ਸ੍ਰੀਨਗਰ ’ਚ ਗ੍ਰਨੇਡ ਹਮਲਾ; ਇਕ ਹਲਾਕ, 35 ਜ਼ਖ਼ਮੀ

ਅਤਿਵਾਦੀਆਂ ਨੇ ਹਰੀ ਸਿੰਘ ਹਾਈ ਸਟਰੀਟ ਮਾਰਕੀਟ ਨੂੰ ਬਣਾਇਆ ਨਿਸ਼ਾਨਾ

ਅਤਿਵਾਦੀਆਂ ਨੇ ਅੱਜ ਇੱਥੇ ਸ਼ਹਿਰ ਦੇ ਕੇਂਦਰੀ ਇਲਾਕੇ ’ਚ ਭੀੜ-ਭੜੱਕੇ ਵਾਲੇ ਬਾਜ਼ਾਰ ਵਿਚ ਗ੍ਰਨੇਡ ਹਮਲਾ ਕੀਤਾ। ਇਸ ਹਮਲੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 35 ਹੋਰ ਜ਼ਖ਼ਮੀ ਹੋ ਗਏ। ਲੰਘੇ ਇਕ ਮਹੀਨੇ ਵਿਚ ਸ੍ਰੀਨਗਰ ’ਚ ਇਹ ਦੂਜਾ ਗ੍ਰਨੇਡ ਹਮਲਾ ਹੈ। ਜ਼ਖ਼ਮੀਆਂ ਵਿਚ ਤਿੰਨ ਸੁਰੱਖਿਆ ਮੁਲਾਜ਼ਮ ਵੀ ਸ਼ਾਮਲ ਹਨ। ਫੱਟੜਾਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਦੋ ਜਣਿਆਂ ਦੀ ਹਾਲਤ ਗੰਭੀਰ ਹੈ। ਮ੍ਰਿਤਕ ਦੀ ਸ਼ਨਾਖ਼ਤ 40 ਸਾਲਾ ਰਿੰਕੂ ਸਿੰਘ ਵਜੋਂ ਹੋਈ ਹੈ ਤੇ ਉਹ ਸਹਾਰਨਪੁਰ ਦਾ ਰਹਿਣ ਵਾਲਾ ਹੈ। ਹਮਲਾ ਬਾਅਦ ਦੁਪਹਿਰ 1.20 ’ਤੇ ਹੋਇਆ ਤੇ ਉਸ ਵੇਲੇ ਹਰੀ ਸਿੰਘ ਹਾਈ ਸਟਰੀਟ ਮਾਰਕੀਟ ਲੋਕਾਂ ਤੇ ਸੜਕ ਕੰਢੇ ਰੇਹੜੀਆਂ ਲਾਉਣ ਵਾਲਿਆਂ ਨਾਲ ਭਰੀ ਹੋਈ ਸੀ। ਇਲਾਕੇ ਵਿਚ 12 ਅਕਤੂਬਰ ਨੂੰ ਕੀਤੇ ਗਏ ਹਮਲੇ ਵਿਚ ਵੀ 5 ਜਣੇ ਜ਼ਖ਼ਮੀ ਹੋ ਗਏ ਸਨ। ਸ਼ਹਿਰ ਵਿਚ ਟਰੈਫ਼ਿਕ ਕਾਫ਼ੀ ਘੱਟ ਗਿਆ ਹੈ ਕਿਉਂਕਿ ਸਕੱਤਰੇਤ ਹੁਣ ਜੰਮੂ ਤਬਦੀਲ ਹੋ ਗਿਆ ਹੈ। ਪੰਜ ਅਗਸਤ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਲਗਾਤਾਰ ਤਿੰਨ ਮਹੀਨਿਆਂ ਤੋਂ ਵਾਦੀ ’ਚ ਜਨਜੀਵਨ ਪ੍ਰਭਾਵਿਤ ਹੈ। ਹਾਲਾਂਕਿ 31 ਅਕਤੂਬਰ ਤੋਂ ਜੰਮੂ ਕਸ਼ਮੀਰ, ਲੱਦਾਖ ਸਣੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਿਆ ਗਿਆ ਹੈ। ਸਵੇਰੇ ਕੁਝ ਦੁਕਾਨਾਂ ਤੇ ਕਾਰੋਬਾਰ ਖੁੱਲ੍ਹਣ ਮਗਰੋਂ ਦੁਪਹਿਰ ਵੇਲੇ ਰੋਜ਼ਾਨਾ ਦੀ ਤਰ੍ਹਾਂ ਬੰਦ ਹੋ ਰਹੇ ਹਨ। ਸਕੱਤਰੇਤ ਜੰਮੂ ਚਲੇ ਜਾਣ ਕਾਰਨ ਗਾਹਕ ਵੀ ਘੱਟ ਗਏ ਹਨ। ਇਸੇ ਕਾਰਨ ਪ੍ਰਾਈਵੇਟ ਵਾਹਨ ਵੀ ਘੱਟ ਗਏ ਹਨ ਜਦਕਿ ਸਰਕਾਰੀ ਟਰਾਂਸਪੋਰਟ ਹਾਲੇ ਵੀ ਬੰਦ ਹੈ। ਦਸਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮਿੱਥੇ ਸਮੇਂ ਮੁਤਾਬਕ ਚੱਲ ਰਹੀਆਂ ਹਨ ਪਰ ਵਿਦਿਆਰਥੀ ਸਕੂਲ ਖੁੱਲ੍ਹਣ ਦੇ ਬਾਵਜੂਦ ਵੀ ਵਿਦਿਅਕ ਅਦਾਰਿਆਂ ਦਾ ਰੁਖ਼ ਨਹੀਂ ਕਰ ਰਹੇ। ਉਨ੍ਹਾਂ ਦੇ ਮਾਪੇ ਸੁਰੱਖਿਆ ਬਾਰੇ ਫ਼ਿਕਰਮੰਦ ਹਨ। ਲੈਂਡਲਾਈਨ ਤੇ ਪੋਸਟਪੇਡ ਸੇਵਾਵਾਂ ਹੀ ਚੱਲ ਰਹੀਆਂ ਹਨ ਜਦਕਿ ਇੰਟਰਨੈੱਟ ਬੰਦ ਹੈ।

Previous articleਮਹਾਰਾਸ਼ਟਰ: ਸਿਆਸੀ ਜਮੂਦ ਤੋੜਨ ਲਈ ਮੀਟਿੰਗਾਂ ਦਾ ਦੌਰ ਸ਼ੁਰੂ
Next articleDismantling Casteism & Racism Symposium Continuing the Unfinished Legacy of Dr. B.R. Ambedkar