ਸੜਕ ਹਾਦਸੇ ’ਚ ਪਰਿਵਾਰ ਦੇ ਚਾਰ ਜੀਅ ਹਲਾਕ

ਮੋਗਾ-ਲੁਧਿਆਣਾ ਕੌਮੀ ਮਾਰਗ ’ਤੇ ਸੰਘਣੀ ਧੁੰਦ ਕਾਰਨ ਅੱਜ ਇਕ ਕਾਰ ਸੜਕ ਕਿਨਾਰੇ ਖੜ੍ਹੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਹੇਠਾਂ ਜਾ ਵੜੀ ਤੇ ਪਰਿਵਾਰ ਦੇ ਚਾਰ ਜੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕਾਂ ’ਚ ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ। ਵੇਰਵਿਆਂ ਮੁਤਾਬਕ ਰਾਜੀਵ ਮਿੱਤਲ (45) ਇੱਥੇ ਰੇਲਵੇ ਰੋਡ ’ਤੇ ਮੋਗਾ ਲੁਬਰੀਕੈਂਟਸ ਦੇ ਨਾਂ ਉਤੇ ਕਾਰੋਬਾਰ ਕਰਦਾ ਸੀ। ਚਾਰ ਦਿਨ ਪਹਿਲਾਂ ਉਹ ਆਪਣੇ ਦੋਸਤ ਦੀ ਕਾਰ ਲੈ ਪਤਨੀ ਮੰਜੂ ਮਿੱਤਲ (42), ਪੁੱਤਰ ਸ਼ੁਭਮ (17), ਧੀ ਸਨਿਧੀ (15) ਨਾਲ ਸੈਰ-ਸਪਾਟੇ ਲਈ ਗੋਆ ਗਿਆ ਸੀ। ਗੋਆ ਤੋਂ ਉਹ ਸੋਮਵਾਰ ਦਿੱਲੀ ਪੁੱਜੇ ਤੇ ਰਾਤ ਰਿਸ਼ਤੇਦਾਰ ਕੋਲ ਰੁਕਣ ਮਗਰੋਂ ਅੱਜ ਸਵੇਰੇ ਕਾਰ ਰਾਹੀਂ ਦਿੱਲੀ ਤੋਂ ਮੋਗਾ ਲਈ ਰਵਾਨਾ ਹੋਏ ਸਨ। ਪਰਿਵਾਰ ਦਾ ਘਰ ਹਾਦਸੇ ਵਾਲੀ ਜਗ੍ਹਾ ਤੋਂ ਸਿਰਫ਼ ਢਾਈ ਕਿਲੋਮੀਟਰ ਦੀ ਹੀ ਦੂਰੀ ’ਤੇ ਹੈ। ਸੁਨਿਧੀ 10ਵੀਂ ਤੇ ਸ਼ੁਭਮ 12ਵੀਂ ਜਮਾਤ ਦਾ ਵਿਦਿਆਰਥੀ ਸੀ। ਹਾਦਸਾ ਐਨਾ ਭਿਆਨਕ ਸੀ ਕਿ ਦੇਹਾਂ ਢਾਈ ਘੰਟੇ ਜੱਦੋਜਹਿਦ ਮਗਰੋਂ ਕਾਰ ’ਚੋਂ ਬਾਹਰ ਕੱਢੀਆਂ ਜਾ ਸਕੀਆਂ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਤੇ ਸਮਾਜ ਸੇਵੀ ਸੰਸਥਾਵਾਂ ਮੌਕੇ ’ਤੇ ਪੁੱਜੀਆਂ। ਪੁਲੀਸ ਮੁਤਾਬਕ ਘਟਨਾ ਦਾ ਕਾਰਨ ਕਾਰ ਦਾ ਤੇਜ਼ ਰਫ਼ਤਾਰ ਹੋਣਾ ਹੈ, ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਥਾਣਾ ਮਹਿਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਾਰੋਬਾਰੀ ਰਾਜੀਵ ਮਿੱਤਲ ਦੇ ਪਿਤਾ ਮਹਿੰਦਰ ਪਾਲ ਮਿੱਤਲ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸੇ ਥਾਂ ਉੱਤੇ ਮਹੀਨਾ ਪਹਿਲਾਂ, 11 ਜਨਵਰੀ ਨੂੰ ਵੀ ਸੜਕ ਹਾਦਸੇ ’ਚ ਰਾਏਕੋਟ ਦੇ ਨਵੇਂ ਵਿਆਹੇ ਜੋੜੇ ਤੇ ਦੋ ਹੋਰ ਬਜ਼ੁਰਗ ਔਰਤਾਂ ਦੀ ਮੌਤ ਹੋ ਗਈ ਸੀ। ਹਮਦਰਦੀ ਵਜੋਂ ਅੱਜ ਦੁਕਾਨਦਾਰਾਂ ਨੇ ਰੇਲਵੇ ਰੋਡ ਮਾਰਕੀਟ ਬੰਦ ਰੱਖੀ। ‘ਪੰਜਾਬ ਵਿਜ਼ਨ ਜ਼ੀਰੋ ਐਕਸੀਡੈਂਟ’ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ ਹਾਦਸੇ ਵਾਪਰਨ ਵਾਲੀਆਂ ਜਿਨ੍ਹਾਂ ਥਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਉਨ੍ਹਾਂ ਵਿਚ ਹਾਦਸੇ ਵਾਲਾ ਇਹ ਸਥਾਨ ਵੀ ਸ਼ਾਮਲ ਹੈ।

Previous articleਮਨੋਜ ਤਿਵਾੜੀ ਨੇ ਹਾਰ ਸਵੀਕਾਰੀ, ਕੇਜਰੀਵਾਲ ਨੂੰ ਵਧਾਈ ਦਿੱਤੀ
Next articleਕਰਤਾਰਪੁਰ ਸਾਹਿਬ ਜਾਣਗੇ ਸੰਯੁਕਤ ਰਾਸ਼ਟਰ ਮੁਖੀ ਗੁਟੇਰੇਜ਼