ਸੌਰਭ ਨੇ ਵੀਅਤਨਾਮ ਓਪਨ ਖ਼ਿਤਾਬ ਜਿੱਤਿਆ

ਭਾਰਤੀ ਬੈਡਮਿੰਟਨ ਖਿਡਾਰੀ ਸੌਰਭ ਵਰਮਾ ਨੇ ਅੱਜ ਇੱਥੇ ਵੀਅਤਨਾਮ ਓਪਨ ਬੀਡਬਲਿਯੂਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਚੀਨ ਦੇ ਸੁਨ ਫੇਈ ਸ਼ਿਆਂਗ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਦੂਜਾ ਦਰਜਾ ਪ੍ਰਾਪਤ ਸੌਰਭ ਨੇ 75 ਹਜ਼ਾਰ ਡਾਲਰ ਪੁਰਸਕਾਰ ਰਕਮ ਵਾਲੇ ਟੂਰਨਾਮੈਂਟ ਦੇ ਇੱਕ ਘੰਟੇ 12 ਮਿੰਟ ਤੱਕ ਚੱਲੇ ਫਾਈਨਲ ਮੁਕਾਬਲੇ ਨੂੰ 21-12, 17-21, 21-14 ਨਾਲ ਆਪਣੇ ਨਾਮ ਕੀਤਾ।
ਇਸ ਜਿੱਤ ਮਗਰੋਂ ਸੌਰਭ ਨੇ ਕਿਹਾ, ‘‘ਇਸ ਹਫ਼ਤੇ ਮੈਂ ਜਿਵੇਂ ਖੇਡਿਆ ਉਸ ਤੋਂ ਕਾਫ਼ੀ ਖ਼ੁਸ਼ ਹਾਂ। ਮੈਂ ਜਾਪਾਨ ਦੇ ਤਿੰਨ ਖਿਡਾਰੀਆਂ ਖ਼ਿਲਾਫ਼ ਜਿੱਤ ਦਰਜ ਕੀਤੀ ਅਤੇ ਉਨ੍ਹਾਂ ਖਿਡਾਰੀਆਂ ਦੇ ਖੇਡਣ ਦਾ ਤਰੀਕਾ ਇੱਕੋ ਜਿਹਾ ਸੀ। ਉਹ ਹਮਲਾਵਰ ਹੋ ਕੇ ਖੇਡ ਰਿਹਾ ਸੀ। ਉਸ ਨੂੰ ਹਰਾਉਣਾ ਚੰਗਾ ਰਿਹਾ।’’ ਸੌਰਭ ਨੇ ਚੈਂਪੀਅਨ ਬਣਨ ਦੇ ਸਫ਼ਰ ਦੌਰਾਨ ਜਾਪਾਨ ਦੇ ਕੋਦਾਈ ਨਾਰੋਕਾ, ਯੂ ਇਗਾਰਾਸ਼ੀ ਅਤੇ ਮਿਨੋਰੂ ਕੋਗਾ ਨੂੰ ਹਰਾਇਆ। ਮੌਜੂਦਾ ਕੌਮੀ ਚੈਂਪੀਅਨ ਸੌਰਭ ਇਸ ਸਾਲ ਹੈਦਰਾਬਾਦ ਓਪਨ ਅਤੇ ਸਲੋਵੇਨਿਆਈ ਕੌਮਾਂਤਰੀ ਚੈਂਪੀਅਨਸ਼ਿਪ ਦਾ ਖ਼ਿਤਾਬ ਵੀ ਜਿੱਤ ਚੁੱਕਿਆ ਹੈ।
ਭਾਰਤੀ ਖਿਡਾਰੀ ਨੇ ਕਿਹਾ, ‘‘ਫਾਈਨਲ ਮੁਕਾਬਲਾ ਮੁਸ਼ਕਲ ਸੀ, ਪਰ ਮੈਂ ਖ਼ੁਸ਼ ਹਾਂ ਕਿ ਮੈਂ ਆਪਣੇ ਢੰਗ ਨਾਲ ਖੇਡ ਸਕਿਆ ਅਤੇ ਜੇਤੂ ਬਣਿਆ। ਇਸ ਖ਼ਿਤਾਬ ਨਾਲ ਮੇਰਾ ਹੌਸਲਾ ਵਧੇਗਾ।’’ ਸੌਰਭ ਅਤੇ ਸੁਨ ਵਿਚਾਲੇ ਇਹ ਤੀਜੀ ਟੱਕਰ ਸੀ। ਸੌਰਭ ਇਸ ਤੋਂ ਪਹਿਲਾਂ ਕੈਨੇਡਾ ਅਤੇ ਹੈਦਰਾਬਾਦ ਵਿੱਚ ਇਸ ਖਿਡਾਰੀ ਨੂੰ ਹਰਾ ਚੁੱਕਿਆ ਸੀ।
ਵਿਸ਼ਵ ਦਰਜਾਬੰਦੀ ਵਿੱਚ 38ਵੇਂ ਸਥਾਨ ’ਤੇ ਕਾਬਜ਼ ਸੌਰਭ ਨੇ ਫਾਈਨਲ ਬਾਰੇ ਕਿਹਾ, ‘‘ਪਹਿਲੀ ਗੇਮ ਵਿੱਚ ਮੈਂ ਉਸ ਦੇ ਕਮਜੋਰ ਰਿਟਰਨ ਦੀ ਉਡੀਕ ਕਰ ਰਿਹਾ ਸੀ। ਮੈਨੂੰ ਲੱਗਿਆ ਕਿ ਉਸ ਦਾ ਡਿਫੈਂਸ ਕਮਜੋਰ ਹੈ ਅਤੇ ਉਸ ਦਾ ਫ਼ਾਇਦਾ ਉਠਾਉਣਾ ਚਾਹੁੰਦਾ ਸੀ। ਉਸ ਨੇ ਲੋੜ ਤੋਂ ਵੱਧ ਗ਼ਲਤੀਆਂ ਕੀਤੀਆਂ, ਜਿਸ ਦਾ ਮੈਨੂੰ ਫ਼ਾਇਦਾ ਮਿਲਿਆ।’’ ਉਸ ਨੇ ਕਿਹਾ, ‘‘ਦੂਜੀ ਗੇਮ ਵਿੱਚ ਮੈਨੂੰ ਕੋਰਟ ਦੇ ਦੂਜੇ ਪਾਸੇ ਪ੍ਰੇਸ਼ਾਨੀ ਹੋ ਰਹੀ ਸੀ ਅਤੇ ਉਸ ਨੇ ਵੱਡੀ ਲੀਡ ਕਾਇਮ ਕਰ ਲਈ। ਤੀਜੀ ਗੇਮ ਵਿੱਚ ਕੋਰਟ ਦਾ ਬਦਲਾਅ ਹੋਣ ਕਾਰਨ ਮੈਂ ਫਿਰ ਆਪਣੀ ਰਣਨੀਤੀ ਮੁਤਾਬਕ ਖੇਡ ਸਕਿਆ। ਇਸ ਜਿੱਤ ਤੋਂ ਮੈਂ ਖ਼ੁਸ਼ ਹਾਂ।’’
ਸੌਰਭ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ 24 ਤੋਂ 29 ਸਤੰਬਰ ਤੱਕ ਖੇਡੇ ਜਾਣ ਵਾਲੇ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਵਿੱਚ ਹਿੱਸਾ ਲਵੇਗਾ, ਜਿਸ ਦੀ ਪੁਰਸਕਾਰ ਰਕਮ ਚਾਰ ਲੱਖ ਡਾਲਰ ਹੈ ਤਾਂ ਉਸ ਨੇ ਕਿਹਾ ਕਿ ਉਹ ਇਸ ਸਬੰਧੀ ਫ਼ੈਸਲਾ ਘਰ ਪਹੁੰਚ ਕੇ ਪੂਰੀ ਤਰ੍ਹਾਂ ਫਿੱਟ ਹੋਣ ਮਗਰੋਂ ਕਰੇਗਾ।
ਸੌਰਭ ਨੇ ਫਾਈਨਲ ਦੀ ਪਹਿਲੀ ਗੇਮ ਵਿੱਚ ਦਬਦਬੇ ਨਾਲ ਸ਼ੁਰੂਆਤ ਕਰਦਿਆਂ 4-0 ਦੀ ਲੀਡ ਬਣਾਈ ਅਤੇ ਬਰੇਕ ਮਗਰੋਂ ਉਹ 11-4 ਨਾਲ ਅੱਗੇ ਸੀ। ਬਰੇਕ ਮਗਰੋਂ ਉਸ ਨੇ ਸਕੋਰ 15-4 ਕਰ ਲਿਆ। ਸੁਨ ਨੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਸੌਰਭ ਨੇ ਆਸਾਨੀ ਨਾਲ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ਵਿੱਚ ਸੁਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 8-0 ਦੀ ਲੀਡ ਹਾਸਲ ਕਰ ਲਈ। ਬਰੇਕ ਸਮੇਂ ਉਸ ਦੀ ਲੀਡ 11-5 ਦੀ ਸੀ। ਬਰੇਕ ਮਗਰੋਂ ਵੀ ਸੌਰਭ ਜੂਝਦਾ ਨਜ਼ਰ ਆਇਆ, ਜਿਸ ਦਾ ਫ਼ਾਇਦਾ ਉਠਾਉਂਦਿਆਂ ਸੁਨ ਨੇ ਗੇਮ ਆਪਣੇ ਨਾਮ ਕਰ ਲਈ।
ਫ਼ੈਸਲਾਕੁਨ ਗੇਮ ਦੇ ਸ਼ੁਰੂ ਵਿੱਚ 26 ਸਾਲ ਦਾ ਸੌਰਭ 2-4 ਨਾਲ ਪੱਛੜ ਰਿਹਾ ਸੀ, ਪਰ ਬਰੇਕ ਤਕ ਉਸ ਨੇ 11-7 ਦੀ ਲੀਡ ਕਾਇਮ ਕਰ ਲਈ। ਚੀਨ ਦੇ ਖਿਡਾਰੀ ਨੇ ਉਸ ਨੂੰ ਚੁਣੌਤੀ ਦਿੱਤੀ, ਪਰ ਭਾਰਤੀ ਖਿਡਾਰੀ ਨੇ ਆਪਣੀ ਲੀਡ ਬਰਕਰਾਰ ਰੱਖੀ। ਜਦੋਂ ਉਹ 17-14 ਨਾਲ ਅੱਗੇ ਸੀ ਤਾਂ ਉਸ ਨੇ ਲਗਾਤਾਰ ਚਾਰ ਅੰਕ ਹਾਸਲ ਕਰਕੇ ਚੀਨੀ ਖਿਡਾਰੀ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ। ਮੱਧ ਪ੍ਰਦੇਸ਼ ਦਾ ਇਹ ਖਿਡਾਰੀ ਬੀਤੇ ਸਾਲ ਡੱਚ ਓਪਨ ਅਤੇ ਕੋਰੀਆ ਓਪਨ ਦਾ ਖ਼ਿਤਾਬ ਜਿੱਤ ਚੁੱਕਿਆ ਹੈ।

Previous articleScindia holds show of strength in Indore
Next article12 killed, 30 missing as boat capsizes in Godavari