ਸੱਪ ਤੋਂ ਨਹੀਂ ਡਰਦੀ ਸਿੰਹ ਤੋਂ ਨਹੀਂ ਡਰਦੀ ਆਹ ਕਰੋਨਾ ਨੇ ਮਾਰੀ

ਚਾਨਣ ਦੀਪ ਸਿੰਘ ਔਲਖ  
    ਛੋਟੇ ਹੁੰਦਿਆਂ ਇੱਕ ਗੱਲ ਸੁਣਦੇ ਸੀ ਕਿ ਜੰਗਲ ਚ ਇੱਕ ਘਰ ਵਿੱਚ ਇੱਕ ਔਰਤ ਰਹਿੰਦੀ ਸੀ। ਉਸ ਦੇ ਘਰ ਦੀ ਛੱਤ ਬਰਸਾਤ ਕਾਰਨ ਥਿਮਕਣ (ਤੁਪਕੇ ਡਿਗਣੇ) ਲੱਗ ਗਈ। ਉਹ ਬਹੁਤ ਪਰੇਸ਼ਾਨ ਹੋ ਗਈ ਅਤੇ ਉੱਚੀ ਉੱਚੀ ਕਹਿਣ ਲੱਗੀ “ਸੱਪ ਤੋਂ ਨਹੀਂ ਡਰਦੀ ਸਿੰਹ ਤੋਂ ਨਹੀਂ ਡਰਦੀ ਆਹ ਤੁਪਕੇ ਨੇ ਮਾਰੀ”। ਨਜਦੀਕ ਹੀ ਸ਼ੇਰ ਖੜ੍ਹਾ ਸੁਣ ਰਿਹਾ ਸੀ। ਉਹ ਸੁਣ ਕੇ ਬੜਾ ਹੈਰਾਨ ਹੋਇਆ ਕਿ ਜੰਗਲ ਵਿੱਚ ਅਜਿਹਾ ਕਿਹੜਾ ਖਤਰਨਾਕ ਜਾਨਵਰ ਆਇਆ ਹੈ  ਜੋ ਇਹ ਔਰਤ ਸੱਪ ਤੇ ਸ਼ੇਰ ਤੋਂ ਡਰਨ ਦੀ ਬਜਾਏ ਉਸ ਤੋਂ ਡਰਦੀ ਹੈ। ਹੌਲੀ ਹੌਲੀ ਇਹ ਗੱਲ ਸਾਰੇ ਜੰਗਲ ਵਿੱਚ ਫੈਲ ਗਈ ਅਤੇ ਸਾਰੇ ਜਾਨਵਰ ਤੁਪਕੇ ਤੋਂ ਡਰਨ ਲੱਗ ਗਏ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਮੌਕੇ ਦੀ ਮੁਸੀਬਤ ਸਭ ਤੋਂ ਵੱਡੀ ਮੁਸੀਬਤ ਹੁੰਦੀ ਹੈ। ਹੁਣ ਉਸ ਤੁਪਕੇ ਵਾਂਗ ਸਾਰੀ ਦੁਨੀਆਂ ਨੂੰ ਇਸ ਮਹਾਂਮਾਰੀ ਨੇ  ਮੁਸੀਬਤ ਵਿੱਚ ਪਾਇਆ ਹੋਇਆ ਹੈ।
        ਇਤਿਹਾਸ ਵਿੱਚ ਸਮੇਂ ਸਮੇਂ ਤੇ ਬੜੀਆਂ ਮਹਾਂਮਾਰੀਆਂ ਆਈਆਂ ਅਤੇ ਗਈਆਂ ਪਰ ਸਾਈਦ ਹੀ ਐਨਾ ਲੰਬਾ ਸਮਾਂ ਘਰਾਂ ਵਿੱਚ ਕੈਦ ਰਹਿਣਾ ਪਿਆ ਹੋਵੇਗਾ। ਲੱਗਭੱਗ ਹਰੇਕ ਬਿਮਾਰੀ ਦਾ ਇਲਾਜ ਲੱਭ ਲਿਆ ਗਿਆ ਪਰ ਇਸ  ਕੋਵਿਡ-19 ਦੀ ਹਾਲੇ ਤੱਕ ਕੋਈ ਦਵਾਈ ਨਹੀਂ ਬਣ ਸਕੀ। ਦੂਸਰਾ ਇਸ ਦਾ ਆਮ ਸੰਪਰਕ ਜਿਵੇਂ ਹੱਥ ਮਿਲਾਉਣ,  ਛੂਹਣ ਆਦਿ ਨਾਲ ਫੈਲਣਾ ਖ਼ਤਰੇ ਦਾ ਵੱਡਾ ਕਾਰਨ ਹੈ। ਇਸ ਸਾਰਸ  ਕਰੋਨਾ ਵਾਇਰਸ-2  ਨੇ ਪੂਰੀ ਦੁਨੀਆਂ ਦੇ ਲੋਕਾਂ ਦੀ ਜਿੰਦਗੀ ਦੀ ਦੌੜ-ਭੱਜ ਨੂੰ ਬਰੇਕਾਂ ਲਗਾ ਦਿੱਤੀਆਂ ਹਨ। ਇਸ ਨਾਲ ਸਿਰਫ ਕੁੱਝ ਵਿਅਕਤੀ ਜਾਂ ਦੇਸ਼ ਨਹੀਂ ਸਗੋਂ ਹਰ ਵਿਅਕਤੀ,  ਹਰ ਵਰਗ ਅਤੇ ਹਰ ਦੇਸ਼ ਪ੍ਰਭਾਵਿਤ ਹੋ ਰਿਹਾ ਹੈ। ਹਰ ਕਿਸੇ ਦੇ ਦਿਲੋ ਦਿਮਾਗ ਤੇ ਇਸ ਦਾ ਖੌਫ ਸਾਫ ਦਿਖਾਈ ਦੇ ਰਿਹਾ ਹੈ। ਹਰ ਇੱਕ ਦੀ ਨਜ਼ਰ ਖ਼ਬਰਾਂ ਤੇ ਟਿਕੀ ਰਹਿੰਦੀ ਹੈ ਕਿ ਕਿੱਥੇ ਕਿੰਨੇ ਮਰੀਜ਼ ਪਾਜਟਿਵ ਆਏ ਕੌਣ ਕੀਹਦੇ ਸੰਪਰਕ ਚ ਕਿਵੇਂ ਆਇਆ। ਨਾਲ ਲੱਗਦੇ ਜਿਲ੍ਹੇ ਵਿੱਚ ਵੀ ਜੇ ਇੱਕ ਕੇਸ ਪਾਜਟਿਵ ਆ ਜਾਂਦਾ ਹੈ ਤਾਂ ਡਰ ਦਾ ਮਹੌਲ ਬਣ ਜਾਂਦਾ ਹੈ। ਜੇਕਰ ਭੇਜੇ ਗਏ ਸੈਂਪਲ ਨੈਗੇਟਿਵ ਆ ਜਾਣ ਤਾਂ ਸਭ ਰਾਹਤ ਮਹਿਸੂਸ ਕਰਦੇ ਹਨ।
    ਬਿਮਾਰੀ ਦੀ ਲਾਗ ਦੇ ਡਰ ਨਾਲ ਨਾਲ ਲੋਕਾਂ ਨੂੰ ਆਪਣੀ ਭੁੱਖ, ਕਾਰੋਬਾਰ, ਆਰਥਿਕ ਘਾਟੇ ਆਦਿ ਦਾ ਡਰ ਵੀ ਘੁਣ ਵਾਂਗ ਖਾ ਰਿਹਾ ਹੈ। ਹਰ ਵਰਗ ਚਾਹੇ ਉਹ ਕਿਸਾਨ, ਮਜਦੂਰ, ਵਪਾਰੀ, ਵਿਦਿਆਰਥੀ ਆਦਿ ਕੋਈ ਵੀ ਹੋਵੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਰਕਾਰਾਂ ਆਪਣੀ ਜਗ੍ਹਾ ਸਹੀ ਹਨ ਕਿਉਂਕਿ ਤਾਲਾਬੰਦੀ ਤੋਂ ਵਗੈਰ ਬਿਮਾਰੀ ਦੀ ਲਾਗ ਨੂੰ ਰੋਕ ਪਾਉਣਾ ਮੁਸ਼ਕਿਲ ਕੰਮ ਸੀ।
     ਤਾਲਾਬੰਦੀ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਦੇ ਪੇਪਰ ਵਿਚਕਾਰ ਹੀ ਰੱਦ ਹੋ ਗਏ ਹਨ। ਅਗਲੀਆਂ ਕਲਾਸਾਂ ਦੀ  ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਭਾਵੇਂ ਸਕੂਲਾਂ ਵੱਲੋਂ ਆਨਲਾਈਨ ਸਿੱਖਿਆ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਹ ਅਸਲ ਕਲਾਸਾਂ ਵਾਲੀ ਸਿੱਖਿਆ ਦਾ ਬਦਲ ਨਹੀਂ ਹੋ ਸਕਦੇ ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਕੋਲ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਦੇ ਸਾਧਨ ਮੌਜੂਦ ਨਹੀਂ ਹਨ।
    ਕਿਸਾਨਾਂ ਦੀ ਗੱਲ ਕਰੀਏ ਤਾਂ ਹਾੜੀ ਦਾ ਸੀਜ਼ਨ ਸਿਰ ‘ਤੇ ਹੈ।  ਛੇ ਮਹੀਨੇ ਦੀ ਮਿਹਨਤ ਮਗਰੋਂ ਦਾਣੇ ਜਾਂ ਚਾਰ ਪੈਸੇ ਘਰ ਆਉਣੇ ਹਨ। ਪਰ ਤਾਲਾਬੰਦੀ ਦੇ ਚਲਦਿਆਂ ਚਿਹਰੇ ਮੁਰਝਾਏ ਹੋਏ ਹਨ। ਪਹਿਲਾਂ ਹੀ ਕਰਜੇ ਦੀ ਮਾਰ ਸਹਿ ਰਹੇ ਕਿਸਾਨਾਂ ਨੂੰ ਜਮੀਨ ਦਾ  ਭਰਿਆ ਠੇਕਾ ਸਿਰ ਟੁੱਟਣ ਦਾ ਡਰ ਸਤਾ ਰਿਹਾ ਹੈ।  ਭਾਵੇਂ ਸਰਕਾਰ ਵਲੋਂ ਪਾਸ ਜਾਰੀ ਕੀਤੇ ਜਾ ਰਹੇ ਹਨ ਪਰ ਅੈਨੇ ਥੋੜ੍ਹੇ ਸਮੇਂ ਵਿੱਚ ਕੰਮ ਨਿਪਟਾਉਣਾ ਔਖਾ ਹੈ।
    ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਭਰਨ ਵਾਲੇ ਲੋਕਾਂ ਲਈ ਤਾਲਾਬੰਦੀ ਦਾ ਸਮਾਂ ਬੜਾ ਔਖਾ ਹੈ। ਮਜਦੂਰ ਲੋਕ ਜੋ ਰੋਜ ਕਮਾਉਂਦੇ ਹਨ ਉਹ ਹੀ ਖਾਂਦੇ ਹਨ। ਪਰ ਤਾਲਾਬੰਦੀ ਕਾਰਨ ਸਭ ਕੰਮ ਬੰਦ ਹਨ। ਇਸ ਕਰਕੇ ਉਨ੍ਹਾਂ ਨੂੰ ਆਪਣੇ ਪਰਿਵਾਰ ਪਾਲਣੇ ਔਖੇ ਹੋ ਗਏ ਹਨ। ਭਾਵੇਂ ਸਰਕਾਰ ਅਤੇ ਕੁਝ ਸੰਸਥਾਵਾਂ ਲੰਗਰ, ਰਾਸਣ ਆਦਿ ਪਹੁੰਚਾ ਰਹੀਆਂ ਹਨ ਪਰ ਫਿਰ ਵੀ ਹਰ ਇੱਕ ਤੱਕ ਰਾਸਣ ਪਹੁੰਚਣਾ ਮੁਸ਼ਕਿਲ ਹੈ।
   ਵਪਾਰੀ ਲੋਕ ਵੀ ਇਸ ਲਾਕਡਾਉਨ ਕਰਕੇ ਡਾਹਢੇ ਪਰੇਸ਼ਾਨ ਹਨ। ਬਹੁਤ ਸਾਰੀਆਂ ਵਸਤੂਆਂ ਤੇ  ਪੈਸਾ ਲੱਗਿਆ ਹੈ ਪਰ ਵਿਕਰੀ ਰੁਕਣ ਕਾਰਨ ਲਾਭ ਦੀ ਥਾਂ ਨੁਕਸਾਨ ਉਠਾਉਣਾ ਪੈ ਰਿਹਾ ਹੈ। ਕਈ ਤਰ੍ਹਾਂ ਦਾ ਮਾਲ ਤਾਂ ਖਰਾਬ ਹੋ ਰਿਹਾ ਹੈ ਤੇ ਵਪਾਰੀਆਂ ਨੂੰ ਮੋਟਾ ਘਾਟਾ ਸਹਿਣਾ ਪੈ ਰਿਹਾ ਹੈ। ਦੂਸਰੇ ਪਾਸੇ ਹੋਰ ਖਰਚੇ, ਕਿਰਾਏ ਅਤੇ ਇਲੈਕਟਰਸਿਟੀ ਬਿਲ ਜਿਉਂ ਦੀ ਤਿਉਂ ਪੈ ਰਹੇ ਹਨ। ਇਸ ਕਰਕੇ ਵਪਾਰੀ ਅਤੇ ਦੁਕਾਨਦਾਰ ਬਹੁਤ ਚਿੰਤਤ ਹਨ।
    ਉਪਰੋਕਤ ਤੋਂ ਇਲਾਵਾ ਜੇਕਰ ਕਹੀਏ ਤਾਂ ਕੱਲਾ ਕੱਲਾ ਇਨਸਾਨ ਕੋਈ ਘੱਟ ਕੋਈ ਜਿਆਦਾ ਇਸ ਮਹਾਂਮਾਰੀ ਅਤੇ ਲਾਕਡਾਉਨ ਨਾਲ ਪ੍ਰਭਾਵਿਤ ਜਰੂਰ ਹੋਇਆ ਹੈ। ਪਰ ਜੇਕਰ ਜਿੰਦਗੀ ਦੀ ਸੁਰੱਖਿਆ ਦੇ ਮੱਦੇਨਜ਼ਰ ਵੇਖੀਏ ਤਾਂ ਤਾਲਾਬੰਦੀ ਨਾਲ ਸਮਾਜਿਕ ਦੂਰੀ ਬਣਾਏ ਬਿਨਾਂ ਇਸ ਬਿਮਾਰੀ ਨਾਲ ਬਹੁਤ ਸਾਰੀਆਂ ਜਾਨਾਂ ਜਾ ਸਕਦੀਆਂ ਸਨ। ਜਿਵੇਂ ਕਹਿੰਦੇ ਹਨ ਕਿ ਜੇਕਰ ਜਾਨ ਹੈ ਤਾਂ ਜਹਾਨ ਹੈ । ਜੇਕਰ ਜਿੰਦਾ ਰਹੇ ਤਾਂ ਹਰ ਤਰ੍ਹਾਂ ਦੇ ਘਾਟੇ ਪੂਰੇ ਜਾ ਸਕਦੇ ਹਨ।
    ਜਿਵੇਂ  ਸਿਹਤ ਕਰਮੀ, ਪੁਲਸ ਕਰਮੀ, ਸਫ਼ਾਈ ਕਰਮੀ, ਸਮਾਜ ਸੇਵੀ ਅਤੇ ਹੋਰ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ ਉਸੇ ਤਰ੍ਹਾਂ ਆਪਾਂ ਸਭ ਨੂੰ ਆਪਣੀ ਡਿਊਟੀ ਸਮਝਦੇ ਹੋਏ ਤਾਲਾਬੰਦੀ ਦਾ ਪਾਲਣ  ਕਰਨਾ ਚਾਹੀਦਾ ਹੈ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਵਿੱਚ ਯੋਗਦਾਨ ਦੇਣਾ ਹੈ। ਕਿਉਂਕਿ ਸਭ ਦੇ ਸਹਿਯੋਗ ਨਾਲ ਹੀ ਇਸ ਨਾਮੁਰਾਦ ਬੀਮਾਰੀ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਸਾਨੂੰ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਸਰਕਾਰ ਨੂੰ ਵੀ ਲੋਕਾਂ ਦੀ ਆਰਥਿਕ ਸਥਿਤੀ ਨੂੰ ਸਮਝਦੇ ਹਰ ਇੱਕ ਵਰਗ ਨੂੰ ਕੁੱਝ ਆਰਥਿਕ ਰਿਆਇਤਾਂ ਦੇਣੀਆਂ ਚਾਹੀਦੀਆਂ ਹਨ।
                    ਚਾਨਣ ਦੀਪ ਸਿੰਘ ਔਲਖ  
                    ਸੰਪਰਕ : +91 9876 888 177
Previous articleਏ. ਐੱਸ. ਆਈ. ਦਾ ਕਾਰਾ, ਕਰਫਿਊ ਪਾਸ ਨੂੰ ਲੈ ਕੇ ਧਮਕੀਆਂ ਦੇ ਕੇ ਫਰੂਟ ਵਪਾਰੀ ਤੋਂ ਲਈ ਰਿਸ਼ਵਤ
Next articleWorldwide Ambedkarite Community Celebrated 193rd Mahatma Phule and 129th  Dr B R Ambedkar Jayanti online as a “Cyber Jayanti Celebration”