ਸੜਕ ਹਾਦਸੇ ’ਚ ਪਰਿਵਾਰ ਦੇ 5 ਜੀਆਂ ਦੀ ਮੌਤ

ਹੁਸ਼ਿਆਰਪੁਰ (ਸਮਾਜ ਵੀਕਲੀ) : ਇੱਥੇ ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ-ਚੰਡੀਗੜ੍ਹ ਸੜਕ ’ਤੇ ਪਿੰਡ ਜੈਤਪੁਰ ਦੇ ਅੱਡੇ ’ਚ ਵਾਪਰੇ ਸੜਕ ਹਾਦਸੇ ’ਚ ਇੱਕ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਛੋਟੇ ਬੱਚੇ ਸ਼ਾਮਲ ਹਨ। ਇੱਥੇ ਢਾਈ ਵਜੇ ਲਿੰਕ ਸੜਕ ਤੋਂ ਹਾਈਵੇਅ ’ਤੇ ਚੜ੍ਹ ਰਹੇ ਮੋਟਰਸਾਈਕਲ ਦੀ ਕਾਰ ਨਾਲ ਸਿੱਧੀ ਟੱਕਰ ਹੋ ਗਈ। ਮੋਟਰਸਾਈਕਲ ਸਵਾਰ ਪੂਰੇ ਪਰਿਵਾਰ ਦੀ ਥਾਂ ’ਤੇ ਹੀ ਮੌਤ ਹੋ ਗਈ।

ਮੋਟਰਸਾਈਕਲ ਪਿੰਡ ਬਾੜੀਆਂ ਕਲਾਂ ਵੱਲੋਂ ਆ ਰਿਹਾ ਸੀ। ਜਦੋਂ ਪਿੰਡ ਜੈਤਪੁਰ ਦੇ ਅੱਡੇ ’ਤੇ ਪਹੁੰਚਿਆ ਤਾਂ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਦਾ ਹੋਇਆ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆ ਗਿਆ। ਕਾਰ ਵੀ ਬੇਕਾਬੂ ਹੋ ਕੇ ਦਰੱਖ਼ਤ ਵਿਚ ਜਾ ਵੱਜੀ ਅਤੇ ਕਾਰ ਸਵਾਰ ਦੋਵੇਂ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖ਼ਲ ਕਰਵਾਇਆ ਗਿਆ ਹੈ।

ਮੋਟਰਸਾਈਕਲ ਚਾਲਕ ਦੀ ਪਛਾਣ ਰਾਜੇਸ਼ ਕੁਮਾਰ (29) ਵਾਸੀ ਰਾਜਸਥਾਨ ਹਾਲ ਵਾਸੀ ਨੰਗਲ ਚੋਰਾਂ ਵਜੋਂ ਹੋਈ ਹੈ। ਉਸ ਦੇ ਬੱਚਿਆਂ ਦੀ ਉਮਰ 8, 6 ਅਤੇ 5 ਸਾਲ ਦੀ ਸੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ। ਥਾਣਾ ਚੱਬੇਵਾਲ ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਹੁਣ ਕਰਨਾਟਕ ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜਾ
Next articleਆਕਸੀਜਨ ਸਪਲਾਈ ਨਾਲ ਕਈ ਜ਼ਿੰਦਗੀਆਂ ਬਚਣਗੀਆਂ: ਕੇਜਰੀਵਾਲ