ਸੋਚ

ਗੁਰਜੀਤ ਕੌਰ ਮੋਗਾ

(ਸਮਾਜ ਵੀਕਲੀ)

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੰਪਨੀ ਵੱਲੋਂ ਦੀਵਾਲੀ ਦੇ ਸਬੰਧ ਵਿੱਚ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਕੰਪਨੀ ਵਿੱਚ ਕੰਮ ਕਰਦੇ ਕਰਮਚਾਰੀ ਪਰਿਵਾਰਾਂ ਸਮੇਤ ਪੰਡਾਲ ਵਿੱਚ ਪਹੁੰਚ ਚੁੱਕੇ ਸਨ ।ਕਾਫੀ ਗਹਿਮਾ ਗਹਿਮੀ ਵਾਲਾ ਮਾਹੌਲ ਸੀ ।ਪੰਡਾਲ ਦੇ ਇੱਕ ਪਾਸੇ ਵੰਨ ਸਵੰਨੀਆਂ ਖਾਣ ਪੀਣ ਵਾਲੀਆਂ ਵਸਤਾਂ ਨੂੰ ਬੜੇ ਸਲੀਕੇ ਨਾਲ ਲਗਾਇਆ ਗਿਆ ਸੀ।ਕਾਊਂਟਰਾਂ ਤੇ ਕਈ ਪ੍ਰਕਾਰ ਦੇ ਪਕਵਾਨ ਸਜਾਏ ਗਏ ਸਨ। ਦੇਖਦੇ ਹੀ ਦੇਖਦੇ ਦੀਵਾਲੀ ਮੇਲਾ ਪੂਰੀ ਤਰ੍ਹਾਂ ਭਰ ਚੁੱਕਿਆ ਸੀ। ਕੁਝ ਲੋਕ ਖਾਣ ਪੀਣ ਦਾ ਲੁਤਫ ਲੈ ਰਹੇ ਸਨ ਤੇ ਕੁਝ ਮੌਜ ਮਸਤੀ ਕਰਦਿਆਂ ਇਧਰ ਉੱਧਰ  ਰਹੇ ਸਨ ।ਪ੍ਰੋਗਰਾਮ ਸ਼ੁਰੂ ਹੋਣ ਵਿੱਚ ਚੰਦ ਕੁ ਮਿੰਟ ਬਾਕੀ ਰਹਿ ਗਏ ਸਨ।

ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਪ੍ਰੋਗਰਾਮ ਦਾ ਆਗਾਜ ਹੋਇਆ। ਸਟੇਜ ਐਂਕਰ ਨੇ ਆਪਣੇ ਗਰੁੱਪ ਦੇ ਮੈਂਬਰਾਂ ਨੂੰ ਦਰਸ਼ਕਾਂ ਦੇ ਰੂ ਬਰੂ ਕਰਵਾਇਆ ।ਦਰਸ਼ਕਾਂ ਨਾਲ ਭਰਿਆ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਪ੍ਰੋਗਰਾਮ ਦਾ ਆਗਾਜ਼ ਧਾਰਮਿਕ ਗੀਤ ਨਾਲ ਸ਼ੁਰੂ ਕੀਤਾ ਗਿਆ। ਸਟੇਜ ਐਂਕਰ ਗਰੁੱਪ ਸਮੇਤ ਆਪਣੀ ਸੋਚ ਤੇ ਕਲਾ ਦਾ ਪ੍ਰਗਟਾਵਾ ਕਰ ਰਹੇ ਸਨ ।ਬੋਲੀਆਂ ,ਗਿੱਧੇ ਤੇ ਭੰਗੜੇ ਨਾਲ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਨੂੰ ਕੀਲ ਕੇ ਰੱਖਿਆ ਸੀ। ਮਲਵਈ ਗਿੱਧੇ ਵਿੱਚ ਜਿੱਥੇ ਵੱਡੀ ਉਮਰ ਦੇ ਕਲਾਕਾਰਾਂ ਨੇ ਬੋਲੀਆਂ ਤੇ ਨੱਚਣ ਦੇ ਜੌਹਰ ਦਿਖਾਏ ਉੱਥੇ ਨੌਜਵਾਨ ਮੁਟਿਆਰਾਂ ਨੇ ਵੀ ਗਿੱਧੇ ‘ਚ ਧਮਾਲਾਂ ਪਾਉਂਦਿਆਂ ਸਮਾਂ ਬੰਨ੍ਹ ਕੇ ਰੱਖਿਆ। ਜਸਮੀਤ ਤੇ ਸਿਮਰਤ ਵੀ ਗੱਪ ਸ਼ੱਪ ਦੇ ਨਾਲ ਨਾਲ ਪ੍ਰੋਗਰਾਮ ਦਾ ਆਨੰਦ ਲੈ ਰਹੀਆਂ ਸਨ।

ਸਿਮਰਤ ਦੀ ਨਾਲ ਵਾਲੀ ਸੀਟ ਤੇ ਇੱਕ ਨੌਜਵਾਨ ਲੜਕੀ ਆ ਕੇ ਬੈਠ ਗਈ। ਉਸ ਦਾ ਛੋਟਾ ਜਿਹਾ ਬੱਚਾ ਜੋ ਪਾਸ ਹੀ ਖੇਡਣ ਲੱਗ ਪਿਆ। ਸਿਮਰਤ ਉਸ ਲੜਕੀ ਨਾਲ ਗੱਲੀਂ ਲੱਗ ਗਈ ਪਰ ਜਸਮੀਤ ਉਸ ਲੜਕੀ ਤੋਂ ਅਣਜਾਣ ਸੀ। ਬੱਚਾ ਵਾਰ ਵਾਰ ਖੇਡ ਦਾ ਦੂਰ ਚਲਾ ਜਾਂਦਾ ਪਰ ਉਹ ਲੜਕੀ ਫਿਰ ਉਸ ਨੂੰ ਚੁੱਕ ਕੇ ਵਾਪਸ ਆਪਣੀ ਸੀਟ ਤੇ ਲੈ ਆਉਂਦੀ। ਬੱਚਾ ਰੋਣ ਲੱਗ ਪਿਆ ਅਤੇ ਉਹ ਲੜਕੀ ਬੱਚੇ ਨੂੰ ਚੁੱਕ ਕੇ ਬਾਹਰ ਆ ਗਈ। ਜਸਮੀਤ ਨੇ ਸਿਮਰਤ ਤੋਂ ਉਸ ਲੜਕੀ ਬਾਰੇ ਜਾਣਨਾ ਚਾਹਿਆ ।ਸਿਮਰਤ ਨੇ ਦੱਸਿਆ ਕਿ ਇਹ ਤਾਂ ਕਮਲ ਦੀ ਘਰਵਾਲੀ ਹੈ।

ਜਸਮੀਤ ਨੇ ਹੈਰਾਨ ਹੁੰਦਿਆਂ ਪੁੱਛਿਆ,, ਕਿਹੜਾ ਕਮਲ ?

“ਉਹੀ ਜੋ ਪਹਿਲਾਂ ਤੁਹਾਡੀ ਰਿਸ਼ਤੇਦਾਰੀ ਵਿੱਚ ਵਿਆਹਿਆ ਸੀ, ਤਲਾਕ ਦੇ ਬਾਅਦ ਇਹਦੇ ਨਾਲ ਵਿਆਹ ਹੋ ਗਿਆ।

ਇਹ ਤਾਂ ਬਹੁਤ ਸਮਝਦਾਰ ਲੜਕੀ ਹੈ ,ਸਾਲ ਬਾਅਦ ਇਨ੍ਹਾਂ ਦੇ ਮੁੰਡਾ ਹੋ ਗਿਆ ਅਤੇ ਹੁਣ ਵਧੀਆ ਘਰ ਵੱਸਦਾ।”ਸਿਮਰਤ ਨੇ ਚੁੰਨੀ ਠੀਕ ਕਰਦਿਆਂ  ਕਿਹਾ।

ਤੁਹਾਡੀ ਕੁੜੀ ਤਾਂ ਬਾਹਲੇ ਖੁੱਲ੍ਹੇ ਵਿਚਾਰਾਂ ਵਾਲੀ ਸੀ, ਤਾਂ ਹੀ ਤਲਾਕ ਹੋ ਗਿਆ।ਸਿਮਰਤ ਨੇ ਆਪਣੀ ਸੌੜੀ ਸੋਚ ਜ਼ਾਹਰ ਕਰਦਿਆਂ ਕਿਹਾ ।
ਜਸਮੀਤ ਨੂੰ ਸਿਮਰਤ ਦੇ ਬੋਲ ਕੁਝ ਚੁੱਭਣ ਲੱਗੇ ਤੇ ਕਿਹਾ “ਸਾਡੀ ਕੁੜੀ ਪੜ੍ਹੀ ਲਿਖੀ ਸੀ ,ਉਸ ਨੂੰ ਸਟੇਜ ਕਰਨ ਦਾ ਸ਼ੌਕ ਸੀ ਤੇ ਬਾਕੀ ਇਨ੍ਹਾਂ ਦਾ ਆਪਸ ਵਿੱਚ ਵਿਚਾਰ ਨਹੀਂ ਮਿਲੇ।”

ਅਜੇ ਉਨ੍ਹਾਂ ਦੋਹਾਂ ਦੀ ਆਪਸੀ ਗੱਲਬਾਤ ਚੱਲ ਹੀ ਰਹੀ ਸੀ ਕਿ ਇੰਨੇ ਨੂੰ ਸਟੇਜ ਐਂਕਰ ਨੇ ਸਟੇਜ ਤੇ ਬੋਲਦਿਆਂ ਕਿਹਾ “ਕਿ ਜਿਹੜੀਆਂ ਕੁੜੀਆਂ ਸਟੇਜ ਤੇ ਮੇਰੇ ਨਾਲ ਆਪਣੇ ਹੁਨਰ ਦੀ ਪੇਸ਼ਕਾਰੀ ਕਰ ਰਹੀਆਂ ਹਨ, ਇ ਸਭ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਇੱਥੋਂ ਤੱਕ ਪਹੁੰਚੀਆਂ ਨੇ ।”

ਮੇਰਾ ਮਿਸ਼ਨ ਤੇ ਸੁਪਨਾ ਹੈ  ਇਹ ਸਭ ਆਪਣੀ ਕਲਾ ਦੇ ਜੌਹਰ ਦਿਖਾ ਕੇ ਆਪਣੇ ਬਲਬੂਤੇ ਅਤੇ ਆਪਣੇ ਪੈਰਾਂ ਤੇ ਖੜ੍ਹੀਆਂ ਹੋਣ। ਮੈਂ ਆਪਣਾ ਇਹ ਸੰਕਲਪ ਇਨ੍ਹਾਂ ਲੜਕੀਆਂ ਨੂੰ ਆਤਮ ਨਿਰਭਰ ਬਣਾ ਕੇ ਪੂਰਾ ਕਰਾਂਗੀ ਤਾਂ ਜੋ ਇਨ੍ਹਾਂ ਦੇ ਮਾਪਿਆਂ ਨੂੰ ਆਪਣੀਆਂ ਧੀਆਂ ਤੇ ਮਾਣ ਮਹਿਸੂਸ ਹੋਵੇ।”

ਉਸ ਨੇ ਧੀਆਂ ਦੇ ਹੱਕਾਂ ਦੀ ਪ੍ਰੋੜਤਾ ਕਰਦਿਆਂ ਕਿਹਾ  “ਕਿ ਆਓ ਆਪਾਂ ਸਾਰੇ ਧੀਆਂ ਨੂੰ ਉਨ੍ਹਾਂ ਨੂੰ ਬਣਦਾ ਹੱਕ ਦੇਈਏ,ਉਨ੍ਹਾਂ ਨੂੰ ਪੜ੍ਹਾਈਏ ਅਤੇ ਉਨ੍ਹਾਂ ਦੇ ਹੁਨਰ ਨੂੰ ਪਹਿਚਾਣਦੇ ਹੋਏ ਅੱਗੇ ਵੱਧਣ ਵਿੱਚ ਧੀਆਂ ਦਾ ਸਾਥ ਦਈਏ।” ਉਸ ਨੇ ਆਪਣੀ ਉੱਚੀ ਤੇ ਸੁੱਚੀ ਸੋਚ ਦਾ ਖੁੱਲ੍ਹ ਕੇ ਮੰਥਨ ਕੀਤਾ।ਉਸ ਨੇ ਦਰਸ਼ਕਾਂ ਨੂੰ ਇਹ ਪ੍ਰਣ ਕਰਨ ਲਈ ਕਿਹਾ ਕਿ ਅਸੀਂ ਧੀਆਂ ਨੂੰ ਅੱਗੇ ਵਧਣ ਤੋਂ ਨਹੀਂ ਰੋਕਾਂਗੇ ਤਾਂ ਸਾਰੇ ਪੰਡਾਲ ਵਿੱਚ ਚੁੱਪ ਛਾ ਗਈ।

ਸਟੇਜ ਐਂਕਰ ਦੇ ਧੀਆਂ ਦੇ ਪੱਖ ਵਾਲੇ ਉੱਚੇ ਬੋਲਾਂ ਨਾਲ ਸਾਰੇ ਪਾਸੇ ਸਨਾਟਾ ਛਾ ਗਿਆ। ਉਸ ਦੇ ਵਿਚਾਰ ਸੁਣ ਕੇ ਸਿਮਰਤ ਦੇ ਨਾਕਾਰਾਤਮਕ ਸੋਚ ਵਾਲੇ ਸ਼ਬਦਾਂ ਨੂੰ ਵੀ ਲਗਾਮ ਲੱਗ ਗਈ।

ਗੁਰਜੀਤ ਕੌਰ ‘ਮੋਗਾ’
Gurjeetkaurwriter@gmail.com

Previous articleਗ਼ਜ਼ਲ / ਮਲਕੀਤ ਮੀਤ
Next articleਗੁਰਜੀਤ ਕੌਰ ‘ਮੋਗਾ’