ਸੁਮੇਧ ਸੈਣੀ ਤੋਂ ਸਵਾ ਘੰਟੇ ਪੁੱਛ-ਪੜਤਾਲ

ਐੱਸਏਐੱਸ ਨਗਰ (ਮੁਹਾਲੀ) (ਸਮਾਜਵੀਕਲੀ) : ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ (29) ਅਗਵਾ ਮਾਮਲੇ ਵਿੱਚ ਐਤਵਾਰ ਨੂੰ ਇੱਥੋਂ ਦੇ ਸੈਕਟਰ-76 ਸਥਿਤ ਐੱਸਐੱਸਪੀ ਦਫ਼ਤਰ ਵਿੱਚ ਪਹੁੰਚੇ ਅਤੇ ਬਿਆਨ ਦਰਜ ਕਰਵਾਏ। ਸੂਤਰਾਂ ਮੁਤਾਬਕ ਸੈਣੀ ਐੱਸਐੱਸਪੀ ਦਫ਼ਤਰ ’ਚ ਕਰੀਬ ਸਵਾ ਘੰਟੇ ਤੱਕ ਰਹੇ।

ਉਨ੍ਹਾਂ ਕਿਹਾ ਕਿ ਉਸ ਤੋਂ ਮੁਲਤਾਨੀ ਅਗਵਾ ਕੇਸ ਬਾਰੇ ਜਾਂਚ ਟੀਮ ਨੇ ਕਈ ਸਵਾਲ ਕੀਤੇ ਜਿਨ੍ਹਾਂ ਦਾ ਸੈਣੀ ਨੇ ਬੜੀ ਹੁਸ਼ਿਆਰੀ ਨਾਲ ਜਵਾਬ ਦਿੱਤਾ ਪ੍ਰੰਤੂ ਕਿਸੇ ਅਧਿਕਾਰੀ ਨੇ ਕਰਾਸ ਪੁੱਛ-ਗਿੱਛ ਦੌਰਾਨ ਬਹੁਤਾ ਜ਼ੋਰ ਜਾਂ ਦਬਾਅ ਪਾਉਣ ਦੀ ਹਿੰਮਤ ਨਹੀਂ ਦਿਖਾਈ। ਉਂਜ ਕਾਨੂੰਨ ਮੁਤਾਬਕ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਮੁਲਜ਼ਮ, ਭਾਵੇਂ ਕੋਈ ਵੀ ਹੋਵੇ, ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸਬੰਧਤ ਥਾਣੇ ਵਿੱਚ ਪੇਸ਼ ਹੋਣਾ ਬਣਦਾ ਹੈ।

ਇਸ ਤੋਂ ਪਹਿਲਾਂ 13 ਮਈ ਨੂੰ ਸੈਣੀ ਨੇ ਥਾਣੇ ਪਹੁੰਚ ਕੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਸੀ ਅਤੇ 50 ਹਜ਼ਾਰ ਦਾ ਨਿੱਜੀ ਮੁਚੱਲਕਾ ਭਰਿਆ ਸੀ। ਅਦਾਲਤ ਨੇ 11 ਮਈ ਨੂੰ ਸੈਣੀ ਨੂੰ ਪੇਸ਼ਗੀ ਜ਼ਮਾਨਤ ਦੇਣ ਸਮੇਂ ਹਫ਼ਤੇ ਦੇ ਅੰਦਰ ਅੰਦਰ ਜਾਂਚ ਅਧਿਕਾਰੀ/ਐੱਸਐੱਚਓ ਕੋਲ ਜਾਂਚ ਵਿੱਚ ਸ਼ਾਮਲ ਹੋਣ ਅਤੇ ਜ਼ਮਾਨਤੀ ਬਾਂਡ ਭਰਨ ਲਈ ਆਖਿਆ ਸੀ।

ਇਸ ਦੌਰਾਨ ਟਰਾਈਸਿਟੀ ਦਾ ਸਾਰਾ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਸਵੇਰੇ 10 ਵਜੇ ਤੋਂ ਹੀ ਮੁਹਾਲੀ ਦੇ ਮਟੌਰ ਥਾਣੇ ਦੇ ਬਾਹਰ ਧੁੱਪ ਵਿੱਚ ਖੜ੍ਹਾ ਸੀ। ਪਹਿਲਾਂ ਸਵੇਰੇ 10 ਵਜੇ, ਫਿਰ ਦੁਪਹਿਰ 1 ਵਜੇ ਅਤੇ ਬਾਅਦ ਵਿੱਚ ਤਿੰਨ ਵਜੇ ਸੈਣੀ ਦੇ ਥਾਣੇ ਪੇਸ਼ ਹੋਣ ਬਾਰੇ ਕਿਹਾ ਗਿਆ। ਕਰੀਬ ਸਾਢੇ ਤਿੰਨ ਵਜੇ ਹੀ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਸਿਟ ਦੇ ਬਾਕੀ ਮੈਂਬਰ ਸਰਕਾਰੀ ਗੱਡੀਆਂ ਵਿੱਚ ਅਚਾਨਕ ਮਟੌਰ ਥਾਣੇ ’ਚੋਂ ਬਾਹਰ ਨਿਕਲੇ ਅਤੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਪਹੁੰਚ ਗਏ।

ਮੀਡੀਆ ਕਰਮੀ ਵੀ ਜਾਂਚ ਟੀਮ ਦੇ ਪਿੱਛੇ ਪਿੱਛੇ ਗਏ ਪ੍ਰੰਤੂ ਪੁਲੀਸ ਨੇ ਪਹਿਲਾਂ ਤੋਂ ਹੀ ਡੀਸੀ ਕੰਪਲੈਕਸ ਅਤੇ ਐੱਸਐਸਪੀ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਬੈਰੀਕੇਡ ਲਗਾ ਕੇ ਪੂਰਾ ਇਲਾਕਾ ਸੀਲ ਕਰ ਦਿੱਤਾ ਅਤੇ ਮੀਡੀਆ ਨੂੰ ਅੱਗੇ ਨਹੀਂ ਜਾਣ ਦਿੱਤਾ।

ਕਰੀਬ 4 ਵਜ ਕੇ 20 ਮਿੰਟ ’ਤੇ ਸੁਮੇਧ ਸੈਣੀ ਵੀ ਐੱਸਐੱਸਪੀ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਨੂੰ ਵੀਆਈਪੀ ਟਰੀਟਮੈਂਟ ਦਿੱਤਾ ਗਿਆ। ਸੈਣੀ ਤੋਂ ਕੀਤੀ ਗਈ ਪੁੱਛ-ਗਿੱਛ ਦੇ ਵੇਰਵੇ ਨਹੀਂ ਮਿਲੇ ਹਨ। ਸਿਟ ਦੇ ਚੇਅਰਮੈਨ ਅਤੇ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਨੇ ਸਿਰਫ਼ ਏਨਾ ਹੀ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

Previous article12 Aus McDonald’s shut after delivery driver tests COVID-19 positive
Next articleThailand reopens shopping malls as lockdown eases