ਸੈਕਟਰ-17 ਸਥਿਤ ਆਈਲੈਟਸ ਇੰਸਟੀਚਿਊਟ ’ਚ ਅੱਗ ਲੱਗੀ

ਚੰਡੀਗੜ੍ਹ (ਸਮਾਜਵੀਕਲੀ)ਇੱਥੇ ਸੈਕਟਰ-17 ਸਥਿਤ ਟੱਚਸਟੋਨ ਆਈਲੈਟਸ ਇੰਸਟੀਚਿਊਟ ਦੀ ਤੀਜੀ ਮੰਜ਼ਿਲ ’ਤੇ ਅੱਜ ਬਾਅਦ ਦੁਪਹਿਰ ਅੱਗ ਲੱਗ ਗਈ। ਅੱਗ ਲੱਗਣ ਨਾਲ ਉੱਥੇ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਲੌਕਡਾਊਨ ਕਰਕੇ ਇੰਸਟੀਚਿਊਟ ਵਿਚ ਛੁੱਟੀਆਂ ਹੋਣ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ। ਇੰਸਟੀਚਿਊਟ ਵਿਚ ਅੱਗ ਲੱਗਣ ਬਾਰੇ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਇਕ ਦਰਜਨ ਗੱਡੀਆਂ ਮੌਕੇ ’ਤੇ ਪੁੱਜ ਗਈਆਂ ਅਤੇ ਅੱਗ ’ਤੇ ਕਾਬੂ ਪਾਇਆ ਗਿਆ।

ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਕਰੀਬ 3:30 ਵਜੇ ਟੱਚਸਟੋਨ ਇੰਸਟੀਚਿਊਟ ਦੀ ਤੀਜੀ ਮੰਜ਼ਿਲ ਤੋਂ ਧੂੰਆਂ ਨਿਕਲਦਾ ਵਿਖਾਈ ਦਿੱਤਾ। ਇਸ ਨੂੰ ਵੇਖ ਕੇ ਕਿਸੇ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਤੁਰੰਤ ਸੈਕਟਰ-17 ਸਮੇਤ ਵੱਖ-ਵੱਖ ਸੈਕਟਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆ। ਇਮਾਰਤ ਦੀ ਉਚਾਈ ਜ਼ਿਆਦਾ ਹੋਣ ਕਰਕੇ ਪਾਣੀ ਨਹੀਂ ਪਹੁੰਚ ਸਕਿਆ ਪਰ ਫਾਇਰ ਬ੍ਰਿਗੇਡ ਨੇ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਸਟੀਚਿਊਟ ਦੀ ਤੀਜੀ ਮੰਜ਼ਿਲ ‘ਤੇ ਕੰਪਿਊਟਰ, ਕਾਗਜ਼ ਅਤੇ ਹੋਰ ਸਾਮਾਨ ਪਿਆ ਸੀ, ਜੋ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਉਨ੍ਹਾਂ ਵੱਲੋਂ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਸ਼ੰਕਾ ਜਤਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਆਈਲੈਟਸ ਇੰਸਟੀਚਿਊਟ ਵਿਚ ਸੈਂਕੜੇ ਵਿਦਿਆਰਥੀ ਰੋਜ਼ਾਨਾ ਪੜ੍ਹਾਈ ਕਰਨ ਆਉਂਦੇ ਸਨ ਪਰ ਕਰੋਨਾਵਾਇਰਸ ਕਰਕੇ ਇਹ ਪਿਛਲੇ 15 ਦਿਨਾਂ ਤੋਂ ਬੰਦ ਪਿਆ ਹੈ। ਇਸ ਕਰਕੇ ਉੱਥੇ ਕਿਸੇ ਕਿਸਮ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ।

Previous articleਕਰੋਨਾ: ਲੁਧਿਆਣਾ ’ਚ ਮਰੀਜ਼ਾਂ ਦੀ ਗਿਣਤੀ 7 ਹੋਈ
Next articleMehbooba shifted to official residence, detention continues