ਸੂਫ਼ੀ ਤੇ ਪੰਜਾਬੀ ਗੀਤ ਲਿਖ ਕੇ ਮਿਲਦਾ ਹੈ ਬੇਹੱਦ ਸਕੂਨ- ਸੁਖਜੀਤ ਝਾਂਸਾਂ ਵਾਲਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਸੂਫ਼ੀ ਅਤੇ ਪੰਜਾਬੀ ਗੀਤਾਂ ਨੂੰ ਕਲਮਬੱਧ ਕਰਕੇ ਮੇਰੀ ਰੂਹ ਨੂੰ ਬੇਹੱਦ ਸਕੂਨ ਪ੍ਰਾਪਤ ਹੁੰਦਾ ਹੈ। ਇਹ ਸ਼ਬਦ ਦੋਆਬੇ ਦੇ ਪ੍ਰਸਿੱਧ ਗੀਤਕਾਰ ਸੁਖਜੀਤ ਝਾਂਸਾਂਵਾਲਾ ਨੇ ਪ੍ਰੈਸ ਨਾਲ ਸਾਂਝੇ ਕੀਤੇ। ਇਸ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਉਨ•ਾਂ ਕਿਹਾ ਕਿ ਗੀਤਕਾਰੀ ਦੇ ਖੇਤਰ ਵਿਚ ਕਾਮਯਾਬ ਹੋਣ ਲਈ ਉਨ•ਾਂ ਨੇ ਮਰਹੂਮ ਉਸਤਾਦ ਸ਼ਾਇਰ ਚਰਨ ਸਿੰਘ ਸਫ਼ਰੀ ਦਾ ਪੱਲਾ ਫੜਿਆ।

ਜਿੰਨ•ਾਂ ਨੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਵਿਚ ਅਣਗਿਣਤ ਗੀਤਾਂ ਨੂੰ ਪ੍ਰੋਣ ਦੀ ਥਾਪਨਾ ਦਿੱਤੀ। ਝਾਂਸਾਂ ਵਾਲਾ ਦੇ ਅਨੇਕਾਂ ਲਿਖੇ ਗੀਤ ਵਿਸ਼ਵ ਪ੍ਰਸਿੱਧੀ ਖੱਟ ਗਏ। ਜਿਸ ਵਿਚ ਸੁਰਜੀਤ ਬਿੰਦਰਖੀਆ ਦਾ ‘ ਲੜ ਗਈ ਲੜ ਗਈ ਅੱਖ ਸੱਜਣਾ ਦੇ ਨਾਲ ਤੇ ਸੁਰਿੰਦਰ ਲਾਡੀ ਦਾ ‘ਵਿਚ ਪ੍ਰਦੇਸ਼ਾਂ ਦੇ’ ਬੇਹੱਦ ਮਕਬੂਲ ਹੋਇਆ। ਇਸ ਤੋਂ ਇਲਾਵਾ ਸੂਫ਼ੀ ਕਲਾਮਾਂ ਵਿਚ ਉਸ ਦੀ ਲਿਖੀ ‘ਸਾਨੂੰ ਬੜੀ ਔਖੀ ਮਿਲੀ ਏ ਫ਼ਕੀਰੀ ਸੱਜਣਾ’ ਤੇ ‘ਅੱਲ•ਾ ਨਾਲ ਗੱਲਾਂ ਹੁੰਦੀਆਂ’ ਬੇਹੱਦ ਚਰਚਾ ਵਿਚ ਰਹੇ।

ਉਸ ਦੇ ਲਿਖੇ ਪੰਜ ਦਰਜਨ ਤੋਂ ਵੱਧ ਗੀਤਾਂ ਨੂੰ ਗਾਇਕ ਕੁਲਵਿੰਦਰ ਕਿੰਦਾ, ਸੁਰਜੀਤ ਬਿੰਦਰਖੀਆ, ਸੁਰਿੰਦਰ ਲਾਡੀ, ਰਾਏ ਜੁਝਾਰ, ਹਰਵਿੰਦਰ ਟਾਂਡੀ, ਭੁਪਿੰਦਰ ਬੱਬਲ, ਬੀਬੀ ਰੰਜਨਾ, ਕੁਲਦੀਪ ਚੁੰਬਰ, ਤਾਜ਼ ਨਗੀਨਾ, ਸੁਰਜੀਤ ਖਾਨ, ਕੁਲਤਾਰ ਬਾਜਵਾ, ਅਮਰੀਕ ਜੱਸਲ, ਜੋਗਿੰਦਰ ਪਾਲ ਤੋਏ, ਦਲਵਿੰਦਰ ਦਿਆਲਪੁਰੀ, ਚਰਨਪ੍ਰੀਤ ਚੰਨੀ, ਗੁਰਮੀਤ ਗੈਰੀ, ਸਰਬਜੀਤ ਫੁੱਲ, ਰਾਜੂ ਸ਼ਾਹ ਮਸਤਾਨਾ, ਰਜਨੀ ਜੈਨ, ਪ੍ਰਤਾਪ ਰਾਣਾ, ਰਣਜੀਤ ਰਾਣਾ ਤੇ ਹਰਨਾਮ ਯੋਗੀ ਸਮੇਤ ਕਈ ਹੋਰ ਕਲਾਕਾਰਾਂ ਨੇ ਗਾਇਆ। ਉਸ ਦੀਆਂ ਲਿਖੀਆਂ ਦੋ ਪੁਸਤਕਾਂ ਛਪਾਈ ਅਧੀਨ ਹਨ।

ਭੂਮੀ ਰੱਖਿਆ ਵਿਭਾਗ ਤੋਂ ਸੇਵਾ ਮੁਕਤ ਅਫ਼ਸਰ ਇਹ ਪੰਜਾਬੀ ਮਾਂ ਬੋਲੀ ਦਾ ਸੰਜੀਦਾ ਗੀਤਕਾਰ ਪਿਤਾ ਭਗਤ ਰਾਮ ਦੇ ਗ੍ਰਹਿ ਅਤੇ ਮਾਤਾ ਧੰਨ ਕੌਰ ਦੇ ਕੁੱਖੋਂ 1959 ਵਿਚ ਜਨਮਿਆਂ। ਅਨੇਕਾਂ ਕਵੀ ਦਰਬਾਰਾਂ ਵਿਚ ਉਸ ਦੀ ਭਰਵੀਂ ਹਾਜ਼ਰੀ ਰਹੀ। ਸਟੇਜਾਂ ਤੇ ਵੱਖ-ਵੱਖ ਮਾਣ ਸਨਮਾਨ ਉਸ ਦੀ ਪਹਿਚਾਣ ਦਾ ਕੇਂਦਰ ਬਣੇ। ਸਟੇਜ ਤੇ ਉਸ ਦੀ ਸਫ਼ਰੀ ਸਾਹਬ ਵਾਂਗ ਗੜਕਵੀਂ ਅਵਾਜ਼ ਗੀਤਾਂ ਸ਼ੇਅਰਾਂ ਅਤੇ ਕਵਿਤਾਵਾਂ ਨੂੰ ਜਦ ਵਿਲੱਖਣ ਅੰਦਾਜ ਵਿਚ ਪੇਸ਼ ਕਰਦੀ ਹੈ ਤਾਂ ਸਰੋਤੇ ਅਸ਼ ਅਸ਼ ਕਰ ਉੱਠਦੇ ਹਨ। ਸੁਖਜੀਤ ਝਾਂਸਾਂ ਵਾਲਾ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਪੰਜਾਬੀ ਮਾਂ ਬੋਲੀ ਦੀ ਸੇਵਾ ਬਤੌਰ ਏ ਗੀਤਕਾਰ ਕਰ ਰਿਹਾ ਹੈ। ਦੁਆ ਕਰਦੇ ਹਾਂ ਕਿ ਇਹ ਕਲਮ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਹਮੇਸ਼ਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ – ਆਮੀਨ।

Previous articleਮਨਦੀਪ ਮੈਂਡੀ – ਸੁੱਚਾ ਰੰਗੀਲਾ ਦਾ ‘ਬਦਮਾਸ਼ੀ -2’ ਟਰੈਕ ਰਿਲੀਜ਼
Next articleਵਿਸ਼ੇਸ਼ ਅਧਿਆਪਕ ਯੂਨੀਅਨ ਆਈ ਈ ਆਰ ਟੀ ਪੰਜਾਬ ਵੱਲੋਂ ਅਧਿਆਪਕ ਦਿਵਸ ਤੋਂ ਸੰਘਰਸ਼ ਦਾ ਆਗਾਜ਼