ਸ੍ਰੀਨਗਰ ’ਚ ਅਬਦੁੱਲਾ ਦੀ ਭੈਣ ਤੇ ਧੀ ਸਮੇਤ ਛੇ ਮਹਿਲਾ ਕਾਰਕੁਨ ਗ੍ਰਿਫ਼ਤਾਰ

ਪੁਲੀਸ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁਲਾ ਦੀ ਭੈਣ ਤੇ ਧੀ ਸਮੇਤ ਅੱਧੀ ਦਰਜਨ ਮਹਿਲਾ ਕਾਰਕੁਨਾਂ ਨੂੰ ਅੱਜ ਸ੍ਰੀਨਗਰ ਵਿੱਚ ਗ੍ਰਿਫ਼ਤਾਰ ਕਰ ਲਿਆ। ਇਹ ਕਾਰਕੁਨਾਂ ਧਾਰਾ 370 ਨੂੰ ਮਨਸੂਖ਼ ਕਰਨ ਤੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਫੈਸਲੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਸਨ। ਅਬਦੁੱਲਾ ਦੀ ਭੈਣ ਸੁਰੱਈਆ ਮੱਟੂ ਤੇ ਧੀ ਸਫ਼ੀਆ ਸਮੇਤ ਹੋਰਨਾਂ ਕਾਰਕੁਨਾਂ ਨੂੰ ਪੁਲੀਸ ਨੇ ਪਹਿਲਾਂ ਹਿਰਾਸਤ ਵਿੱਚ ਲਿਆ ਤੇ ਮਗਰੋਂ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਨੈਸ਼ਨਲ ਕਾਨਫਰੰਸ ਨੇ ਮਹਿਲਾ ਕਾਰਕੁਨਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹੀ ਕਾਰਵਾਈ ਨਾਲ ਜਿੱਥੇ ਸਥਾਨਕ ਲੋਕਾਂ ’ਚ ਬੇਗਾਨਗੀ ਦੀ ਭਾਵਨਾ ਵਧੇਗੀ, ਉਥੇ ਵਾਦੀ ਵਿੱਚ ਹਾਲਾਤ ਆਮ ਵਾਂਗ ਕਰਨ ਦਾ ਕੰਮ ਪੱਛੜੇਗਾ।
ਇਸ ਤੋਂ ਪਹਿਲਾਂ ਬਾਹਾਂ ’ਤੇ ਕਾਲੇ ਬਿੱਲੇ ਲਾਈ ਤੇ ਹੱਥਾਂ ਵਿੱਚ ਤਖ਼ਤੀਆਂ ਫੜੀ ਅੱਧੀ ਦਰਜਨ ਮਹਿਲਾਂ ਕਾਰਕੁਨਾਂ ਨੇ ਜਿਉਂ ਹੀ ਰੋਸ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਦਸਤਿਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਡੱਕ ਦਿੱਤਾ। ਪੁਲੀਸ ਨੇ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਮੀਡੀਆ ਦੇ ਨਾਂ ਜਾਰੀ ਬਿਆਨ ਵੰਡਣ ਤੋਂ ਵੀ ਵਰਜਿਆ। ਬਿਆਨ ਵਿੱਚ ਧਾਰਾ 370 ਤੇ 35 ਏ ਨੂੰ ਖਾਰਜ ਕਰਨ ਦੇ ਫੈਸਲੇ ਨਾਲ ਅਸਹਿਮਤੀ ਜ਼ਾਹਿਰ ਕਰਦਿਆਂ ਸੂਬੇ ਨੂੰ ਦੋ ਹਿੱਸਿਆਂ ’ਚ ਵੰਡਣ ਦਾ ਵਿਰੋਧ ਕੀਤਾ ਗਿਆ ਸੀ। ਕਾਰਕੁਨਾਂ ਨੇ ਕਸ਼ਮੀਰੀ ਆਵਾਮ ਦੇ ਨਾਗਰਿਕ ਤੇ ਬੁਨਿਆਦੀ ਹੱਕਾਂ ਨੂੰ ਬਹਾਲ ਕਰਨ ਦੀ ਮੰਗ ਵੀ ਕੀਤੀ। ਮਗਰੋਂ ਸੀਆਰਪੀਐਫ਼ ਦੇ ਮਹਿਲਾ ਅਮਲੇ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਂਦਿਆਂ ਪੁਲੀਸ ਵਾਹਨਾਂ ਵਿੱਚ ਬਿਠਾ ਦਿੱਤਾ। ਉਧਰ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਆਗੂਆਂ ਨੇ ਪਾਰਟੀ ਦੇ ਸਦਰਮੁਕਾਮ ਤੋਂ ਜਾਰੀ ਇਕ ਸਾਂਝੇ ਬਿਆਨ ਵਿੱਚ ਸਾਬਕਾ ਮੁੱਖ ਮੰਤਰੀ ਦੀ ਭੈਣ ਤੇ ਧੀ ਸਮੇਤ ਹੋਰਨਾਂ ਮਹਿਲਾ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਵਿਰੋਧ ਕੀਤਾ।

Previous articleਪ੍ਰਕਾਸ਼ ਪੁਰਬ: ਮੁੱਖ ਮੰਤਰੀ ਨੇ ਸਮੁੱਚੇ ਫ਼ੈਸਲੇ ਅਕਾਲ ਤਖ਼ਤ ’ਤੇ ਛੱਡੇ
Next articleਐਟਵੁੱਡ ਤੇ ਏਵਾਰਿਸਟੋ ਨੂੰ ਸਾਂਝੇ ਤੌਰ ’ਤੇ ਮਿਲੇਗਾ ਬੁੱਕਰ ਪੁਰਸਕਾਰ