ਹਥਿਆਰਬੰਦ ਬਲਾਂ ਦੇ ਹੌਸਲੇ ਬੁਲੰਦ: ਆਈਟੀਬੀਪੀ ਡੀਜੀ

ਨਵੀਂ ਦਿੱਲੀ (ਸਮਾਜਵੀਕਲੀ) : ਆਈਟੀਬੀਪੀ ਦੇ ਮੁਖੀ (ਡੀਜੀ) ਐੱਸ.ਐੱਸ. ਦੇਸਵਾਲ ਨੇ ਅੱਜ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਦੇ ‘ਹੌਸਲੇ ਬੁਲੰਦ’ ਹਨ। ਜਵਾਨ ਗੁਜ਼ਰੇ ਸਮੇਂ ਵਾਂਗ ਹੁਣ ਵੀ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੇ ਤਿਆਰ ਹਨ। ਜ਼ਿਕਰਯੋਗ ਹੈ ਕਿ ਭਾਰਤ-ਚੀਨ ਵਿਚਾਲੇ ਲੱਦਾਖ ਵਿਚ ਤਣਾਅ ਬਰਕਰਾਰ ਹੈ।

ਡਾਇਰੈਕਟਰ ਜਨਰਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਲੱਦਾਖ ਦੌਰੇ ਤੇ ਜਵਾਨਾਂ ਨੂੰ ਉਨ੍ਹਾਂ ਦੇ ਸੰਬੋਧਨ ਨਾਲ ‘ਸਰਹੱਦ ’ਤੇ ਤਾਇਨਾਤ ਸੈਨਾਵਾਂ ਦਾ ਹੌਸਲਾ ਹੋਰ ਵਧਿਆ ਹੈ।’ ਉਨ੍ਹਾਂ ਕਿਹਾ ਕਿ ਸੰਪੂਰਨ ਕੌਮੀ ਤੇ ਸਿਆਸੀ ਲੀਡਰਸ਼ਿਪ, ਸੁਰੱਖਿਆ ਬਲ ਤੇ ਜਵਾਨ…ਸਾਰੇ ਦੇਸ਼ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਦੇਸਵਾਲ ਨੇ ਕਿਹਾ ਕਿ ਚਾਹੇ ਭਾਰਤੀ ਥਲ ਸੈਨਾ ਹੋਵੇ ਜਾਂ ਹਵਾਈ ਸੈਨਾ ਜਾਂ ਫਿਰ ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ), ਸਾਰੇ ਸਰਹੱਦੀ ਸੁਰੱਖਿਆ ਨੂੰ ਸਮਰਪਿਤ ਹਨ।

ਡੀਜੀ ਅੱਜ ਇੱਥੇ 10 ਹਜ਼ਾਰ ਬਿਸਤਰਿਆਂ ਵਾਲੇ ਕੋਵਿਡ ਸੰਭਾਲ ਕੇਂਦਰ ਦਾ ਉਦਘਾਟਨ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਅਨਿਲ ਬੈਜਲ ਵੀ ਇਸ ਮੌਕੇ ਮੌਜੂਦ ਸਨ। ਪਰਬਤੀ ਜੰਗੀ ਹਾਲਤਾਂ ਲਈ ਮਾਹਿਰ ਆਈਟੀਬੀਪੀ ਇਸ ਕੇਂਦਰ ਦੀ ਨੋਡਲ ਏਜੰਸੀ ਹੈ। ਦੱਖਣੀ ਦਿੱਲੀ ਦੇ ਛਤਰਪੁਰ ਇਲਾਕੇ ’ਚ ਸਥਿਤ ‘ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ’ ਨੂੰ ਦਿੱਲੀ ਦੀ ‘ਆਪ’ ਸਰਕਾਰ ਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਵਾਲੰਟੀਅਰ ਮਿਲ ਕੇ ਚਲਾਉਣਗੇ।

ਆਈਟੀਬੀਪੀ ਦੇ ਡਾਕਟਰ ਤੇ ਪੈਰਾਮੈਡੀਕਲ ਸਟਾਫ਼ ਮੈਂਬਰ ਇੱਥੇ ਸੇਵਾਵਾਂ ਦੇਣਗੇ। ਜ਼ਿਕਰਯੋਗ ਹੈ ਕਿ ਮੁਲਕ ਦਾ ਪਹਿਲਾਂ ਕੋਵਿਡ ਏਕਾਂਤਵਾਸ ਕੇਂਦਰ ਚਲਾਉਣ ਦਾ ਜ਼ਿੰਮਾ ਵੀ ਆਈਟੀਬੀਪੀ ਨੂੰ ਹੀ ਦਿੱਤਾ ਗਿਆ ਸੀ।

Previous articleਦੀਵਾਲੀਆ ਹੋਈ ‘ਡੀਐੱਚਐੱਫਐੱਲ’ 50 ਕਰੋੜ ਦਾ ਹੋਰ ਉਧਾਰ ਮੋੜਨ ’ਚ ਨਾਕਾਮ
Next articleਸੁਪਰੀਮ ਕੋਰਟ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੇਸਾਂ ਦੀ ਸੁਣਵਾਈ ਦੇ ਨਵੇਂ ਨਿਰਦੇਸ਼ ਜਾਰੀ