ਸੁਪਰੀਮ ਕੋਰਟ ਦਾ ਆਦੇਸ਼: ਪਰਵਾਸੀ ਕਾਮੇ 15 ਦਿਨਾਂ ’ਚ ਘਰ ਭੇਜੇ ਜਾਣ

ਨਵੀਂ ਦਿੱਲੀ (ਸਮਾਜਵੀਕਲੀ): ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਰਾਜ ਸਰਕਾਰਾਂ ਨੂੰ ਹਦਾਇਤ ਕੀਤੀ ਕਿ ਉਹ ਪਰਵਾਸੀ ਕਾਮਿਆਂ ਨੂੰ 15 ਦਿਨਾਂ ਦੇ ਅੰਦਰ ਉਨ੍ਹਾਂ ਦੇ ਪਿੱਤਰੀ ਰਾਜਾਂ ਵਿੱਚ ਵਾਪਸ ਭੇਜੇ। ਸਿਖਰਲੀ ਅਦਾਲਤ ਨੇ ਕਿਹਾ ਕਿ ਪਰਵਾਸੀ ਕਿਰਤੀਆਂ ਦੇ ਹੁਨਰ ਮੁਤਾਬਕ ਉਨ੍ਹਾਂ ਦਾ ਮੁੜਵਸੇਬਾ ਯਕੀਨੀ ਬਣਾਉਣ ਦੇ ਨਾਲ ਉਨ੍ਹਾਂ ਲਈ ਰੁਜ਼ਗਾਰ ਦਾ ਪ੍ਰਬੰਧ ਵੀ ਕੀਤਾ ਜਾਵੇ। ਜਿਹੜੇ ਕਾਮੇ ਆਪਣੀ ਪੁਰਾਣੀ ਵਾਲੀ ਕੰਮ ਵਾਲੀ ਥਾਂ ਪਰਤਣ ਦੇ ਇੱਛੁਕ ਹਨ, ਉਨ੍ਹਾਂ ਲਈ ਹੈਲਪ ਡੈਸਕ ਸਥਾਪਤ ਕੀਤੇ ਜਾਣ।

ਸੁਪਰੀਮ ਕੋਰਟ ਨੇ ਕਿਹਾ ਕਿ ਸਬੰਧਤ ਰਾਜਾਂ ਨੇ ਹਫ਼ਲਨਾਮੇ ਦਾਖ਼ਲ ਕਰਕੇ ਪਰਵਾਸੀ ਕਾਮਿਆਂ ਨੂੰ ਖਾਣਾ ਤੇ ਸਿਰ ’ਤੇ ਛੱਤ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਹੈ, ਪਰ ਅਸਲ ਵਿੱਚ ਸੂਬਾਈ ਨੀਤੀਆਂ ਤੇ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਵੱਡੀਆਂ ਘਾਟਾਂ ਹਨ ਤੇ ਜ਼ਿਆਦਾਤਰ ਦਾਅਵੇ ਮਹਿਜ਼ ਕਾਗਜ਼ਾਂ ਤਕ ਹੀ ਸੀਮਤ ਹਨ।

ਜਸਟਿਸ ਅਸ਼ੋਕ ਭੂਸ਼ਨ, ਸੰਜੈ ਕਿਸ਼ਨ ਕੌਲ ਤੇ ਐੱਮ.ਆਰ.ਸ਼ਾਹ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਅਾਪਣੇ 38 ਸਫ਼ਿਆਂ ਦੇ ਫੈਸਲੇ ਵਿੱਚ ਕੇਂਦਰ ਸਰਕਾਰ ਨੂੰ ਹੁਕਮ ਕੀਤੇ ਕਿ ਉਹ ਸਬੰਧਤ ਰਾਜਾਂ ਦੀ ਮੰਗ ਮੁਤਾਬਕ 24 ਘੰਟਿਆਂ ਅੰਦਰ ਵਧੀਕ ਰੇਲਗੱਡੀਆਂ ਮੁਹੱਈਆ ਕਰਵਾਏ ਤਾਂ ਕਿ ਦੇਸ਼ਵਿਆਪੀ ਲੌਕਡਾਊਨ ਕਰਕੇ ਵੱਖ ਵੱਖ ਥਾਈਂ ਫਸੇ ਪਰਵਾਸੀ ਕਾਮਿਆਂ ਨੂੰ ਵਾਪਸ ਉਨ੍ਹਾਂ ਦੇ ਘਰ ਭੇਜਿਆ ਜਾ ਸਕੇ।

ਸਿਖਰਲੀ ਅਦਾਲਤ ਨੇ ਕਿਹਾ ਕਿ ਸਬੰਧਤ ਅਥਾਰਿਟੀਜ਼, ਆਫ਼ਤ ਪ੍ਰਬੰਧਨ ਐਕਟ ਤਹਿਤ ਲੌਕਡਾਊਨ ਨੇਮਾਂ ਦੀ ਕਥਿਤ ਉਲੰਘਣਾ ਲਈ ਪਰਵਾਸੀ ਕਾਮਿਆਂ ਖ਼ਿਲਾਫ਼ ਦਰਜ ਸਾਰੇ ਅਪਰਾਧਿਕ ਕੇਸਾਂ ਨੂੰ ਵਾਪਸ ਲੈਣ ’ਤੇ ਵੀ ਵਿਚਾਰ ਕਰਨ। ਬੈਂਚ ਨੇ ਕੇਸ ਦੀ ਅਗਲੀ ਤਰੀਕ ਜੁਲਾਈ ਲਈ ਨਿਰਧਾਰਿਤ ਕਰ ਦਿੱਤੀ ਹੈ।

ਸਿਖਰਲੀ ਅਦਾਲਤ ਨੇ ਅੱਜ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੂਬਾ ਸਰਕਾਰਾਂ ਘਰਾਂ ਨੂੰ ਪਰਤਣ ਵਾਲੇ ਪਰਵਾਸੀ ਕਾਮਿਆਂ ਦੀ ਕੌਂਸਲਿੰਗ ਯਕੀਨੀ ਬਣਾਉਣ ਤੇ ਉਨ੍ਹਾਂ ਦੇ ਹੁਨਰ ਮੁਤਾਬਕ ਰੁਜ਼ਗਾਰ ਦੇ ਮੌਕੇ ਪੈਦਾ ਕਰਨ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਪਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਤਕ ਭੇਜਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ 15 ਦਿਨ ਦਾ ਸਮਾਂ ਦਿੰੰਦੀ ਹੈ।

ਸਰਕਾਰਾਂ ਰੁਜ਼ਗਾਰਾਂ ਦੇ ਮੌਕਿਆਂ ਸਮੇਤ ਭਲਾਈ ਨਾਲ ਜੁੜੇ ਹੋਰ ਉਪਰਾਲਿਆਂ ਦਾ ਲਾਭ ਪਰਵਾਸੀ ਕਾਮਿਆਂ ਤਕ ਪੁੱਜਦਾ ਯਕੀਨੀ ਬਣਾਉਣ। ਸੁਪਰੀਮ ਕੋਰਟ ਨੇ ਕੋਵਿਡ-19 ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਮਹਾਰਾਸ਼ਟਰ ਨੂੰ ਵਧੇਰੇ ਚੌਕਸ ਰਹਿਣ ਤੇ ਅਜੇ ਵੀ ਸੂਬੇ ’ਚ ਵੱਖ ਵੱਖ ਥਾਈਂ ਫਸੇ ਪਰਵਾਸੀ ਕਾਮਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪਿੱਤਰੀ ਰਾਜਾਂ ’ਚ ਭੇਜਣ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਯਤਨ ਕਰਨ ਲਈ ਕਿਹਾ ਹੈ।

Previous articleMaha Covid tally mounts to 90K, 120 fresh deaths
Next articleਕੀ ਭਾਰਤੀ ਖੇਤਰ ’ਤੇ ਕਾਬਜ਼ ਹੈ ਚੀਨੀ ਫੌਜ: ਰਾਹੁਲ