ਸੂਚਨਾ ਅਧਿਕਾਰ ਸੋਧ ਬਿੱਲ ਪਾਸ

ਸੰਸਦ ਨੇ ਸੂਚਨਾ ਅਧਿਕਾਰ ਕਾਨੂੰਨ ਵਿੱਚ ਸੋਧ ਪ੍ਰਵਾਨ ਕਰ ਲਈ ਹੈ। ਵੀਰਵਾਰ ਨੂੰ ਰਾਜ ਸਭਾ ਨੇ ਇਸ ਨੂੰ ਪਾਸ ਕਰ ਦਿੱਤਾ ਹੈ। ਰਾਜ ਸਭਾ ਵਿੱਚ ਵਿਰੋਧੀ ਧਿਰ ਨੇ ਇਸ ਮੁੱਦੇ ਨੂੰ ਵਿਸਥਾਰ ਵਿੱਚ ਵਿਚਾਰਨ ਲਈ ਸੋਧ ਸੰਸਦੀ ਕਮੇਟੀ ਕੋਲ ਭੇਜਣ ਲਈ ਮਤਾ ਲਿਆਂਦਾ ਸੀ, ਜੋ ਪਾਸ ਨਾ ਹੋ ਸਕਿਆ। ਮਤੇ ਦੇ ਵਿਰੋਧ ਵਿੱਚ 117 ਵੋਟਾਂ ਅਤੇ ਹੱਕ ਵਿੱਚ 75 ਵੋਟਾਂ ਪਈਆਂ ਹਨ। ਇਸ ਮਾਮਲੇ ਉੱਤੇ ਰਾਜ ਸਭਾ ਵਿੱਚ ਭਾਰੀ ਹੰਗਾਮਾ ਹੋਇਆ। ਵਿਰੋਧੀ ਧਿਰ ਵੱਲੋਂ ਸਰਕਾਰੀ ਧਿਰ ਉੱਤੇ ਇਹ ਦੋਸ਼ ਲਾਉਣ ਕਿ ਉਹ ਮਤੇ ਨੂੰ ਪਾਸ ਹੋਣ ਤੋਂ ਰੋਕਣ ਲਈ ਧੌਂਸ ਦਿਖਾ ਰਹੇ ਹਨ, ਤੋਂ ਬਾਅਦ ਸਦਨ ਵਿੱਚ ਭਾਰੀ ਸ਼ੋਰ ਸ਼ਰਾਬਾ ਪੈ ਗਿਆ। ਇਸ ਮਾਮਲੇ ਵਿੱਚ ਤੇਲਗੂ ਦੇਸਮ ਪਾਰਟੀ ਛੱਡ ਕੇ ਹੁਣੇ-ਹੁਣੇ ਭਾਜਪਾ ਵਿੱਚ ਸ਼ਾਮਲ ਹੋਏ ਸੀ ਰਾਮੇਸ਼ ਨੂੰ ਮੈਂਬਰਾਂ ਦੇ ਦਸਤਖ਼ਤਾਂ ਵਾਲੀਆਂ ਵੋਟ ਪਰਚੀਆਂ ਇਕੱਠੀਆਂ ਕਰਦਾ ਦੇਖਣ ਬਾਅਦ ਵਿਰੋਧੀ ਧਿਰਾਂ ਦੇ ਮੈਂਬਰ ਭੜਕ ਗਏ ਅਤੇ ਕਾਂਗਰਸ ਦੀ ਅਗਵਾਈ ਵਿੱਚ ਵਿਰੋਧੀ ਧਿਰਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਰਾਜ ਸਭਾ ਦੇ ਉਪ ਸਭਾਪਤੀ ਹਰੀਵੰਸ਼ ਨੇ ਰਾਮੇਸ਼ ਨੂੰ ਆਪਣੀ ਸੀਟ ਉੱਤੇ ਜਾਣ ਲਈ ਕਿਹਾ ਅਤੇ ਕਾਂਗਰਸ ਦੇ ਮੈਂਬਰ ਵਿਪੁਲ ਠਾਕੁਰ ਅਤੇ ਹੋਰਨਾਂ ਨੇ ਉਸ ਦੇ ਹੱਥ ਵਿੱਚੋਂ ਵੋਟਰ ਪਰਚੀਆਂ ਖੋਹਣ ਦਾ ਯਤਨ ਕੀਤਾ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਵਿਰੋਧੀ ਧਿਰ ਦੇ ਮੈਂਬਰ ਸਭਾਪਤੀ ਦੀ ਕੁਰਸੀ ਵੱਲ ਵਧੇ ਤੇ ਸੱਤਾਧਾਰੀ ਧਿਰ ਦੇ ਅਜਿਹੇ ਹੱਥਕੰਡਿਆਂ ਦਾ ਸਖ਼ਤ ਵਿਰੋਧ ਕੀਤਾ। ਇਸ ਤੋਂ ਬਾਅਦ ਵਿਰੋਧੀ ਧਿਰ ਵਾਕਆਊਟ ਕਰ ਗਈ ਅਤੇ ਬਾਅਦ ਵਿੱਚ ਮਤੇ ਉੱਤੇ ਪਈਆਂ ਵੋਟਾਂ ਦਾ ਨਤੀਜਾ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਸੱਤਾਧਾਰੀ ਧਿਰ ਨੇ ਸੋਧ ਨੂੰ ਜ਼ੁਬਾਨੀ ਵੋਟਾਂ ਦੇ ਨਾਲ ਪਾਸ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਦਫਤਰ ਦੇ ਮੰਤਰੀ ਜਿਤੇੇਂਦਰ ਸਿੰਘ ਨੇ ਇਸ ਸੋਧ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਦਾ ਵਿਸ਼ੇਸ਼ ਆਧਾਰ ਹੈ ਤੇ ਇਸ ਨਾਲ ਸੂਚਨਾ ਅਧਿਕਾਰ ਕਾਨੂੰਨ ਮਜ਼ਬੂਤ ਹੋਵੇਗਾ।

Previous articleਨਸ਼ਿਆਂ ਵਿਰੁੱਧ ਇਕਜੁੱਟ ਹੋਏ ਉੱਤਰੀ ਸੂਬੇ
Next articleਫੂਲਕਾ ਨੇ ਪੰਜਾਬ ਵਿਧਾਨ ਸਭਾ ਨੂੰ ਪੱਕੇ ਤੌਰ ’ਤੇ ਅਲਵਿਦਾ ਕਿਹਾ