ਸ੍ਰੀਲੰਕਾ ਸੰਸਦੀ ਚੋਣਾਂ ਵਿੱਚ ਮਹਿੰਦਾ ਰਾਜਪਕਸੇ ਦੀ ਸ਼ਾਨਦਾਰ ਜਿੱਤ

ਕੋਲੰਬੋ (ਸਮਾਜ ਵੀਕਲੀ) : ਮਹਿੰਦਾ ਰਾਜਪਕਸੇ ਦੀ ਪਾਰਟੀ ਸ੍ਰੀਲੰਕਾ ਪੀਪਲਜ਼ ਪਾਰਟੀ (ਐਸਐਲਪੀਪੀ)ਨੇ ਆਮ ਚੋਣਾਂ ਵਿੱਚ ਸ਼ੁੱਕਰਵਾਰ ਨੂੰ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਨੂੰ ਰਾਜਪਕਸੇ ਦੀ ਰਾਜਨੀਤੀ ਵਿੱਚ ਵਾਪਸੀ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਚੋਣਾਂ ਦੋ ਵਾਰ ਮੁਲਤਵੀ ਹੋਈਆਂ ਸਨ। ਚੋਣ ਕਮਿਸ਼ਨ ਵੱਲੋਂ ਜਾਰੀ ਅੰਤਿਮ ਨਤੀਜਿਆਂ ਅਨੁਸਾਰ 225 ਮੈਂਬਰੀ ਸੰਸਦ ਵਿੱਚ ਐਸਐਲਪੀਪੀ ਨੇ ਇਕੱਲੇ 145 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਅਤੇ ਸਹਿਯੋਗੀ ਪਾਰਟੀ ਨਾਲ ਕੁਲ 150 ਸੀਟਾਂ ’ਤੇ ਜੇਤੂ ਰਹੀ ਹੈ।

ਇਸ ਤਰ੍ਹਾਂ ਪਾਰਟੀ ਨੂੰ ਲੋੜੀਂਦਾ ਦੋ ਤਿਹਾਈ ਬਹੁਮਤ ਹਾਸਲ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸ੍ਰੀਲੰਕਾਈ ਹਮਰੁਤਬਾ ਮਹਿੰਦਾ ਰਾਜਪਕਸੇ ਨੂੰ ਉਨ੍ਹਾਂ ਦੀ ਪਾਰਟੀ ਦੇ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਸਭਨਾਂ ਖੇਤਰਾਂ ਅਤੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਵਿਸ਼ੇਸ਼ ਸਬੰਧਾਂ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਕੰਮ ਕਰਨਗੀਆਂ।

ਰਾਜਪਕਸੇ ਨੇ ਇਸ ਦੀ ਜਾਣਕਾਰੀ ਦਿੰਦਿਆਂ ਟਵੀਟ ਕੀਤਾ, ‘ਫੋਨ ’ਤੇ ਵਧਾਈ ਦੇਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੁਹਾਡਾ ਧੰੰਨਵਾਦ। ਸ੍ਰੀਲੰਕਾ ਦੇ ਲੋਕਾਂ ਦੇ ਸਮਰਥਨ ਦੇ ਨਾਲ, ਦੋਵਾਂ ਮੁਲਕਾਂ ਵਿਚਾਲੇ ਲੰਮੇ ਸਮੇਂ ਤੋਂ ਚੱਲਦੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਤ ਹਾਂ। ਸ੍ਰੀਲੰਕਾ ਅਤੇ ਭਾਰਤ ਚੰਗੇ ਦੋਸਤ ਅਤੇ ਸਹਿਯੋਗੀ ਹਨ। ’

Previous articleਅਮਰੀਕਾ ਵਿੱਚ ਟਿਕ ਟੌਕ ਤੇ ਵੀਚੈਟ ’ਤੇ 45 ਦਿਨਾਂ ’ਚ ਲੱਗੇਗੀ ਪਾਬੰਦੀ
Next articleEng v Pak 1st Test, Day 3: Pak lead by 244, Eng bowlers lead fightback