ਸਫ਼ਾਈ ਕਾਮਿਆਂ ਦੇ ਹੱਕ ’ਚ ਨਿੱਤਰਿਆ ਕਰਮਚਾਰੀ ਸੰਗਠਨ

ਚੰਡੀਗੜ੍ਹ- ਫੈਡਰੇਸ਼ਨ ਆਫ਼ ਯੂਟੀ ਇੰਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਦੇ ਬੈਨਰ ਹੇਠ ਅੱਜ ਇੱਥੇ ਕਰਮਚਾਰੀ ਸੰਗਠਨਾਂ ਵੱਲੋਂ ਸਫ਼ਾਈ ਕਰਮਚਾਰੀਆਂ ਦੇ ਗੁੱਟਾਂ ’ਤੇ ਬੰਨ੍ਹੀ ਜੀਪੀਐੱਸ (ਸਮਾਰਟ) ਘੜੀ ਦੇ ਵਿਰੋਧ ਅਤੇ ਆਊਟਸੋਰਸਿੰਗ ਖ਼ਿਲਾਫ਼ ਸੈਕਟਰ-17 ਸਥਿਤ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿੱਚ ਬਾਗਬਾਨੀ, ਸੜਕ, ਪਬਲਿਕ ਹੈਲਥ, ਸਫ਼ਾਈ ਕਰਮਚਾਰੀ, ਬਿਜਲੀ, ਐੱਮਸੀ ਮਨੀਮਾਜਰਾ, ਭਾਰਤੀ ਬਾਲ ਕਲਿਆਣ ਪਰਿਸ਼ਦ ਸਮੇਤ ਯੂਟੀ ਅਤੇ ਨਗਰ ਨਿਗਮ ਦੀਆਂ 18 ਵਿਭਾਗੀ ਯੂਨੀਅਨਾਂ ਦੇ ਕਰਮਚਾਰੀ ਸ਼ਾਮਿਲ ਸਨ। ਧਰਨਾਕਾਰੀਆਂ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਫੈਡਰੇਸ਼ਨ ਦੇ ਜਨਰਲ ਸਕੱਤਰ ਅਤੇ ਅਖਿਲ ਭਾਰਤੀ ਰਾਜ ਸਰਕਾਰੀ ਕਰਮਚਾਰੀ ਫੈਡਰੇਸ਼ਨ ਦੇ ਸਕੱਤਰ ਗੋਪਾਲ ਦੱਤ ਜੋਸ਼ੀ, ਫੈਡਰੇਸ਼ਨ ਦੇ ਪ੍ਰਧਾਨ ਰਘਬੀਰ ਚੰਦ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਕਟੋਚ, ਭੀਮਸੈਨ, ਧਿਆਨ ਸਿੰਘ ਸਮੇਤ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ, ਜਨਰਲ ਸਕੱਤਰ ਓਮਪਾਲ ਚਾਵਰ ਅਤੇ ਕੇਸ਼ੋ ਰਾਮ, ਯੂਟੀ ਪਾਵਰਮੈਨ ਯੂਨੀਅਨ ਦੇ ਗੁਰਮੀਤ ਸਿੰਘ ਅਤੇ ਸੁਖਵਿੰਦਰ ਸਿੰਘ, ਹੌਰਟੀਕਲਚਰ ਤੋਂ ਹਰਕੇਸ਼ ਚੰਦ ਅਤੇ ਐਮ. ਸੁਬਰਾਮਨਿਅਮ, ਵਾਟਰ ਸਪਲਾਈ ਤੋਂ ਹਰਪਾਲ ਸਿੰਘ ਅਤੇ ਚੈਨ ਸਿੰਘ, ਯੂਟੀ ਅਤੇ ਐਮਸੀ ਰੋਡ ਦੇ ਪੀ. ਕਾਮਰਾਜ ਅਤੇ ਵਿਸ਼ਰਾਮ, ਐਮਸੀ ਮਨੀਮਾਜਰਾ ਦੇ ਨਸੀਬ ਸਿੰਘ, ਬਲਬੀਰ ਸਿੰਘ ਅਤੇ ਮਨਜੀਤ ਸਿੰਘ, ਭਾਰਤੀ ਬਾਲ ਕਲਿਆਣ ਪ੍ਰੀਸ਼ਦ ਦੇ ਬਿਹਾਰੀ ਲਾਲ, ਪੰਜਾਬ ਬੋਰਡ ਕਾਰਪੋਰੇਸ਼ਨ ਮਹਾਸੰਘ ਦੇ ਓਮ ਪ੍ਰਕਾਸ਼ ਅਤੇ ਗੁਰਦੀਪ ਸਿੰਘ, ਯੂਟੀ ਪੈਨਸ਼ਨਰ ਐਸੋਸੀਏਸ਼ਨ ਦੇ ਭਾਗਮਲ ਰਾਣਾ ਅਤੇ ਮਨਮੋਹਨ ਸਿੰਘ, ਸੀਟੂ ਚੰਡੀਗੜ੍ਹ ਦੇ ਪ੍ਰਧਾਨ ਕੁਲਦੀਪ ਸਿੰਘ ਆਦਿ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।
ਇਨ੍ਹਾਂ ਬੁਲਾਰਿਆਂ ਨੇ ਨਗਰ ਨਿਗਮ ਪ੍ਰਸ਼ਾਸਨ ਉੱਤੇ ਕਰਮਚਾਰੀਆਂ ਨਾਲ ਭੇਦਭਾਵ ਕਰਨ ਅਤੇ ਜੀਪੀਐੱਸ ਸਮਾਰਟ ਘੜੀ ਲਗਾ ਕੇ ਸਫਾਈ ਕਾਮਿਆਂ ਨੂੰ ਕਥਿਤ ਤੌਰ ’ਤੇ ਗੁਲਾਮ ਬਣਾਉਣ ਦੇ ਦੋਸ਼ ਲਗਾਏ। ਉਨ੍ਹਾਂ ਇਸ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਦੋਹਰੇ ਮਾਪਦੰਡ ਕਮਿਸ਼ਨ ਦੇ ਲਾਲਚ ਵਿੱਚ ਅਤੇ ਕਰਮਚਾਰੀਆਂ ਨੂੰ ਨੀਚਾ ਦਿਖਾਉਣ ਲਈ ਕੀਤਾ ਜਾ ਰਿਹਾ ਹੈ।
ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਰਟ ਘੜੀ ਦੇ ਫ਼ੈਸਲੇ ਨੂੰ ਰੱਦ ਕੀਤਾ ਜਾਵੇ ਅਤੇ ਜੈੱਮ ਪੋਰਟਲ ਦੀ ਬਜਾਇ ਕਾਮਿਆਂ ਨੂੰ ਮਹਿਕਮੇ ਸਿੱਧਾ ਆਪਣੇ ਅਧੀਨ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਕਰੋਨਾਵਾਇਰਸ ਕਾਰਨ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਬਾਇਓਮੈਟ੍ਰਿਕ ਸਿਸਟਮ ਵੀ ਫਿਲਹਾਲ ਬੰਦ ਕਰਕੇ ਮੈਨੂਅਲ ਹਾਜ਼ਰੀ ਲਗਾਉਣ ਦਾ ਹੁਕਮ ਦਿੱਤਾ ਗਿਆ ਹੈ। ਇਸ ਲਈ ਇਨ੍ਹਾਂ ਕਾਮਿਆਂ ਲਈ ਵੀ ਮੈਨੂਅਲ ਹਾਜ਼ਰੀ ਦਾ ਸਿਸਟਮ ਬਰਕਰਾਰ ਰੱਖਿਆ ਜਾਵੇ।

Previous articleਕਰੋਨਾਵਾਇਰਸ: ਮਹੀਨੇ ਲਈ ਯੂਰਪ ਤੋਂ ਅਮਰੀਕਾ ਯਾਤਰਾ ’ਤੇ ਪਾਬੰਦੀ
Next articleਚੋਹਲਾ ਸਾਹਿਬ ਤੇ ਪਠਾਨਕੋਟ ’ਚ ਘਰਾਂ ਦੇ ਸਾਮਾਨ ਦਾ ਨੁਕਸਾਨ