ਸ੍ਰੀ ਹਰਿ ਕ੍ਰਿਸ਼ਨ ਧਿਆਈਐ

(ਸਮਾਜਵੀਕਲੀ)
ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ  ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ।
ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ,  ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ।
ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ।
ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ।
ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ  ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।
ਬ੍ਰਾਹਮਣਾਂ ਨੂੰ ਸ਼ੰਕਾ ਸੀ ਕਿ ਇਸ ਛੋਟੇ ਬਾਲ ਗੁਰੂ ਵਿੱਚ ਅਜਿਹਾ ਕਰਨ ਦੀ ਕੋਈ ਸਮਰੱਥਾ ਨਹੀਂ ਹੋਵੇਗੀ, ਪਰ ਉਨ੍ਹਾਂ ਦੀ ਹੈਰਾਨੀ ਦੀ ਹੱਦ ਹੋ ਗਈ ਜਦੋਂ ਗੁਰੂ ਜੀ ਨੇ ਆਪਣਾ ਰੁਮਾਲ ਉਸ ਕੋਹੜੀ ਨੂੰ ਦਿੰਦਿਆਂ ਕਿਹਾ ਕਿ ਇਸ ਨੂੰ ਆਪਣੇ ਸ਼ਰੀਰ ਤੇ ਫੇਰ ਅਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰ। ਇਉਂ ਕਰਨ ਨਾਲ ਕੋਹੜੀ ਦਾ ਰੋਗ ਦੂਰ ਹੋ ਗਿਆ ਤੇ ਗੁਰੂ ਜੀ ਦੀ ਕੀਰਤੀ ਦਿਨੋਂ-ਦਿਨ ਹੋਰ ਫੈਲਣ ਲੱਗੀ।
ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕਿਸੇ ਵੀ ਤਰ੍ਹਾਂ ਦਿੱਲੀ ਆਉਣ ਲਈ ਪ੍ਰੇਰਿਤ ਕੀਤਾ ਜਾਵੇ। ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਸੱਦੋ। ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸ ਰਾਮ ਨੂੰ ਪੰਜਾਹ ਸਵਾਰ ਦੇ ਕੇ ਹਦਾਇਤ ਕੀਤੀ ਕਿ ਕੀਰਤਪੁਰ ਜਾ ਕੇ ਮੇਰੇ ਵੱਲੋਂ ਸਤਿਗੁਰੂ ਜੀ ਨੂੰ ਦਿੱਲੀ ਆਉਣ ਲਈ ਬੇਨਤੀ ਕਰਨੀ ਤੇ ਬੜੇ ਆਦਰ ਸਤਿਕਾਰ ਨਾਲ ਇਸ ਪਾਲਕੀ ਵਿੱਚ ਸਵਾਰ ਕਰਕੇ ਲੈ ਆਉਣਾ। ਕੀਰਤਪੁਰ ਦੇ ਆਲੇ-ਦੁਆਲੇ ਦੇ ਜਿੰਨਾ ਲੋਕਾਂ ਨੇ ਸੁਣਿਆ ਕਿ ਗੁਰੂ ਜੀ ਔਰੰਗਜ਼ੇਬ ਦੇ ਸੱਦੇ ਤੇ ਦਿੱਲੀ ਜਾ ਰਹੇ ਹਨ, ਸਭ ਨੂੰ ਤੌਂਖਲਾ ਹੋਇਆ।
ਸਤਿਗੁਰੂ ਜੀ ਦੇ ਤੁਰਨ ਸਮੇਂ ਤੱਕ ਸਿੱਖ ਸੰਗਤਾਂ ਦੀ ਭਾਰੀ ਭੀੜ ਬਣ ਗਈ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਤੇ ਹੌਂਸਲਾ ਦਿੱਤਾ। ਫਿਰ ਵੀ ਸੈਂਕੜੇ ਸਿੱਖ ਨਾਲ ਚੱਲ ਪਏ। ਅੰਬਾਲੇ ਜਿਲ੍ਹੇ ਦੇ ਇਲਾਕੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁੱਝ ਉੱਘੇ ਸਿੱਖਾਂ ਤੋਂ ਬਿਨਾਂ, ਬਾਕੀ ਸਭ ਨੂੰ ਵਾਪਸ ਮੋੜ ਦਿੱਤਾ। ਪੰਜੋਖਰੇ ਵਿੱਚ ਇਕ ਪੰਡਿਤ ਲਾਲ ਚੰਦ ਸੀ। ਉਹ ਬਹੁਤ ਖਿਝਿਆ ਹੋਇਆ ਸੀ। ਆਪ ਜੀ ਨੂੰ ਮਿਲਿਆ ਅਤੇ ਕਹਿਣ ਲੱਗਾ, ”ਤੁਸੀ ਆਪਣੇ ਆਪ ਨੂੰ ਗੁਰੂ ਹਰਿ ਕ੍ਰਿਸ਼ਨ ਅਖਵਾਉਂਦੇ ਹੋ ? ਇਸ ਤਰ੍ਹਾਂ ਆਪ ਸ੍ਰੀ ਕ੍ਰਿਸ਼ਨ ਨਾਲੋਂ ਵੀ ਵੱਡੇ ਬਣਦੇ ਹੋ? ਸ੍ਰੀ ਕ੍ਰਿਸ਼ਨ ਨੇ ਤਾਂ ਗੀਤਾ ਲਿਖੀ ਸੀ, ਤੁਸੀਂ ਉਸਦੇ ਅਰਥ ਕਰਕੇ ਹੀ ਵਿਖਾਓ ਅਤੇ ਨਾਲੇ ਸ਼ਾਸ਼ਤਰਾਂ ਦੇ ਅਰਥ ਕਰਨ ਵਿੱਚ ਮੇਰੇ ਨਾਲ ਮੁਕਾਬਲਾ ਕਰ ਲਵੋ।”
ਹੰਕਾਰੀ ਪੰਡਤ ਦੀ ਇਹ ਗੱਲ ਸੁਣ ਕੇ ਬ੍ਰਹਮ-ਗਿਆਨ ਦੇ ਪੁੰਜ ਤੇ ਸਰਬ-ਕਲਾ ਸਮਰੱਥ ਗੁਰੂ ਜੀ ਨੇ ਉਸਨੂੰ ਕਿਹਾ, ”ਅਸੀ ਤਾਂ ਰੱਬ ਦੇ ਸੇਵਕ ਹਾਂ। ਵੱਡੇ ਬਣ-ਬਣ ਕੇ ਬਹਿਣਾ ਅਸੀ ਨਹੀਂ ਜਾਣਦੇ ਪਰ ਸਾਡੇ ਨਾਲ ਸ਼ਾਸ਼ਤਰਾਰਥ ਤੁਸੀਂ ਫੇਰ ਕਰਿਓ, ਪਹਿਲਾਂ ਤੁਸੀ ਆਪਣੀ ਮਰਜ਼ੀ ਨਾਲ ਚੁਣੇ ਕਿਸੇ ਸਿੱਖ ਨਾਲ ਟਾਕਰਾ ਵਿਚਾਰ ਕਰ ਵੇਖੋ। ਜਾਓ, ਪਿੰਡ ਵਿੱਚੋਂ ਕੋਈ ਬੰਦਾ ਲੈ ਆਓ, ਉਹ ਤੁਹਾਨੂੰ ਉੱਤਰ ਦੇ ਕੇ ਤੁਹਾਡੀ ਨਿਸ਼ਾ ਕਰੇਗਾ।
ਪੰਡਤ ਲਾਲ ਚੰਦ ਜਾ ਕੇ ਛੱਜੂ ਨਾਂ ਦੇ ਇੱਕ ਮਹਾਂਮੂਰਖ਼ ਬੰਦੇ ਨੂੰ ਲੈ ਆਇਆ ਜੋ ਉਸ ਪਿੰਡ ਦਾ ਝਿਊਰ ਸੀ। ਗੁਰੂ ਜੀ ਨੇ ਛੱਜੂ ਦੀਆਂ ਅੱਖਾਂ ਵਿੱਚ ਅੱਖਾਂ ਰਲਾ ਕੇ ਉਸਨੂੰ ਕਿਹਾ, ”ਛੱਜੂ ਤੂੰ ਹੁਣ ਧਾਰਮਿਕ ਵਿਦਵਾਨ ਬਣ ਗਿਆ ਹੈਂ। ਇਸ ਪੰਡਤ ਨਾਲ ਸ਼ਾਸ਼ਤਰ-ਅਰਥ ਕਰ ਕੇ ਇਸ ਦੀ ਨਿਸ਼ਾ ਕਰ ਦੇ।’ ਫੇਰ ਆਪ ਜੀ ਨੇ ਛੱਜੂ ਦੇ ਸਿਰ ਉੱਤੇ ਆਪਣੀ ਸੋਟੀ ਦਾ ਸਿਰਾ ਰੱਖਿਆ ਅਤੇ ਬ੍ਰਾਹਮਣ ਨੂੰ ਕਿਹਾ, ”ਪੁੱਛੋ ਜੋ ਪੁੱਛਣਾ ਜੇ।” ਤਾਂ ਪੰਡਤ ਨੇ ਛੱਜੂ ਪਾਸੋਂ ਗੀਤਾ ਦੇ ਔਖੇ ਤੋਂ ਔਖੇ ਵਾਕਾਂ ਦੇ ਅਰਥ ਪੁੱਛੇ ਤੇ ਛੱਜੂ ਫਟਾ-ਫਟ ਦੱਸੀ ਗਿਆ। ਲਾਲ ਚੰਦ ਦਾ ਹੰਕਾਰ ਟੁੱਟ ਗਿਆ, ਉਹ ਗੁਰੂ ਜੀ ਦੇ ਚਰਨੀਂ ਢਹਿ ਕੇ ਸਿੱਖ ਬਣ ਗਿਆ। ਸਤਿਗੁਰੂ ਜੀ ਦੀ ਮਹਿਮਾ ਚਾਰੇ ਪਾਸੇ ਹੋਰ ਫੈਲ ਗਈ।
ਜਦੋਂ ਸੰਗਤ ਸਮੇਤ ਆਪ ਦਿੱਲੀ ਪੁੱਜੇ ਤਾਂ ਰਾਜਾ ਜੈ ਸਿੰਘ ਨੇ ਆਪਣੇ ਬੰਗਲੇ ਵਿੱਚ ਉਤਾਰਾ ਕਰਵਾਇਆ। (ਉਸ ਜਗ੍ਹਾ ਹੁਣ ਬੰਗਲਾ ਸਾਹਿਬ ਗੁਰੂਦੁਆਰਾ ਸੁਸ਼ੋਭਿਤ ਹੈ) ਰਾਜਾ ਜੈ ਸਿੰਘ ਦੀ ਰਾਣੀ ਦੇ ਦਿਲ ਵਿੱਚ ਗੁਰੂ ਜੀ ਦੀ ਬਾਲਕ ਉਮਰ ਬਾਰੇ ਵਹਿਮ-ਭਰਮ ਕੁਝ ਬ੍ਰਾਹਮਣਾਂ ਨੇ ਭਰ ਦਿੱਤਾ। ਰਾਣੀ ਨੇ ਗੁਰੂ ਜੀ ਦੀ ਪਰਖ਼ ਕਰਨੀ ਚਾਹੀ। ਹੋਰ ਕਈ ਅਮੀਰ ਘਰਾਣਿਆਂ ਦੀਆਂ ਜਨਾਨੀਆਂ ਨੂੰ ਆਪਣੇ ਮਹਿਲ ਵਿੱਚ ਬੁਲਾ ਲਿਆ ਤੇ ਮਨ ਵਿੱਚ ਧਾਰ ਲਿਆ ਕਿ ਜੇ ਗੁਰੂ ਸੱਚਾ ਹੈ ਤਾਂ ਇਹਨਾਂ ਸਭਨਾਂ ਨੂੰ ਛੱਡ ਕੇ ਮੇਰੀ ਗੋਦ ਵਿੱਚ ਆ ਕੇ ਬੈਠੇ।
ਬਾਲ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ, ਹੋਰ ਸਭਨਾਂ ਦੇ ਕੋਲੋਂ ਲੰਘ ਕੇ ਰਾਜਾ ਜੈ ਸਿੰਘ ਦੀ ਰਾਣੀ ਦੀ ਗੋਦ ਵਿੱਚ ਜਾ ਬੈਠੇ। ਰਾਣੀ ਦੀ ਨਿਸ਼ਾ ਹੋ ਗਈ। ਦਿੱਲੀ ਪਹੁੰਚ ਕੇ ਸਤਿਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ। ਦਿੱਲੀ ਦੀ ਸੰਗਤ ਰੋਜ਼ ਰਾਜਾ ਜੈ ਸਿੰਘ ਦੇ ਬੰਗਲੇ ਪਹੁੰਚਦੀ। ਸਤਿਸੰਗ ਹੁੰਦਾ ਤੇ ਸੰਗਤਾਂ ਦਰਸ਼ਨ ਕਰਦੀਆਂ। ਔਰੰਗਜ਼ੇਬ ਨੇ ਆਪਣੇ ਸਾਹਿਬਜ਼ਾਦੇ ਮੁਅੱਜ਼ਮ ਨੂੰ ਭੇਜਿਆ। ਉਸਨੂੰ ਗੁਰੂ ਜੀ ਨੇ ਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ।
ਰਾਮ ਰਾਇ ਦੇ ਦਾਅਵੇ ਬਾਰੇ ਗੁਰੂ ਜੀ ਨੇ ਬਾਦਸ਼ਾਹ ਨੂੰ ਕਹਿ ਭੇਜਿਆ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ ਹੈ। ਰਾਮ ਰਾਇ ਜੀ ਗੁਰਬਾਣੀ ਦੀ ਤੁਕ ਉਲਟਾਈ ਤੇ ਪਿਤਾ ਗੁਰੂ ਜੀ ਨੇ ਉਸਨੂੰ ਤਿਆਗ ਦਿੱਤਾ। ਇਸ ਵਿੱਚ ਕੋਈ ਵਧੀਕੀ ਨਹੀਂ ਅਤੇ ਨਾ ਹੀ ਕਿਸੇ ਨਾਲ ਬੇ-ਇਨਸਾਫ਼ੀ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਬਾਦਸ਼ਾਹ ਨੂੰ ਯਕੀਨ ਹੋ ਗਿਆ ਕਿ ਰਾਮ ਰਾਇ ਜੀ ਨਾਲ ਕੋਈ ਵਧੀਕੀ ਨਹੀਂ ਹੋਈ।
ਬਾਦਸ਼ਾਹ, ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਅਜ਼ਮਤ ਨੂੰ ਚੰਗੀ ਤਰ੍ਹਾਂ ਵੇਖ ਚੁੱਕਾ ਸੀ। ਔਰੰਗਜ਼ੇਬ ਨੇ ਰਾਮ ਰਾਇ ਨੂੰ ਸੱਤ ਪਿੰਡ ਖੁਰਵੜਾ, ਧਮਵਾਲ, ਚਮਾਧਰੀ, ਦਰਤਨਾਵਲੀ, ਪੰਡਿਤਵਾੜੀ, ਮਿਆਵਲ ਅਤੇ ਰਾਜਪੁਰਾ ਜਾਗੀਰ ਵਜੋਂ ਦੇ ਦਿੱਤੇ। ਇੱਥੇ ਹੀ ਪਿੱਛੋਂ ਡੇਹਰਾਦੂਨ ਵਸਿਆ। ਰਾਮ ਰਾਇ ਆਪਣੀ ਜਾਗੀਰ ਵੱਲ ਚਲਾ ਗਿਆ ਅਤੇ ਆਪਣੀ ਵੱਖਰੀ ਸੰਪ੍ਰਦਾਇ ਬਣਾ ਕੇ ਬੈਠ ਗਿਆ।
ਗੁਰੂ ਜੀ ਅਜੇ ਦਿੱਲੀ ਹੀ ਸਨ ਕਿ ਸੰਨ 1664 ਵਿੱਚ ਚੇਚਕ ਦੀ ਬਿਮਾਰੀ ਫੈਲ ਗਈ। ਲੋਕ ਬਿਮਾਰੀ ਕਾਰਨ ਮਰ ਰਹੇ ਸਨ। ਸਭ ਪਾਸੇ ਹਾਹਾਕਾਰ ਮੱਚੀ ਹੋਈ ਸੀ। ਗੁਰੂ ਜੀ ਨੇ ਦੁਖੀ ਗ਼ਰੀਬਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ। ਦਸਵੰਧ ਦੀ ਭੇਟਾ ਨੂੰ ਇਸੇ ਲਈ ਵਰਤਿਆ ਗਿਆ। ਗੁਰੂ ਜੀ ਆਪਣੀ ਪਰਵਾਹ ਨਾ ਕਰਦਿਆਂ ਪੀੜਤਾਂ ਦੀ ਸੇਵਾ ਵਿੱਚ ਜੁਟ ਗਏ, ਜਿਸਦਾ ਨਤੀਜਾ ਇਹ ਨਿਕਲਿਆ ਕਿ ਇਕ ਦਿਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਵੀ ਬੜੇ ਜ਼ੋਰ ਦਾ ਬੁਖ਼ਾਰ ਹੋ ਗਿਆ। ਸਤਿਗੁਰੂ ਜੀ ਦੇ ਸਰੀਰ ਉਪਰ ਵੀ ਚੇਚਕ ਨਾਂਅ ਦੀ ਬਿਮਾਰੀ ਦੇ ਲੱਛਣ ਦਿਸਣ ਲੱਗੇ।
ਸਤਿਗੁਰੂ ਜੀ ਨੇ ਆਪਣਾ ਜੋਤੀ-ਜੋਤ ਸਮਾਉਣ ਦਾ ਸਮਾਂ ਨੇੜੇ ਜਾਣ ਕੇ ਕੋਲ ਬੈਠੀ ਸਾਰੀ ਸੰਗਤ ਨੂੰ ਹੁਕਮ ਦਿੱਤਾ ਕਿ ‘ਬਾਬਾ ਬਕਾਲੇ’। ਜਿਸਦਾ ਭਾਵ ਇਹ ਸੀ ਕਿ ਸਾਡੇ ਪਿੱਛੋਂ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲਾ ਮਹਾਂ ਪੁਰਖ ਪਿੰਡ ਬਕਾਲੇ ਵਿੱਚ ਹੈ। ਇਹ ਕਹਿ ਕੇ ਆਪ 30 ਮਾਰਚ, ਸੰਨ 1664 ਨੂੰ ਜੋਤੀ-ਜੋਤ ਸਮਾ ਗਏ। ਜਮਨਾ ਦੇ ਕੰਢੇ, ਜਿਸ ਜਗ੍ਹਾ ਆਪ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਉਸ ਜਗ੍ਹਾ ਹੁਣ ਬਾਲਾ ਸਾਹਿਬ ਗੁਰੂਦੁਆਰਾ ਸਾਹਿਬ ਸੁਸ਼ੋਭਿਤ ਹੈ। ਜੋਤੀ-ਜੋਤ ਸਮਾਉਣ ਵੇਲੇ ਆਪ ਜੀ ਦੀ ਉਮਰ ਕਰੀਬ ਪੌਣੇ ਕੁ ਅੱਠ ਸਾਲ ਦੀ ਸੀ। ਆਪ ਜੀ ਨੇ ਢਾਈ ਕੁ ਸਾਲ ਹੀ ਗੁਰਿਆਈ ਕੀਤੀ।
ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖਿ ਜਾਏ।
ਸੁਰਜੀਤ ਸਿੰਘ ‘ਦਿਲਾ ਰਾਮ’
ਫਿਰੋਜ਼ਪੁਰ 
ਸੰਪਰਕ 99147-22933
Previous articleਯੂਥ ਵੈਲਫੇਅਰ ਕਲੱਬ ਰਜਿ ਵੱਲੋ 12 ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ
Next articleਐਕਸਪ੍ਰੈੱਸ ਵੇਅ ਵਿਚ ਸ਼ਾਮਿਲ ਹੋਣ ਨਾਲ ਵਿਸ਼ਵ ਦੇ ਨਕਸ਼ੇ ’ਤੇ ਉੱਭਰੇਗੀ ਪਾਵਨ ਨਗਰੀ ਸੁਲਤਾਨਪੁਰ ਲੋਧੀ-ਨਵਤੇਜ ਸਿੰਘ ਚੀਮਾ