ਸੰਸਦ ਮੈਂਬਰਾਂ ਨੇ ਪੁਗਾਈਆਂ ਸਿਆਸੀ ਮੁਲਾਹਜ਼ੇਦਾਰੀਆਂ

ਹਰਸਿਮਰਤ ਨੇ ਫ਼ੰਡ ਉੱਤਰਾਖੰਡ ਭੇਜੇ ਤੇ ਚੰਦੂਮਾਜਰਾ ਨੇ ਪੁੱਤ ਦੇ ਹਲਕੇ ਤੋਂ ਵਾਰੇ;

ਬਾਦਲਾਂ ਦੇ ਹਲਕੇ ’ਤੇ ਮਿਹਰਬਾਨ ਰਹੇ ਬਹੁਤੇ ਸੰਸਦ ਮੈਂਬਰ

ਸੰਸਦ ਮੈਂਬਰ, ਕੇਂਦਰੀ ਫ਼ੰਡ ਵੰਡਣ ਵਿਚ ਸਿਆਸੀ ਮੁਲਾਹਜ਼ੇਦਾਰੀਆਂ ਵੀ ਪੁਗਾਉਂਦੇ ਹਨ, ਜਿਸ ਕਾਰਨ ਐਮ.ਪੀ ਕੋਟੇ ਦੇ ਫ਼ੰਡ ਹਲਕੇ ਦੀ ਹੱਦ ਟੱਪ ਜਾਂਦੇ ਹਨ। ਹਲਕੇ ਤੋਂ ਇਲਾਵਾ ਇਹ ਫ਼ੰਡ ਕਈ ਵਾਰ ਦੂਜੇ ਰਾਜਾਂ ਵਿਚ ਵੀ ਦਿੱਤੇ ਜਾਂਦੇ ਹਨ। ਐਮ.ਪੀ ਫ਼ੰਡਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕ ਸਭਾ ਮੈਂਬਰ ਆਪਣੇ ਹਲਕੇ ਤੋਂ ਬਾਹਰ 25 ਲੱਖ ਦੇ ਫ਼ੰਡ ਦੇ ਸਕਦਾ ਹੈ। ਇਵੇਂ ਹੀ ਰਾਜ ਸਭਾ ਮੈਂਬਰ ਕਿਧਰੇ ਵੀ ਫ਼ੰਡ ਵੰਡ ਸਕਦਾ ਹੈ। ਇਹੋ ਨਿਯਮ ਸੰਸਦ ਮੈਂਬਰਾਂ ਲਈ ਮੁਲਾਹਜ਼ੇਦਾਰੀ ਪੁਗਾਉਣ ਦਾ ਰਾਹ ਖੋਲ੍ਹਦੇ ਹਨ।
ਸਰਕਾਰੀ ਵੇਰਵਿਆਂ ਅਨੁਸਾਰ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੇਅਰਮੈਨੀ ਵਾਲੇ ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਿੰਡ ਬਾਦਲ ਦੀ ਇਮਾਰਤ ਲਈ 10 ਲੱਖ ਦੇ ਫ਼ੰਡ ਦਿੱਤੇ ਹਨ। ਰਾਜ ਸਭਾ ਮੈਂਬਰ ਰਾਜ ਬੱਬਰ ਨੇ ਬਾਦਲਾਂ ਦੇ ਜੱਦੀ ਜ਼ਿਲ੍ਹੇ ਮੁਕਤਸਰ ਵਿਚ 25 ਲੱਖ ਦੇ ਫੰਡ ਦਿੱਤੇ ਹਨ, ਜਦੋਂਕਿ ਕੁਮਾਰੀ ਸ਼ੈਲਜਾ (ਅੰਬਾਲਾ) ਨੇ ਮੁਕਤਸਰ ਜ਼ਿਲ੍ਹੇ ਨੂੰ 21.22 ਲੱਖ ਦੇ ਫ਼ੰਡ ਜਾਰੀ ਕੀਤੇ। ਐਮ.ਪੀ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਇਸ ਜ਼ਿਲ੍ਹੇ ਨੂੰ 29.50 ਲੱਖ ਦੀ ਗਰਾਂਟ ਦਿੱਤੀ ਹੈ। ਐਮ.ਪੀ ਨਰੇਸ਼ ਗੁਜਰਾਲ ਨੇ ਸਭ ਤੋਂ ਵੱਧ ਫ਼ੰਡ ਬਾਦਲਾਂ ਦੇ ਹਲਕੇ ਵਿਚ ਭੇਜੇ ਹਨ। ਵੇਰਵਿਆਂ ਅਨੁਸਾਰ ਸ੍ਰੀ ਗੁਜਰਾਲ ਨੇ ਸਾਲ 2011-12 ਤੋਂ ਹੁਣ ਤੱਕ ਬਠਿੰਡਾ, ਮਾਨਸਾ ਤੇ ਮੁਕਤਸਰ ਜ਼ਿਲ੍ਹੇ ਨੂੰ 12 ਕਰੋੜ ਤੋਂ ਉੱਪਰ ਫ਼ੰਡ ਭੇਜੇ ਹਨ, ਜਿਨ੍ਹਾਂ ਵਿਚ ਪਿੰਡ ਬਾਦਲ ਦੇ ਕਾਲਜ ਨੂੰ ਦਿੱਤੇ 15 ਲੱਖ ਵੀ ਸ਼ਾਮਲ ਹਨ। ਬਿਹਾਰ ਦੇ ਇੱਕ ਐਮ.ਪੀ ਨੇ ਵੀ ਜ਼ਿਲ੍ਹਾ ਮੁਕਤਸਰ ਵਿਚ 25 ਲੱਖ ਦੇ ਫ਼ੰਡ ਦਿੱਤੇ ਹਨ। ਐਮ.ਪੀ ਬਲਵਿੰਦਰ ਸਿੰਘ ਭੂੰਦੜ ਨੇ ਵੀ ਪਿੰਡ ਬਾਦਲ ਦੇ ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਨੂੰ ਪੰਜ ਲੱਖ ਰੁਪਏ ਸਮੇਤ ਪਿੰਡ ਨੂੰ 15 ਲੱਖ ਅਤੇ ਪਿੰਡ ਮਲੂਕਾ ਵਿਚ 12 ਲੱਖ ਦੇ ਫ਼ੰਡ ਭੇਜੇ ਹਨ। ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਵਿਧਾਇਕ ਲੜਕੇ ਦੇ ਹਲਕਾ ਸਨੌਰ ਨੂੰ ਕਰੀਬ 43 ਲੱਖ ਦੇ ਫ਼ੰਡ ਦਿੱਤੇ ਹਨ। ਐਮ.ਪੀ ਰਵਨੀਤ ਬਿੱਟੂ ਨੇ ਆਪਣੇ ਹਲਕੇ ਤੋਂ ਬਾਹਰ 90 ਲੱਖ ਦੇ ਫ਼ੰਡ ਦਿੱਤੇ ਹਨ, ਜਿਨ੍ਹਾਂ ’ਚੋਂ 21 ਲੱਖ ਰੁਪਏ ਜ਼ਿਲ੍ਹਾ ਅੰਮ੍ਰਿਤਸਰ ਵਿਚ ਭੇਜੇ ਹਨ। ‘ਆਪ’ ਦੇ ਐਮ.ਪੀ ਹਰਿੰਦਰ ਸਿੰਘ ਖ਼ਾਲਸਾ ਨੇ 21 ਲੱਖ ਦੇ ਫ਼ੰਡ ਪਟਿਆਲਾ ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਦਿੱਤੇ ਹਨ।
ਹਲਕਾ ਫ਼ਿਰੋਜ਼ਪੁਰ ’ਤੇ ਬਾਹਰਲੇ ਪੈਸੇ ਦਾ ਮੀਂਹ ਵਰ੍ਹਿਆ ਹੈ। ਐਮ.ਪੀ ਐੱਚ.ਕੇ.ਦੂਆ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 4.24 ਕਰੋੜ ਦੇ ਫ਼ੰਡ ਦਿੱਤੇ ਹਨ, ਜਦੋਂਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ 1.23 ਕਰੋੜ, ਰਤਨ ਸਿੰਘ ਅਜਨਾਲਾ ਨੇ 1.70 ਕਰੋੜ ਤੇ ਅੰਬਿਕਾ ਸੋਨੀ ਨੇ 1.26 ਕਰੋੜ ਇਸ ਜ਼ਿਲ੍ਹੇ ਵਿਚ ਵੰਡੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਹਲਕੇ ਤੋਂ ਬਾਹਰ ਉੱਤਰਾਖੰਡ ਦੇ ਜ਼ਿਲ੍ਹਾ ਰੁਦਰਪ੍ਰਯਾਗ ਦੇ ਡਿਪਟੀ ਕਮਿਸ਼ਨਰ ਨੂੰ ਸੌਦ (ਨਗਰਾਸੂ) ਲਈ 25 ਲੱਖ ਰੁਪਏ ਅਤੇ ਉਸ ਤੋਂ ਪਹਿਲਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ 10 ਲੱਖ ਦੇ ਫ਼ੰਡ ਦਿੱਤੇ। ਐਮ.ਪੀ ਭਗਵੰਤ ਮਾਨ ਨੇ ਪੀਜੀਆਈ ਚੰਡੀਗੜ੍ਹ ਲਈ ਸੈਂਕੜੇ ਸਟਰੈਚਰ ਖ਼ਰੀਦ ਕੇ ਦਿੱਤੇ ਹਨ ਤੇ ਉਨ੍ਹਾਂ ਹਲਕੇ ਤੋਂ ਬਾਹਰ ਹੋਰ 15 ਲੱਖ ਭੇਜੇ ਹਨ। ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਹਲਕਾ ਲੰਬੀ ਲਈ ਕਰੀਬ 55 ਲੱਖ ਰੁਪਏ ਦੇ ਫ਼ੰਡ ਦਿੱਤੇ, ਜਿਨ੍ਹਾਂ ’ਚੋਂ ਪਿੰਡ ਬਾਦਲ ਦੇ ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਅਤੇ ਖੇਡਾਂ ਲਈ 19 ਲੱਖ ਦੇ ਫ਼ੰਡ ਦਿੱਤੇ। ਦੂਜੇ ਪਾਸੇ, ਹਰਿਆਣਾ ਦੇ ਐਮ.ਪੀ ਈਸ਼ਵਰ ਸਿੰਘ ਨੇ ਜ਼ਿਲ੍ਹਾ ਸੰਗਰੂਰ ਵਿਚ 5 ਲੱਖ ਦੇ ਫ਼ੰਡ ਭੇਜੇ ਹਨ। ਦੱਸਣਯੋਗ ਹੈ ਕਿ ਐਮ.ਪੀ ਗੁਰਜੀਤ ਸਿੰਘ ਔਜਲਾ ਵੱਲੋਂ ਚੰਡੀਗੜ੍ਹ ਦੇ ਗੌਲਫ਼ ਕਲੱਬ ਨੂੰ 20 ਲੱਖ ਦੀ ਗਰਾਂਟ ਦਿੱਤੇ ਜਾਣ ਦਾ ਵਿਵਾਦ ਉੱਠਿਆ ਸੀ ਤੇ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ 2012 ਵਿਚ ਸਨਾਵਰ ਸਕੂਲ ਨੂੰ ਇੱਕ ਕਰੋੜ ਦੇ ਫ਼ੰਡ ਦੇਣ ਦਾ ਮਾਮਲਾ ਹਾਈ ਕੋਰਟ ਪੁੱਜ ਗਿਆ ਸੀ। ਸੂਤਰ ਆਖਦੇ ਹਨ ਕਿ ਕਈ ਵਾਰ ਲਿਹਾਜ਼ਾਂ ਪਾਲਣ ਖ਼ਾਤਰ ਵੀ ਸੰਸਦੀ ਕੋਟੇ ਦੇ ਫ਼ੰਡਾਂ ਦੀ ਵਰਤੋਂ ਹੁੰਦੀ ਹੈ।

Previous articleਕਾਂਗਰਸ ਦੀ ਗ਼ਲਤੀ ਕਾਰਨ ਪਾਕਿਸਤਾਨ ’ਚ ਗਿਆ ਕਰਤਾਰਪੁਰ: ਮੋਦੀ
Next articleਹੈਰਾਲਡ ਕੇਸ: ਰਾਹੁਲ ਤੇ ਸੋਨੀਆ ਦੀਆਂ ਟੈਕਸ ਰਿਟਰਨਾਂ ਮੁੜ ਖੋਲ੍ਹਣ ਦੀ ਇਜਾਜ਼ਤ