ਸੰਜੈ ਰਾਊਤ ਨੇ ਇੰਦਰਾ ਗਾਂਧੀ ਬਾਰੇ ਦਿੱਤਾ ਬਿਆਨ ਵਾਪਸ ਲਿਆ

ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅੰਡਰਵਰਲਡ ਡਾਨ ਕਰੀਮ ਲਾਲਾ ਨਾਲ ਮੁਲਾਕਾਤ ਵਾਲੀ ਆਪਣੀ ਟਿੱਪਣੀ ਵਾਪਸ ਲੈ ਲਈ ਹੈ। ਰਾਊਤ ਨੇ ਹਾਲਾਂਕਿ ਆਪਣਾ ਬਿਆਨ ਵਾਪਸ ਲੈਣ ਤੋਂ ਪਹਿਲਾਂ ਕਿਹਾ ਸੀ ਕਿ ਮੁੰਬਈ ਦੇ ਇਤਿਹਾਸ ਦੀ ਸਮਝ ਨਾ ਰੱਖਣ ਵਾਲਿਆਂ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ਅਤੇ ਕਰੀਮ ਲਾਲ ਪਠਾਨ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਸੀ ਇਸ ਲਈ ਸ੍ਰੀਮਤੀ ਗਾਂਧੀ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਕਾਂਗਰਸ ਆਗੂ ਮਿਲਿੰਦ ਦਿਓੜਾ ਅਤੇ ਸੰਜੈ ਨਿਰੂਪਮ ਨੇ ਰਾਊਤ ਦੇ ਬਿਆਨ ਦੀ ਨਿੰਦਾ ਕਰਦਿਆਂ ਉਨ੍ਹਾਂ ਨੂੰ ਬਿਆਨ ਵਾਪਸ ਲੈਣ ਦੀ ਮੰਗ ਕੀਤੀ ਸੀ। ਸ੍ਰੀ ਰਾਊਤ ਨੇ ਆਪਣਾ ਬਿਆਨ ਵਾਪਸ ਲੈਂਦਿਆਂ ਕਿਹਾ, ‘ਜੇਕਰ ਕਿਸੇ ਨੂੰ ਲੱਗਦਾ ਹੈ ਕਿ ਮੇਰੇ ਬਿਆਨ ਨਾਲ ਇੰਦਰਾ ਗਾਂਧੀ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਬਿਆਨ ਵਾਪਸ ਲੈਂਦਾ ਹਾਂ।’ ਉਨ੍ਹਾਂ ਕਿਹਾ, ‘ਮੈਂ ਪਹਿਲਾਂ ਵੀ ਉਨ੍ਹਾਂ ਦਾ (ਇੰਦਰਾ ਗਾਂਧੀ ਦਾ) ਪੱਖ ਲਿਆ ਹੈ ਅਤੇ ਉਨ੍ਹਾਂ ਲੋਕਾਂ ਨਾਲ ਲੜਿਆ ਹਾਂ ਜਿਨ੍ਹਾਂ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਜਦਕਿ ਕੁਝ ਮਾਮਲਿਆਂ ’ਚ ਤਾਂ ਕੁਝ ਕਾਂਗਰਸ ਆਗੂਆਂ ਨੇ ਵੀ ਚੁੱਪ ਧਾਰੀ ਰੱਖੀ।’ ਜ਼ਿਕਰਯੋਗ ਹੈ ਕਿ ਪੁਣੇ ’ਚ ਇੱਕ ਮੀਡੀਆ ਪ੍ਰੋਗਰਾਮ ਦੌਰਾਨ ਰਾਊਤ ਨੇ ਦਾਅਵਾ ਕੀਤਾ ਸੀ, ‘ਇੰਦਰਾ ਗਾਂਧੀ ਪਾਇਧੁਨੀ (ਦੱਖਦੀ ਮੁੰਬਈ) ’ਚ ਕਰੀਮ ਲਾਲਾ ਨੂੰ ਮਿਲਿਆ ਕਰਦੀ ਸੀ।’

Previous articleਦਲੀਪ ਕੌਰ ਟਿਵਾਣਾ ਦੇ ਇਲਾਜ ਦਾ ਖਰਚ ਚੁੱਕੇਗੀ ਸਰਕਾਰ: ਬਾਜਵਾ
Next articleਚੰਡੀਗੜ੍ਹ ਭਾਜਪਾ ਪ੍ਰਧਾਨ ਦੀ ਚੋਣ ਲਈ ਅਰੁਣ ਸੂਦ ਨੇ ਭਰੀ ਨਾਮਜ਼ਦਗੀ