ਸੁਪਨਿਆਂ ਦੇ ਖਤ….

ਦੀਪ ਚੌਹਾਨ

(ਸਮਾਜ ਵੀਕਲੀ)

ਪਾਲਾ ਬਠਿੰਡੇ ਦੇ ਨਾਲ ਲੱਗਦੇ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਸੀ  । ਪਿਤਾ ਦੀ ਮੌਤ ਬਚਪਨ ਵਿੱਚ ਵੀ ਹੋ ਜਾਣ ਕਾਰਨ ਉਸ ਦੀ ਦੇਖ ਭਾਲ  ਉਸ  ਦੀ ਮਾਂ ਨੇ ਹੀ ਕੀਤੀ ਸੀ  । ਜਿਸ ਕਾਰਨ ਉਹ ਆਪਣੀ ਮਾਂ ਨੂੰ ਹੀ ਆਪਣਾ ਰੱਬ  ਮਨਦਾ   ਸੀ  ।  ਪਾਲੇ ਨੇ  ਪੜ੍ਹਾਈ ਤੋਂ ਬਾਅਦ ਪਿੰਡ ਦੇ ਹੀ ਹਸਪਤਾਲ ਵਿਚ ਇਕ ਛੋਟੀ ਜਿਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ  । ਜਿਸ ਤੋਂ ਬਾਅਦ ਪਾਲੇ ਦਾ ਵਿਆਹ  ਰਾਣੋ ਨਾਮ ਦੀ ਲੜਕੀ ਨਾਲ ਹੋ ਗਿਆ ।  ਪਾਲਾ ਰਾਣੋ ਨੂੰ ਬਹੁਤ ਪਿਆਰ ਕਰਦਾ ਸੀ ਉਸ ਨੂੰ ਫੁੱਲਾਂ ਵਾਂਗੂੰ ਰੱਖਦਾ ਸੀ  । (ਸਮਾਜ ਵੀਕਲੀ)ਘਰ ਵਿੱਚ ਨੂੰਹ ਸੱਸ ਦੀ ਇੰਜ ਬਣਦੀ ਸੀ ਜਿਵੇਂ ਮਾਵਾਂ ਧੀਆਂ ਹੋਣ  ।

ਵੱਡੀ ਲੜਕੀ ਅਤੇ ਫੇਰ ਦੋ ਲੜਕੇ ਇੱਕ -ਇੱਕ ਕਰਕੇ ਪਾਲੇ ਘਰ ਤਿੱਨ  ਅੋਲੱਦਾ ਹੋਈਆਂ ਸਨ  । ਪਿਛਲੇ ਕੁਝ ਦਿਨਾਂ ਤੋਂ ਰਾਣੋ ਦੀ ਤਬੀਅਤ ਠੀਕ ਨਹੀਂ ਸੀ ਪਹਿਲਾਂ ਪਿੰਡ ਦੇ ਹਸਪਤਾਲ ਅਤੇ ਫਿਰ ਸ਼ਹਿਰ ਦੇ ਹਸਪਤਾਲ ਪਾਲੇ ਨੇ ਉਸ ਦਾ ਕਾਫੀ  ਇਲਾਜ ਕਰਵਾਇਆ  । ਪਰ ਰੱਬ ਨੂੰ  ਸ਼ਾਇਦ  ਕੁਝ ਹੋਰ ਹੀ ਮਨਜ਼ੂਰ ਸੀ । ਦੌਰਾਨੇ ਇਲਾਜ   ਰਾਣੋ ਦੀ ਮੌਤ ਹੋ ਗਈ । ਰੋਂਦੇ ਕੁਰਲਾਂਦੇ ਤਿੰਨ ਬੱਚੇ ਪਤੀ ਅਤੇ ਸੱਸ ਨੂੰ ਛੱਡ ਕੇ ਰਾਣੋ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ  ।

ਪਾਲੇ ਨੂੰ ਹੁਣ ਅੱਗੇ ਦਾ ਫਿਕਰ ਪੈ ਗਿਆ ਸੀ  । ਪਿੰਡ ਦੇ ਕਈ ਲੋਕ ਉਸ ਨੂੰ ਫਿਰ ਤੋਂ ਵਿਆਹ ਕਰਾਉਣ ਲਈ ਕਹਿੰਦੇ ਸਨ ਪਰ ਉਸ ਨੂੰ ਪਤਾ ਸੀ  ਕੀ ਜੋ ਪਿਆਰ ਉਸ ਦੇ ਬੱਚਿਆਂ ਨੂੰ ਰਾਣੋ ਦੇ ਗਈ ਸੀ ਉਹ ਹੋਰ ਕੋਈ ਨਹੀਂ ਦੇ ਸਕੇਗਾ । ਉਸ ਨੂੰ ਦੂਸਰਾ ਵਿਆਹ ਕਰਾਉਣ ਬਾਰੇ ਸੋਚਣਾ ਵੀ ਪਾਪ ਜਿਹਾ ਲੱਗਦਾ ਸੀ  । ਪਾਲੇ ਦੇ ਬੱਚਿਆਂ ਨੂੰ ਉਸ ਦੀ ਮਾਂ,  ਬੱਚਿਆਂ ਦੀ ਦਾਦੀ ਸੰਭਾਲਦੀ ਸੀ  ।  ਪਾਲੇ ਦੀ ਮਾਂ ਪਹਿਲਾਂ ਨਾਲੋਂ ਕਾਫ਼ੀ ਬਜ਼ੁਰਗ ਹੋ ਚੁੱਕੀ ਸੀ ਪਰ ਬੱਚਿਆਂ ਦੀ ਦੇਖ ਭਾਲ ਵਿੱਚ ਉਸ ਨੇ ਕਦੇ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਸੀ  ।

ਹੌਲੀ ਹੌਲੀ ਜ਼ਿੰਦਗੀ ਪਟੜੀ ਤੇ ਵਾਪਸ ਆ ਰਹੀ ਸੀ  । ਪਾਲਾ ਹੁਣ ਸ਼ਹਿਰ ਦੇ ਇਕ ਹਸਪਤਾਲ ਵਿਚ ਛੋਟੀ ਜਿਹੀ ਨੌਕਰੀ ਕਰਨ ਲੱਗ ਪਿਆ ਸੀ  ।  ਤਿੰਨੋਂ ਬੱਚਿਆਂ ਦਾ ਪਾਲਣ ਪੋਸ਼ਣ , ਉਨ੍ਹਾਂ ਦੀ ਪੜ੍ਹਾਈ- ਲਿਖਾਈ,  ਮਾਂ ਦਾ ਇਲਾਜ ਇਸ ਸਭ ਲਈ ਪਾਲੇ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਸੀ। ਵੱਡੀ ਕੁੜੀ ਹੁਣ ਵਿਆਹੁਣ ਜੋਗੀ ਹੋ ਗਈ ਸੀ । ਪਾਲਾ ਉਸ ਲਈ ਚੰਗਾ ਜਿਹਾ ਵਰ ਲੱਭ ਰਿਹਾ ਸੀ  । ਪਾਲੀ ਦੀ ਮਾਂ ਵੀ ਹੁਣ ਪਹਿਲਾਂ ਨਾਲੋਂ ਕਾਫੀ ਬਜ਼ੁਰਗ ਹੋ ਚੁੱਕੀ ਸੀ ਪਰ ਫਿਰ ਵੀ ਉਸ ਦੇ ਹੁੰਦਿਆਂ ਪਾਲੇ ਨੂੰ ਘਰ ਦੀ ਕੋਈ ਫ਼ਿਕਰ ਨਹੀਂ ਸੀ  । ਪਾਲੇ ਨੇ ਸ਼ਹਿਰ ਵਿੱਚ ਇੱਕ ਚੰਗਾ ਜਿਹਾ ਰਿਸ਼ਤਾ ਲੱਭ ਕੇ ਆਪਣੀ ਕੁੜੀ ਦਾ ਵਿਆਹ ਉੱਥੇ ਕਰ ਦਿੱਤਾ  ।

ਜਿਸ ਦਿਨ ਪਾਲੇ ਦੀ ਕੁੜੀ ਦਾ ਵਿਆਹ ਹੋਇਆ ਸਭ ਤੋਂ ਵੱਧ ਖੁਸ਼ ਪਾਲੇ ਦੀ ਮਾਂ ਸੀ  ਉਸ ਨੂੰ ਲੱਗ ਰਿਹਾ ਸੀ ਕਿ ਉਸ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਅੱਜ ਨਿਭਾ ਕੇ ਪੂਰੀ ਕਰ ਦਿੱਤੀ ਹੈ ।   ਪਾਲੇ ਦੀ ਕੁੜੀ ਦੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਪਾਲੇ ਦੀ ਮਾਂ ਅਚਾਨਕ ਬਿਮਾਰ ਹੋ ਗਈ , ਪਾਲਾ ਸਭ ਕੰਮ ਛੱਡ ਕੇ ਆਪਣੀ ਮਾਂ ਦੀ ਸੇਵਾ ਵਿੱਚ ਲੱਗ ਗਿਆ  । ਪਲ ਦੀ ਮਾਂ ਉਸ ਨੂੰ ਕਹਿਣ ਲੱਗੀ  ” ਮੈਂ ਆਪਣੀ ਧੀ ਵਿਆਹ ਕੇ ਆਪਣੀ ਸਭ ਤੋਂ ਵੱਡੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ ਹੁਣ ਮੈਨੂੰ ਇਜਾਜ਼ਤ ਦੇ ਮੇਰੇ ਪੁੱਤਰ  ” ਇਹ ਸੁਣ ਕੇ ਪਾਲਾ ਰੋਣ ਲੱਗ ਪਿਆ ਅਤੇ ਆਪਣੀ ਮਾਂ ਦੇ ਗਲ ਲੱਗ ਕੇ ਕਹਿਣ ਲੱਗਾ “ਮੈਨੂੰ ਤਾਂ ਹਾਲੇ ਤੇਰੀ ਬਹੁਤ ਜ਼ਰੂਰਤ ਹੈ ਮਾਂ  ” ।

ਇੱਕ ਦਿਨ ਜਾਣਾ ਤਾਂ ਸਭ ਨੇ ਹੀ ਹੁੰਦਾ ਹੈ ਪਰ ਪਾਲੇ ਦੀ ਮਾਂ ਜਾਂਦੀ ਜਾਂਦੀ ਪਾਲੇ ਨੂੰ ਇਹ ਕਹਿ ਗਈ ਕਿ” ਮੈਂ ਜਾਣ ਤੋਂ ਬਾਅਦ ਵੀ ਹਮੇਸ਼ਾ ਹੀ ਤੇਰੇ ਨਾਲ  ਰਹਾਂਗੀ  ” ਪਾਲੇ ਨੂੰ ਇਸ ਗੱਲ ਉੱਤੇ ਇੰਨਾ ਯਕੀਨ ਹੋ ਗਿਆ ਜਿਵੇਂ ਖ਼ੁਦ ਰੱਬ ਨੇ ਹੀ ਉਸ ਨੂੰ ਇਹ ਗੱਲ ਕਹਿ ਦਿੱਤੀ ਹੈ  । ਆਪਣੀ ਮਾਂ ਦੇ ਜਾਣ ਤੋਂ ਬਾਅਦ ਪਾਲਾ ਫਿਰ ਤੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲੱਗ ਪਿਆ  । ਉਸ ਨੇ ਇੱਕ ਇੱਕ ਕਰਕੇ ਆਪਣੇ ਦੋਨੋਂ ਪੁੱਤਰਾਂ ਦਾ ਵਿਆਹ ਕਰ ਦਿੱਤਾ  ।

ਜਦ ਪਾਲੇ ਨੇ ਮੇਰੀ ਕਹਾਣੀ “ਸੁਪਨਿਆਂ ਦੇ ਖ਼ਤ” ਅਖ਼ਬਾਰ ਵਿੱਚ ਪੜ੍ਹੀ ਤਾਂ  ਇਹ ਕਹਾਣੀ ਉਸ ਨੂੰ ਆਪਣੀ ਜ਼ਿੰਦਗੀ ਨਾਲ ਢੁਕਵੀਂ ਲੱਗਦੀ ਹੋਣ ਕਾਰਨ ਉਸ ਨੇ ਮੇਰੇ ਸੰਪਰਕ ਨੰਬਰ ਤੇ ਫੋਨ ਕੀਤਾ । ਪਾਲਾ ਮੈਨੂੰ ਕਹਿਣ ਲੱਗਾ ਕਿ ਮੇਰੀ ਉਮਰ  70 ਸਾਲ ਤੋਂ ਵੱਧ ਹੈ ਅਤੇ ਅੱਜ ਵੀ ਮੇਰੀ ਮਾਂ ਮੈਨੂੰ ਸੁਪਨਿਆਂ ਦੇ ਵਿੱਚ ਆ ਕੇ ਮਿਲਦੀ ਹੈ  । ਪਾਲੇ ਦੀਆਂ ਗੱਲਾਂ ਸੁਣ ਕੇ ਮੈਂ ਬੈਠਾ ਬੈਠਾ ਸੁੰਨ ਹੋ ਗਿਆ ਸੀ । ਮੈਨੂੰ ਇਸ ਗੱਲ ਦਾ ਯਕੀਨ ਹੋ ਗਿਆ ਸੀ ਕਿ ਮਾਵਾਂ ਭਾਵੇਂ ਇਸ ਦੁਨੀਆਂ ਤੋਂ ਚਲੀਆਂ ਜਾਂਦੀਆਂ ਹਨ ਪਰ ਆਪਣੇ ਬੱਚਿਆ ਦਾ ਸਾਥ  ਉਨ੍ਹਾਂ ਦੇ ਆਖ਼ਰੀ ਸਮੇਂ ਤੱਕ ਵੀ ਨਹੀਂ ਛੱਡਦੀਆਂ ਸ਼ਾਇਦ ਉਸ ਤੋਂ ਬਾਅਦ ਵੀ ਨਹੀਂ  ।

ਦੀਪ ਚੌਹਾਨ
ਫਿਰੋਜ਼ਪੁਰ
ਸੰਪਰਕ 94642-12566

Previous articleਲੋਹੜੀ
Next articleਬਾਪੂ ਦਾ ਖੂੰਡਾ..ਕੱਢ ਦੂ.ਤੇਰੀਆਂ …!