ਸੋਨੀਆ, ਖੁਰਸ਼ੀਦ ਤੇ ਭਾਜਪਾ ਆਗੂਆਂ ’ਤੇ ਨਫ਼ਰਤੀ ਭਾਸ਼ਣ ਦੇਣ ਦਾ ਦੋਸ਼

ਦਿੱਲੀ ਹਾਈ ਕੋਰਟ ਵਿੱਚ ਇੱਕ ਅਪੀਲ ਦਾਇਰ ਕਰ ਕੇ ਕਾਂਗਰਸੀ ਆਗੂਆਂ ਸੋਨੀਆ ਗਾਂਧੀ, ਸਲਮਾਨ ਖੁਰਸ਼ੀਦ ਅਤੇ ਭਾਜਪਾ ਆਗੂਆਂ ਅਨੁਰਾਗ ਠਾਕੁਰ ਤੇ ਕਪਿਲ ਮਿਸ਼ਰਾ ’ਤੇ ਨਫ਼ਰਤੀ ਭਾਸ਼ਣ ਦੇਣ ਦਾ ਦੋਸ਼ ਲਾਇਆ ਗਿਆ ਹੈ। ਇਸ ਅਪੀਲ ਰਾਹੀਂ ਨਫ਼ਰਤੀ ਭਾਸ਼ਣ ਦੇਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਪਿਛਲੇ ਮਹੀਨੇ ਉੱਤਰ-ਪੂਰਬੀ ਦਿੱਲੀ ਵਿੱਚ ਹੋਏ ਸੰਪਤੀ ਦੇ ਨੁਕਸਾਨ ਦਾ ਅਨੁਮਾਨ ਲਾਉਣ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕਰਨ ਲਈ ਕਿਹਾ ਗਿਆ ਹੈ। ਦੀਪਕ ਮਦਾਨ ਵੱਲੋਂ ਦਾਇਰ ਇਸ ਅਪੀਲ ਰਾਹੀਂ ਨਫ਼ਰਤੀ ਭਾਸ਼ਣ ਦੇਣ ਵਾਲਿਆਂ ਦੀ ਸੰਪਤੀ ਜ਼ਬਤ ਕਰ ਕੇ ਅਤੇ ਇਨ੍ਹਾਂ ਨੂੰ ਵੇਚਕੇ ਫ਼ਿਰਕੂ ਹਿੰਸਾ ਦਾ ਸ਼ਿਕਾਰ ਹੋਏ ਲੋਕਾਂ ਨੂੰ ਮੁਆਵਜ਼ਾ ਦੇਣ ਦਾ ਸੁਝਾਅ ਦਿੱਤਾ ਹੈ। ਇਸ ਅਪੀਲ ਮੁਤਾਬਕ ਰਾਜਸੀ ਆਗੂਆਂ ਵੱਲੋਂ ਦਿੱਤੇ ਨਫ਼ਰਤੀ ਭਾਸ਼ਣ ਨਾ ਸਿਰਫ਼ ਇਤਰਾਜ਼ਯੋਗ ਸਨ ਬਲਕਿ ਭੜਕਾਊ ਵੀ ਸਨ, ਜਿਨ੍ਹਾਂ ਕਾਰਨ ਇਹ ਹਿੰਸਾ ਹੋਈ। ਅਪੀਲ ਰਾਹੀਂ ਇਨ੍ਹਾਂ ਆਗੂਆਂ ਨੂੰ ਕਥਿਤ ਤੌਰ ’ਤੇ ਨਫ਼ਰਤੀ ਭਾਸ਼ਣ ਪੋਸਟ ਕਰਨ ਅਤੇ ਦੇਸ਼ ਦੀ ਏਕਤਾ ਨੂੰ ਤੋੜਨ ਦੇ ਦੋਸ਼ ਹੇਠ ਕੌਮੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ, ਕਿਉਂਕਿ ਇਨ੍ਹਾਂ ਦੇ ਨਫ਼ਰਤੀ ਭਾਸ਼ਣਾਂ ਕਾਰਨ ਉੱਤਰ-ਪੂਰਬੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸੰਪਤੀ ਨੂੰ ਨੁਕਸਾਨ ਪੁੱਜਾ ਸੀ। ਅਪੀਲ ਰਾਹੀਂ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਨਫ਼ਰਤੀ ਭਾਸ਼ਣ ਦੇਣ ਵਾਲੇ ਆਗੂਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ‘ਇਨ੍ਹਾਂ ਨਫ਼ਰਤੀ ਅਤੇ ਭੜਕਾਊ ਭਾਸ਼ਣਾਂ ਦਾ ਅਸਰ ਉੱਤਰ-ਪੂਰਬੀ, ਪੂਰਬੀ ਦਿੱਲੀ ਅਤੇ ਸ਼ਾਹਦਰਾ ਜ਼ਿਲ੍ਹੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਦੰਗਿਆਂ ਅਤੇ ਭੀੜ ਵੱਲੋਂ ਕੀਤੇ ਹਮਲਿਆਂ ਕਾਰਨ ਕਈ ਵਿਅਕਤੀਆਂ ਦੀਆਂ ਜਾਨਾਂ ਗਈਆਂ, ਸੰਪਤੀ ਦਾ ਨੁਕਸਾਨ ਹੋਇਆ ਅਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ।

Previous articleਨਿਰਭਯਾ ਕੇਸ: ਹਾਈ ਕੋਰਟ ਨੇ ਤਿਹਾੜ ਨੂੰ ਮੀਡੀਆ ਹਾਊਸ ਦੀ ਅਰਜ਼ੀ ਵਿਚਾਰਨ ਲਈ ਆਖਿਆ
Next articleਕਾਰਬਨ ਨਿਰਲੇਪਤਾ ਦਾ ਟੀਚਾ ਹਾਸਲ ਕਰਨ ਲਈ ਭਾਰਤ, ਅਮਰੀਕਾ ਤੇ ਚੀਨ ਦੀ ਮਦਦ ਕਰੇਗਾ ਸੰਯੁਕਤ ਰਾਸ਼ਟਰ