ਸੜਕ ਕੰਢੇ ਪਏ ਲਾਵਾਰਸ ਮਰੀਜ਼ ਨੂੰ ਸਰਾਭਾ ਆਸ਼ਰਮ ਵਿੱਚ ਮਿਲਿਆ ਨਵਾਂ ਜੀਵਨ

ਆਸ਼ਰਮ ਵਿੱਚ ਇਸ ਮਰੀਜ਼ ਦੀ ਪੱਟੀ ਕਰਦੇ ਹੋਏ ਡਾ. ਰਾਹੁਲ

 

ਸਰਾਭਾ (ਸਮਾਜ ਵੀਕਲੀ): ਸਰਾਭਾ ਪਿੰਡ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਭਾਵੇਂ ਪਹਿਲਾਂ ਹੀ ਸਮਰੱਥਾ ਨਾਲੋਂ ਜ਼ਿਆਦਾ ਲਾਵਾਰਸ-ਬੇਘਰ ਮਰੀਜ਼ ਹੋਣ ਕਰਕੇ ਨਵੇਂ ਮਰੀਜ਼ਾਂ ਲਈ ਦਾਖਲਾ ਬੰਦ ਹੈ ਪਰ ਕਈ ਵਾਰ ਕਿਸੇ ਮਰੀਜ਼ ਦੀ ਹਾਲਤ ਹੀ ਇਤਨੀ ਨਾਜ਼ੁਕ ਹੁੰਦੀ ਹੈ ਕਿ ਉਸ ਦੀ ਖੁੱਲੇ ਆਸਮਾਨ ਥੱਲੇ ਪਏ ਦੀ ਮੌਤ ਨਿਸਚਤ ਹੁੰਦੀ ਹੈ ਜਾਂ ਫਿਰ ਸੇਵਾ ਸੰਭਾਲ ਨਾਲ ਨਵੀਂ ਜ਼ਿੰਦਗੀ ਵੀ ਮਿਲ ਸਕਦੀ ਹੈ । ਅਜ਼ਾਦੀ ਵਾਲੇ ਦਿਨ 15 ਅਗਸਤ ਨੂੰ ਸੜਕ ਕੰਢੇ ਪਏ ਅਜਿਹੇ ਹੀ ਇੱਕ ਮਰੀਜ਼ ਨੂੰ ਆਸ਼ਰਮ ਵਿੱਚ ਛੱਡ ਕੇ ਗਏ ਹਨ ਪਿੰਡ ਸਰਾਭਾ ਦੇ ਪਤਵੰਤੇ ਸੱਜਣ ਅਤੇ ਪੰਚਾਇਤ ਮੈਂਬਰ । ਅਸ਼ੋਕ ਕੁਮਾਰ ਨਾਉਂ ਦਾ ਇਹ ਲਾਵਾਰਸ ਮਰੀਜ਼ ਪਿੰਡ ਸਰਾਭਾ ਦੇ ਨਜ਼ਦੀਕ ਕਈ ਦਿਨਾਂ ਤੋਂ ਸੜਕ ਕੰਢੇ ਪਿਆ ਸੀ ਜੋ ਕਿ ਪਿੰਡ ਦੇ ਕੁੱਝ ਨੌਜਵਾਨਾਂ ਨੇ ਉਠਾ ਕੇ ਉਸ ਨੂੰ ਇਸ਼ਨਾਨ ਆਦਿ ਕਰਵਾਇਆ, ਕੁੱਝ ਖਾਣ ਪੀਣ ਲਈ ਦਿੱਤਾ ਅਤੇ ਫਿਰ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਇਸ ਆਸ਼ਰਮ ਵਿੱਚ ਛੱਡ ਕੇ ਗਏ। ਅਸ਼ੋਕ ਕੁਮਾਰ ਦੇ ਇੱਕ ਪੈਰ ਤੇ ਜ਼ਖਮ ਵਿੱਚ ਕੀੜੇ ਚੱਲ ਰਹੇ ਸਨ ਅਤੇ ਦਿਮਾਗੀ ਸੰਤੁਲਨ ਸਹੀ ਨਾ ਹੋਣ ਕਰਕੇ ਆਪਣੇ ਪਰਿਵਾਰ ਜਾਂ ਘਰ-ਬਾਰ ਵਾਰੇ ਕੁੱਝ ਨਹੀਂ ਦੱਸ ਸਕਿਆ । ਪਰ ਉਮੀਦ ਹੈ ਕਿ ਕੁੱਝ ਦਿਨਾਂ ਦੀ ਸੇਵਾ-ਸੰਭਾਲ ਉਪਰੰਤ ਉਹ ਆਪਣੇ ਘਰ-ਬਾਰ ਵਾਰੇ ਕੁੱਝ ਦੱਸ ਸਕੇਗਾ।

ਆਸ਼ਰਮ ਦੇ ਪ੍ਰਧਾਨ ਸ. ਚਰਨ ਸਿੰਘ ਜੋਧਾਂ ਅਤੇ ਆਸ਼ਰਮ ਦੇ ਫ਼ਾਊਂਡਰ ਡਾ. ਨੌਰੰਗ ਸਿੰਘ ਮਾਂਗਟ ਨੇ ਦੱਸਿਆ ਕਿ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਰਜਿ. ਅਤੇ ਚੈਰੀਟੇਬਲ ਸੰਸਥਾ ਹੈ ਅਤੇ ਇਸ ਵਿਚ ਇੱਕ ਸੌ ਚਾਲੀ ਦੇ ਕਰੀਬ ਲਾਵਾਰਸ-ਬੇਘਰ ਮਰੀਜ਼ ਰਹਿੰਦੇ ਹਨ । ਇਹਨਾਂ ਮਰੀਜ਼ਾਂ ਤੋਂ ਕੋਈ ਵੀ ਫ਼ੀਸ ਜਾਂ ਖਰਚਾ ਨਹੀਂ ਲਿਆ ਜਾਂਦਾ । ਇੱਥੋਂ ਦਾ ਸਾਰਾ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਹੀ ਚਲਦਾ ਹੈ।

ਆਸ਼ਰਮ ਵਾਰੇ ਹੋਰ ਜਾਣਕਰੀ ਲਈ ਇੰਡੀਆ (ਮੋਬਾਇਲ) 95018-42506; ਕੈਨੇਡਾ: 403-401-8787 ਤੇ ਸੰਪਰਕ ਕਰ ਸਕਦੇ ਹੋ ।

Previous articleRAMAYANA AND SHREE RAM MANDIR  –  AYODHYA
Next articleSocial media as propaganda tool for power elite