ਸੰਗਰੂਰ ’ਚ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ

ਅਕਾਲੀ ਸਮਰਥਕ ਪ੍ਰਾਪਰਟੀ ਡੀਲਰ ਤੇ ਫਾਇਨਾਂਸਰ ਅਤੇ ਉਸ ਦੀ ਪਤਨੀ ਦੀ ਬੀਤੀ ਰਾਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਦਾ ਕਰੀਬੀ ਸੀ। ਪੁਲੀਸ ਵਲੋਂ ਸਾਬਕਾ ਕਾਂਗਰਸੀ ਨਗਰ ਕੌਂਸਲਰ ਸਮੇਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਜੋੜੇ ਦੇ ਛੇ ਅਤੇ ਚਾਰ ਸਾਲ ਦੇ ਪੁੱਤਰ ਛੋਟੀ ਉਮਰੇ ਮਾਪਿਆਂ ਦੇ ਸਾਏ ਤੋਂ ਵਾਂਝੇ ਹੋ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਅਕਾਲੀ ਸਮਰਥਕ ਚਰਨਜੀਤ ਗਰਗ ਉਰਫ਼ ਚਿੜੀ (41), ਜੱਦੀ ਪਿੰਡ ਉਭਾਵਾਲ ਤੇ ਹਾਲ ਆਬਾਦ ਕੈਪਟਨ ਕਰਮ ਸਿੰਘ ਨਗਰ, ਸੁਨਾਮ ਰੋਡ, ਸੰਗਰੂਰ ਅੰਬਾਲਾ ਜ਼ੋਨ ਦੀ ਰੇਲਵੇ ਸਲਾਹਕਾਰ ਕਮੇਟੀ ਦਾ ਮੈਂਬਰ ਸੀ। ਬੀਤੀ ਰਾਤ ਚਰਨਜੀਤ ਆਪਣੀ ਪਤਨੀ ਪੂਜਾ ਸਮੇਤ ਕਾਰ ਰਾਹੀਂ ਸ਼ਹਿਰ ਵੱਲ ਗਿਆ ਤਾਂ ਸਰਕਾਰੀ ਰਣਬੀਰ ਕਾਲਜ ਰੋਡ ’ਤੇ ਚਰਚ ਦੇ ਨਜ਼ਦੀਕ ਦੋਵਾਂ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਪਿੱਛੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਮ੍ਰਿਤਕ ਦੇ ਭਰਾ ਕਰਮਜੀਤ ਕੁਮਾਰ ਉਰਫ਼ ਰਵੀ ਨੇ ਦੱਸਿਆ ਹੈ ਕਿ ਰਾਤ ਕਰੀਬ 10.58 ਵਜੇ ਉਸ ਦੇ ਭਰਾ ਚਰਨਜੀਤ ਗਰਗ ਉਰਫ਼ ਚਿੜੀ ਨੇ ਉੁਸ ਨੂੰ ਫੋਨ ਕਰ ਕੇ ਦੱਸਿਆ, ‘‘ਸਾਨੂੰ ਜੱਸੀ, ਪ੍ਰਦੀਪ, ਪੌਂਪੀ ਅਤੇ ਜੱਜੂ ਨੇ ਕਾਲਜ ਰੋਡ ’ਤੇ ਘੇਰ ਰੱਖਿਆ ਹੈ, ਜਿਨ੍ਹਾਂ ਪਾਸ ਹਥਿਆਰ ਹਨ।’’
ਕਰਮਜੀਤ ਅਨੁਸਾਰ ਫੋਨ ਸੁਣਦਿਆਂ ਹੀ ਉਹ ਮੋਟਰਸਾਈਕਲ ’ਤੇ ਤੁਰੰਤ ਕਾਲਜ ਰੋਡ ’ਤੇ ਪੁੱਜਿਆ। ਉਸ ਨੇ ਵੇਖਿਆ ਕਿ ਸਰਦਾਰ ਬਸਤੀ ਦੀ ਗਲੀ ਨੰਬਰ 4 ਨਜ਼ਦੀਕ ਸੜਕ ਉਪਰ ਉਸ ਦੇ ਭਰਾ ਚਰਨਜੀਤ ਦੀ ਕਾਰ ਖੜ੍ਹੀ ਸੀ। ਨੇੜੇ ਹੀ ਉਸ ਦੇ ਭਰਾ ਚਰਨਜੀਤ ਅਤੇ ਭਰਜਾਈ ਪੂਜਾ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ ਅਤੇ ਹਮਲਾਵਰ ਚਿੱਟੇ ਰੰਗ ਦੀ ਕਾਰ ਵਿਚ ਵਾਲਮੀਕਿ ਚੌਕ ਵੱਲ ਭੱਜ ਰਹੇ ਸਨ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਤੇ ਭਰਜਾਈ ਦਾ ਕਤਲ ਜੱਸੀ, ਪ੍ਰਦੀਪ, ਅਨੁਪਮ ਉਰਫ਼ ਪੌਂਪੀ ਸਾਬਕਾ ਨਗਰ ਕੌਂਸਲਰ ਅਤੇ ਜੱਜੂ ਵਲੋਂ ਕੀਤਾ ਹੈ, ਕਿਉਂਕਿ ਚਰਨਜੀਤ ਨੇ ਜੱਸੀ ਅਤੇ ਪ੍ਰਦੀਪ ਤੋਂ ਪੈਸੇ ਲੈਣੇ ਸਨ।
ਗਰਗ ਜੋੜਾ ਆਪਣੇ ਪਿੱਛੇ ਛੇ ਅਤੇ ਚਾਰ ਸਾਲ ਦੇ ਦੋ ਪੁੱਤਰ ਛੱਡ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਕਸਰ ਹੀ ਚਰਨਜੀਤ ਆਪਣੀ ਪਤਨੀ ਤੇ ਬੱਚਿਆਂ ਸਮੇਤ ਰਾਤ ਨੂੰ ਬਜ਼ਾਰ ਜਾਂਦਾ ਸੀ। ਬੀਤੀ ਰਾਤ ਦੋਵੇਂ ਬੱਚੇ ਜਲਦੀ ਸੌਂ ਗਏ, ਜਿਸ ਕਾਰਨ ਉਹ ਮਾਪਿਆਂ ਦੇ ਨਾਲ ਨਹੀਂ ਸਨ। ਸਿਵਲ ਹਸਪਤਾਲ ’ਚ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵਲੋਂ ਮ੍ਰਿਤਕ ਜੋੜੇ ਦਾ ਪੋਸਟ ਮਾਰਟਮ ਕੀਤਾ ਗਿਆ। ਬਾਅਦ ਦੁਪਹਿਰ ਦੋਵਾਂ ਦਾ ਇੱਕੋ ਚਿਖ਼ਾ ਉਪਰ ਬੇਹੱਦ ਗ਼ਮਗੀਨ ਮਾਹੌਲ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਆਗੂ, ਵਰਕਰ ਅਤੇ ਪਤਵੰਤੇ ਹਾਜ਼ਰ ਸਨ। ਖ਼ਬਰ ਸੁਣਦਿਆਂ ਹੀ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਚਰਨਜੀਤ ਗਰਗ ਦੇ ਘਰ ਪੁੱਜੇ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਿਸ ਬੇਰਹਿਮੀ ਨਾਲ ਪਤੀ-ਪਤਨੀ ਦਾ ਮੁੱਖ ਸੜਕ ’ਤੇ ਕਤਲ ਕੀਤਾ ਗਿਆ, ਇਹ ਸਰਕਾਰ ਲਈ ਵੱਡੀ ਲਾਹਨਤ ਹੈ।
ਥਾਣਾ ਸਿਟੀ ਪੁਲੀਸ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਕਰਮਜੀਤ ਕੁਮਾਰ ਉਰਫ਼ ਰਵੀ ਦੇ ਬਿਆਨਾਂ ’ਤੇ ਜੱਸੀ, ਪ੍ਰਦੀਪ ਕੁਮਾਰ (ਦੋਵੇਂ ਭਰਾ) ਵਾਸੀਆਨ ਮਹਿਲ ਮੁਬਾਰਕ ਕਲੋਨੀ ਸੰਗਰੂਰ, ਅਨੁਪਮ ਉਰਫ਼ ਪੌਂਪੀ ਸਾਬਕਾ ਨਗਰ ਕੌਂਸਲਰ ਸੰਗਰੂਰ ਅਤੇ ਜੱਜੂ ਵਾਸੀ ਦਸਮੇਸ਼ ਨਗਰ ਸੰਗਰੂਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Previous articleਅਣਮੁੜੇ ਕਰਜ਼ਿਆਂ ਕਾਰਨ ਆਈ ਵਿਕਾਸ ਦਰ ’ਚ ਗਿਰਾਵਟ
Next article‘ਆਪ’ ਦੀ ਪੰਜਾਬ ਲੀਡਰਸ਼ਿਪ ਖਹਿਰਾ ਵਿਰੁੱਧ ਕਾਰਵਾਈ ਲਈ ਕਾਹਲੀ