚਾ ਸੌਦਾ ਪੰਚਕੂਲਾ ਹਿੰਸਾ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਨੂੰ ਅੱਜ ਪੰਚਕੂਲਾ ਸੀਜੇਐੱਮ ਰੋਹਿਤ ਵਤਸ ਦੀ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ। ਅੱਜ ਹਨੀਪ੍ਰੀਤ ਆਪਣੇ ਬਾਕੀ ਮਾਮਲਿਆਂ ਬਾਰੇ ਕੋਰਟ ਵਿੱਚ ਅੰਬਾਲਾ ਦੀ ਸੋਨਾਰੀਆ ਜੇਲ੍ਹ ’ਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਈ ਸੀ। ਹਨੀਪ੍ਰੀਤ ਦੀ ਜ਼ਮਾਨਤ ਸਬੰਧੀ ਇੱਕ ਲੱਖ ਰੁਪਏ ਦਾ ਬਾਂਡ ਭਰਵਾਇਆ ਗਿਆ ਹੈ। ਡੇਰਾ ਮੁਖੀ ਬਾਬਾ ਰਾਮ-ਰਹੀਮ ਦੀ ਸਭ ਤੋਂ ਨਜ਼ਦੀਕੀ ਰਾਜ਼ਦਾਰ ਸੀ। ਉਸ ’ਤੇ ਦੋਸ਼ ਸੀ ਕਿ ਪੰਚਕੂਲਾ ਵਿੱਚ 25 ਅਗਸਤ 2017 ਨੂੰ ਡੇਰਾ ਮੁਖੀ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਦੌਰਾਨ ਡੇਰਾ ਪ੍ਰੇਮੀਆਂ ਵੱਲੋਂ ਜਿਹੜੇ ਦੰਗੇ ਕੀਤੇ ਗਏ ਸਨ ਉਸ ਯੋਜਨਾ ਵਿੱਚ ਹਨੀਪ੍ਰੀਤ ਦਾ ਮੁੱਖ ਹੱਥ ਸੀ। ਦੰਗਿਆਂ ਵਿੱਚ 30 ਲੋਕ ਮਾਰੇ ਗਏ ਅਤੇ 200 ਤੋਂ ਵੱਧ ਜ਼ਖ਼ਮੀ ਹੋਏ ਸਨ। ਹਨੀਪ੍ਰੀਤ ਦੇ ਵਕੀਲ ਆਰ.ਐੱਸ. ਚੌਹਾਨ ਨੇ ਇੱਥੇ ਮੀਡੀਆ ਨੂੰ ਦੱਸਿਆ ਕਿ ਹਨੀਪ੍ਰੀਤ ਨੂੰ ਜ਼ਮਾਨਤ ਮਿਲ ਗਈ ਹੈ। ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਮਨਜ਼ੂਰ ਹੋਣ ਮਗਰੋਂ ਅੱਜ ਸ਼ਾਮ ਨੂੰ ਕਰੀਬ ਪੌਣੇ 6 ਵਜੇ ਉਹ ਕੇਂਦਰੀ ਜੇਲ੍ਹ ਅੰਬਾਲਾ ਵਿੱਚੋਂ ਰਿਹਾਅ ਹੋ ਕੇ ਚਲੀ ਗਈ। ਬਾਕੀ ਮੁਲਜ਼ਮਾਂ ਸਮੇਤ ਉਸ ’ਤੇ ਲੱਗੀ ਦੇਸ਼ਧ੍ਰੋਹ ਦੀ ਧਾਰਾ ਹਟਣ ਤੋਂ ਬਾਅਦ ਉਸ ਦੇ ਖ਼ਿਲਾਫ਼ ਜ਼ਮਾਨਤੀ ਧਾਰਾਵਾਂ ਦੇ ਤਹਿਤ ਦੋਸ਼ ਤੈਅ ਹੋਏ ਹਨ। ਅਗਲੀ ਸੁਣਵਾਈ 20 ਨਵੰਬਰ ਨੂੰ ਹੋਣੀ ਹੈ। ਹਨੀਪ੍ਰੀਤ ਨੂੰ ਉਸ ਦਾ ਭਰਾ ਅਤੇ ਭਰਜਾਈ ਲੈਣ ਆਏ ਹੋਏ ਸਨ।

Previous articleਵਕੀਲਾਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ
Next articleਸਾਇਨਾ ਚਾਈਨਾ ਓਪਨ ’ਚ ਹਾਰੀ