ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦਾ ਦੇਹਾਂਤ

ਭਾਈ ਨਿਰਮਲ ਸਿੰਘ ਖਾਲਸਾ

ਚੰਡੀਗੜ੍ਹ (ਸਮਾਜ ਵੀਕਲੀ)- ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਅੱਜ ਸਵੇਰੇ 4.30 ਵਜੇ ਦੇਹਾਂਤ ਹੋ ਗਿਆ ਹੈ। ਬੁੱਧਵਾਰ ਨੂੰ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਸੀ ਜਿਸ ਕਾਰਨ ਉਨ੍ਹਾਂ ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ।ਦਰਅਸਲ ਨਿਰਮਲ ਸਿੰਘ ਨੂੰ ਖੰਘ, ਬੁਖਾਰ ਦੇ ਨਾਲ-ਨਾਲ ਸਾਹ ਲੈਣ ‘ਚ ਵੀ ਕਾਫ਼ੀ ਤਕਲੀਫ ਸੀ। ਹਸਪਤਾਲ ਦੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਸਕਰੀਨਿੰਗ ਕਰ ਟੈਸਟਿੰਗ ਲਈ ਬਲੱਡ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਸੀ। ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਚਾਲਿਤ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ‘ਚ ਉਹ ਕੁਝ ਦਿਨ ਇਲਾਜ ਅਧੀਨ ਰਹੇ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਸੀ। ਉਥੇ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ। ਭਾਈ ਨਿਰਮਲ ਸਿੰਘ ਨੇ ਹਾਲ ਹੀ ‘ਚ ਚੰਡੀਗੜ੍ਹ ਤੇ ਦਿੱਲੀ ਦੇ ਧਾਰਮਿਕ ਸਮਾਗਮਾਂ ‘ਚ ਹਿੱਸਾ ਲਿਆ ਸੀ ਅਤੇ ਕੀਰਤਨ ਵੀ ਕੀਤਾ ਸੀ। ਸਿਹਤ ਵਿਭਾਗ ਦੀ ਟੀਮ ਅੰਮ੍ਰਿਤਸਰ ਵਿਖੇ ਭਾਈ ਨਿਰਮਲ ਸਿੰਘ ਦੀ ਰਿਹਾਇਸ਼ ‘ਤੇ ਪਹੁੰਚੀ ਅਤੇ ਪੂਰੇ ਇਲਾਕੇ ਨੂੰ ਸੈਨੇਟਾਈਜ਼ ਵੀ ਕੀਤਾ। ਵਿਭਾਗ ਵੱਲੋਂ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਗਏ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।

ਗਿਆਨੀ ਨਿਰਮਲ ਸਿੰਘ ਖਾਲਸਾ ਨੇ 1976 ਵਿਚ ਸ਼ਹੀਦ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਵਿਚ ਡਿਪਲੋਮਾ ਪ੍ਰਾਪਤ ਕੀਤਾ। ਉਨ੍ਹਾਂ 1977 ਵਿਚ ਗੁਰਮਤਿ ਕਾਲਜ, ਰਿਸ਼ੀਕੇਸ਼ ਵਿਚ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸੰਤ ਬਾਬਾ ਫ਼ਤਿਹ ਸਿੰਘ ਵਿੱਤ ਸੰਗੀਤ ਦੇ ਅਧਿਆਪਕ ਵਜੋਂ ਸੇਵਾ ਨਿਭਾਈ।1979 ਤੋਂ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ‘ਹਜ਼ੂਰੀ ਰਾਗੀ’ ਵਜੋਂ ਸੇਵਾ ਨਿਭਾਈ। ਉਨ੍ਹਾਂ ਪੰਜਾਂ ਤਖ਼ਤਾਂ, ਭਾਰਤ ਦੇ ਇਤਿਹਾਸਕ ਗੁਰਦੁਆਰਿਆਂ ਅਤੇ 71 ਹੋਰ ਦੇਸ਼ਾਂ ਵਿੱਚ ਕੀਰਤਨ ਵੀ ਕੀਤਾ। ਕਲਾ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਬਦਲੇ ਉਨ੍ਹਾਂ ਨੂੰ ਸਾਲ 2009 ਵਿਚ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਹਜ਼ੂਰੀ ਰਾਗੀ ਸਨ।

ਹਰਜਿੰਦਰ ਛਾਬੜਾ-ਪਤਰਕਾਰ 9592282333

Previous articleਲਾਕਡਾਊਨ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ 1 ਤੋਂ 8ਵੀਂ ਦੇ ਵਿਦਿਆਰਥੀ ਇਸ ਸਾਲ ਬਿਨਾਂ ਪ੍ਰੀਖਿਆ ਹੋਣਗੇ ਪਾਸ
Next articleਜੰਮੂ-ਕਸ਼ਮੀਰ ਜਾਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਹਜ਼ਾਰ ਤੋਂ ਪਾਰ