ਸੇਰੇਨਾ ਵਿਲੀਅਮਜ਼ ਮਿਆਮੀ ਓਪਨ ਤੋਂ ਹਟੀ, ਓਸਾਕਾ ਹਾਰੀ

ਸੇਰੇਨਾ ਵਿਲੀਅਮਜ਼ ਨੇ ਗੋਡੇ ਦੀ ਸੱਟ ਕਾਰਨ ਮਿਆਮੀ ਓਪਨ ਏਟੀਪੀ-ਡਬਲਯੂਟੀਏ ਟੈਨਿਸ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ, ਜਦਕਿ ਸੀਨੀਅਰ ਰੈਂਕਿੰਗ ’ਤੇ ਕਾਬਜ਼ ਨਾਓਮੀ ਓਸਾਕਾ ਤੀਜੇ ਗੇੜ ਵਿੱਚ ਹਾਰ ਕੇ ਬਾਹਰ ਹੋ ਗਈ ਹੈ। ਪੁਰਸ਼ ਵਰਗ ਵਿੱਚ ਰੋਜਰ ਫੈਡਰਰ ਨੂੰ ਕੁਆਲੀਫਾਇਰ ਰਾਡੂ ਐਲਬੋਟ ਤੋਂ ਸਖ਼ਤ ਚੁਣੌਤੀ ਮਿਲੀ, ਪਰ ਉਹ ਤੀਜੇ ਗੇੜ ਵਿੱਚ ਪਹੁੰਚਣ ਵਿੱਚ ਸਫਲ ਰਿਹਾ। ਸੇਰੇਨਾ ਦਾ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਉਮੀਦ ਤੋਂ ਉਲਟ ਸੀ ਕਿਉਂਕਿ ਉਸ ਦੇ ਜ਼ਖ਼ਮੀ ਹੋਣ ਸਬੰਧੀ ਕੋਈ ਨਿਸ਼ਾਨ ਨਹੀਂ ਦਿਸਿਆ। ਉਸ ਨੇ ਪਹਿਲੇ ਗੇੜ ਵਿੱਚ ਰੈਬੇਕਾ ਪੀਟਰਸਨ ਨੂੰ 6-3, 1-6, 6-1 ਨਾਲ ਹਰਾਇਆ ਸੀ। ਸੇਰੇਨਾ ਨੇ ਮੈਚ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਵੀ ਸਿਹਤ ਸਬੰਧੀ ਕਿਸੇ ਸਮੱਸਿਆ ਦਾ ਜ਼ਿਕਰ ਨਹੀਂ ਕੀਤਾ ਸੀ। ਸੇਰੇਨਾ ਦੇ ਹਟਣ ਦੇ ਨਾਲ ਹੀ ਉਸ ਦੀ ਵਿਰੋਧੀ 18ਵਾਂ ਦਰਜਾ ਪ੍ਰਾਪਤ ਕਿਆਂਗ ਵਾਂਗ ਚੌਥੇ ਗੇੜ ਵਿੱਚ ਪਹੁੰਚ ਗਈ ਹੈ। ਇਸ ਤੋਂ ਬਾਅਦ ਜਾਪਾਨ ਦੀ ਟੈਨਿਸ ਖਿਡਾਰਨ ਓਸਾਕਾ ਤੀਜੇ ਗੇੜ ਦੇ ਮੁਕਾਬਲੇ ਵਿੱਚ ਤਾਇਵਾਨ ਦੀ ਸੀਏ ਸੁ ਵੇਈ ਤੋਂ 4-6, 7-6, 6-3 ਨਾਲ ਹਾਰ ਕੇ ਬਾਹਰ ਹੋ ਗਈ।ਇਸੇ ਤਰ੍ਹਾਂ ਤਿੰਨ ਵਾਰ ਦੇ ਚੈਂਪੀਅਨ ਫੈਡਰਰ ਨੇ ਦੂਜੇ ਗੇੜ ਵਿੱਚ ਰਾਡੂ ਐਲਬੋਟ ਨੂੰ 4-6, 7-5, 6-3 ਨਾਲ ਸ਼ਿਕਸਤ ਦਿੱਤੀ। ਪੁਰਸ਼ ਵਰਗ ਵਿੱਚ ਹਾਰਨ ਝੱਲਣ ਵਾਲੇ ਦਰਜਾ ਪ੍ਰਾਪਤ ਖਿਡਾਰੀਆਂ ਵਿੱਚ ਕਾਰੇਨਾ ਖਾਚਾਲੋਵ, ਡੀਐਗੋ ਸ਼ਵਾਰਟਜ਼ਮੈਨ, ਗੁਈਡੋ ਪੇਲਾ, ਸਟੈਨ ਵਾਵਰਿੰਕਾ ਅਤੇ ਸਟੀਵ ਜੌਨਸਨ ਸ਼ਾਮਲ ਹਨ।

Previous articleਚੌਕੀਦਾਰਾਂ ਨੂੰ ਦੇਸ਼ ਦੇ ਗਰੀਬਾਂ ਦੀ ਫਿਕਰ ਨਹੀਂ: ਪ੍ਰਿਯੰਕਾ
Next articleਭਾਰਤ ਨੇ ਆਖ਼ਰੀ ਪਲਾਂ ’ਚ ਗੋਲ ਖੁੰਝਾਇਆ