ਸੁਨੀਤਾ

ਮਨਦੀਪ ਕੌਰ ਦਰਾਜ

(ਸਮਾਜ ਵੀਕਲੀ)

ਰਾਜੂ ਇੱਕ ਕੰਪਨੀ ਵਿੱਚ ਸੇਲਜ਼ਮੈਨ ਦੇ ਤੌਰ ਤੇ ਕੰਮ ਕਰਦਾ ਸੀ ।ਉਹ ਉੱਚਾ ਲੰਮਾ ਗੱਭਰੂ ਸੀ। ਉਸ ਨੂੰ ਦੇਖ ਕੇ ਹਰੇਕ ਦੇ ਦਿਲ ਵਿੱਚ ਹੌਲ ਪੈਂਦੇ ਸੀ ।ਉਹ ਇਕ ਅਨਾਥ ਸੀ ਤੇ ਉਸ ਦੇ ਘਰ ਵਿੱਚ ਉਸ ਦੇ ਬਗੈਰ ਹੋਰ ਕੋਈ ਨਹੀਂ ਸੀ ਰਹਿੰਦਾ । ਇਕ ਦਿਨ ਕੰਪਨੀ ਨੇ ਉਸ ਨੂੰ ਦੂਰ ਕਿਸੇ ਦੂਜੇ ਸ਼ਹਿਰ ਵਿੱਚ ਸਾਮਾਨ ਵੇਚਣ ਲਈ ਭੇਜ ਦਿੱਤਾ ਅਤੇ ਉੱਥੇ ਉਸ ਸ਼ਹਿਰ ਦੇ ਇੱਕ ਮੁਹੱਲੇ ਵਿੱਚ ਸਾਮਾਨ ਵੇਚਣ ਗਿਆ ਅਤੇ ਉੱਥੇ ਉਸ ਨੇ ਛੱਤ ਤੇ ਵਾਲ ਸੁਕਾਉਂਦੀ ਹੋਈ ਮੁਟਿਆਰ ਨੂੰ ਦੇਖਿਆ ਜਿਸ ਨੂੰ ਦੇਖ ਕੇ ਉਹ ਡਾਵਾਂਡੋਲ ਹੋ ਗਿਆ। ਉਸ ਮੁਟਿਆਰ ਦਾ ਨਾਮ ਸੁਨੀਤਾ ਸੀ ਉਹ ਵੀ ਉਸ ਵੱਲ ਦੇਖਣ ਲੱਗੀ।

ਜਦੋਂ ਰਾਜੂ ਨੇ ਦਰਵਾਜ਼ਾ ਖੜਕਾਇਆ ਤਾਂ ਸੁਨੀਤਾ ਨੇ ਭੱਜ ਕੇ ਨੀਚੇ ਆ ਕੇ ਦਰਵਾਜ਼ਾ ਖੋਲ੍ਹਿਆ। ਉਹ ਆਵਦੇ ਪ੍ਰੋਡਕਟ ਬਾਰੇ ਦੱਸਦਾ ਰਿਹਾ ਸੁਨੀਤਾ ਸੁਣਦੀ ਗਈ ।ਹੌਲੀ ਹੌਲੀ ਰਾਜੂ ਦਾ ਇੱਥੇ ਆਉਣਾ ਜਾਣਾ ਆਮ ਜਿਹੀ ਗੱਲ ਹੋ ਗਈ ਸੀ ਤੇ ਉਹ ਮੁਹੱਲੇ ਦੀਆਂ ਅੱਖਾਂ ਵਿੱਚ ਰੜਕਣ ਲੱਗਾ ।ਸੁਨੀਤਾ ਦੇ ਪਰਿਵਾਰ ਨੂੰ ਵੀ ਸ਼ੱਕ ਹੋਣ ਲੱਗਾ ਸੀ। ਇੱਕ ਦਿਨ ਦੋਵਾਂ ਜਣਿਆਂ ਨੇ ਮਿਲ ਕੇ ਜੁਗਤ ਬਣਾਈ ਅਤੇ ਭੱਜ ਗਏ ਪਰ ਉਨ੍ਹਾਂ ਨੂੰ ਉਸੇ ਹੀ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਫੜ ਲਿਆ ਸੀ ਪਰ ਦੋਵੇਂ ਵਿਆਹ ਲਈ ਰਾਜ਼ੀ ਸੀ ਤੇ ਪੁਲੀਸ ਨੇ ਵੀ ਉਨ੍ਹਾਂ ਦਾ ਹੀ ਸਾਥ ਦਿੱਤਾ। ਸੁਨੀਤਾ ਦੇ ਪਰਿਵਾਰ ਨੇ ਉਸ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਅਤੇ ਰਾਜੂ ਸੁਨੀਤਾ ਨੂੰ ਲੈ ਕੇ ਘਰ ਆ ਗਿਆ ।ਸ਼ੁਰੂ ਸ਼ੁਰੂ ਵਿੱਚ ਦੋਵੇਂ ਜਣੇ ਬਹੁਤ ਖੁਸ਼ ਸਨ, ਸੁਨੀਤਾ ਵੀ ਰਾਜ ਤੋਂ ਕੋਈ ਵਾਧੂ ਮੰਗ ਨਹੀੰ ਸੀ ਕਰਦੀ ।

ਉਸ ਨੇ ਉਸ ਦੇ ਛੋਟੇ ਜਿਹੇ ਘਰ ਨੂੰ ਚਮਕਣ ਲਾ ਦਿੱਤਾ ਸੀ। ਸੁਨੀਤਾ ਵੀ ਰੱਜ ਕੇ ਸੋਹਣੀ ਸੀ,ਸ਼ਾਇਦ ਹੀ ਇਹੋ ਜਿਹੀ ਪਿੰਡ ਵਿਚ ਹੋਰ ਹੋਵੇ। ਰਾਜੂ ਨੂੰ ਸ਼ਰਾਬ ਦੀ ਭੈੜੀ ਲਤ ਲੱਗੀ ਹੋਈ ਸੀ ਜਦ ਰਾਜੂ ਦੇ ਦੋਸਤਾਂ ਨੂੰ ਉਸ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਸਾਰੇ ਇਕੱਠੇ ਹੋ ਕੇ  ਰਾਜੂ ਕੋਲ ਪਾਰਟੀ ਲੈਣ ਲਈ ਅਾ ਗਏ। ਸਾਰੇ ਜਣੇ ਬੈਠ ਕੇ ਸ਼ਰਾਬ ਪੀਣ ਲੱਗੇ ,ਰਾਜੂ ਦੇ ਦੋਸਤ ਸੁਨੀਤਾ ਤੇ ਗੰਦੇ ਗੰਦੇ ਟੋਟਕੇ ਕਸਣ ਲੱਗੇ। ਸੁਨੀਤਾ ਨੂੰ ਉਸ ਦਾ ਬਹੁਤ ਬੁਰਾ ਲੱਗਿਆ ਤੇ ਉਹ ਸਾਰੀ ਰਾਤ ਰੋਂਦੀ ਰਹੀ ।ਸਵੇਰੇ ਉੱਠ ਕੇ ਜਦੋਂ ਉਸ ਨੇ ਰਾਜੂ ਨੂੰ ਦੱਸਿਆ ਤਾਂ ਉਸ ਨੇ ਗੌਰ ਨਹੀਂ ਕੀਤੀ ਤੇ ਅਣਗੌਲਿਆਂ ਕਰਕੇ ਕੰਮ ਤੇ ਨਿਕਲ ਗਿਆ।

ਸੁਨੀਤਾ ਸਾਰਾ ਦਿਨ ਦੁਖੀ ਰਹੀ ਤੇ ਕੰਮ ਕਰਨ ਨੂੰ ਵੀ ਉਸ ਦਾ ਜੀਅ ਨਾ ਕੀਤਾ ਤੇ ਨਾ ਹੀ ਉਸ ਨੇ ਰੋਟੀ ਖਾਧੀ ।ਉਸ ਦਿਨ ਫਿਰ ਸ਼ਾਮੀਂ ਉਸ ਦੇ ਦੋਸਤ ਆਕੇ ਰਾਜੂ ਨਾਲ ਸ਼ਰਾਬ ਪੀਣ ਲੱਗੇ ਰਾਜੂ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ। ਬਾਕੀ ਸਾਰੇ ਸੁਨੀਤਾ ਨਾਲ ਬਦਸਲੂਕੀ ਕਰਨ ਲੱਗੇ।ਸੁਨੀਤਾ ਬੜੀ ਮੁਸ਼ਕਿਲ ਨਾਲ ਰਾਜੂ ਨੂੰ ਡਾਕਟਰ ਕੋਲ ਲੈ ਕੇ ਗਈ ।ਉਸ ਨੇ ਜੋ ਕਿਹਾ ਉਹ ਸੁਣ ਕੇ ਸੁਨੀਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਰਾਜੂ ਦੀਆਂ ਕਿਡਨੀਆਂ ਬਿਲਕੁਲ ਖ਼ਤਮ ਹੋ ਚੁੱਕਿਆ ਸੀ ਤੇ ਉਹ ਕੁਝ ਕੁ ਦਿਨਾਂ ਦਾ ਮਹਿਮਾਨ ਸੀ ਸੁਨੀਤਾ ਕੋਲ ਜੋ ਪੈਸੇ ਸੀ ਉਹ ਸਾਰੇ ਰਾਜੂ ਤੇ ਲਾ ਰਹੀ ਸੀ ।ਪਰ ਕੁਝ ਕੁ ਦਿਨਾਂ ਵਿੱਚ ਹੀ ਰਾਜੂ ਸੁਨੀਤਾ ਨੂੰ ਅਲਵਿਦਾ ਕਹਿ ਗਿਆ ।

ਹੁਣ ਉਹ ਬਿਲਕੁਲ ਇਕੱਲੀ ਹੋ ਗਈ ਸੀ, ਮਾਂ ਪਿਓ ਕੋਲ ਵੀ ਨਹੀਂ ਸੀ ਜਾ ਸਕਦੀ ਉਸ ਲਈ ਪਿੰਡ ਵਿੱਚ  ਏਦਾਂ ਇਕੱਲੀ ਰਹਿਣਾ ਜਿੰਨਾ ਮੁਸ਼ਕਿਲ ਸੀ ਉਨ੍ਹਾਂ ਮੁਸ਼ਕਿਲ ਹੀ ਰਾਜੂ ਦੇ ਦੋਸਤਾਂ ਤੋਂ ਬਚਣਾ ਸੀ ।ਸਾਰੇ ਜਣੇ ਵਾਰੀ ਵਾਰੀ ਉਸ ਕੋਲ ਵਿਆਹ ਦਾ ਪ੍ਰਸਤਾਵ ਲੈ ਕੇ ਆਏ ਪਰ ਸੁਨੀਤਾ ਨੇ ਹਾਰ ਨਾ ਮੰਨੀ ਉਹ ਲੋਕਾਂ ਦੇ ਘਰ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਰਹੀ। ਪਰ ਉਹ ਉਸ ਦੇ ਪਿੱਛੇ ਲੋਕਾਂ ਦੇ ਘਰ ਵੀ ਚਲੇ ਜਾਂਦੇ ਜਿਸ ਕਾਰਨ ਉਸ ਨੂੰ ਕੰਮ ਦੇਣ ਤੋਂ ਸਾਰੇ ਡਰਦੇ ਰਹਿੰਦੇ । ਹੁਣ ਉਸ ਕੋਲ ਖਾਣ ਲਈ ਕੁਝ ਵੀ ਨਹੀਂ ਸੀ ਤੇ ਉਹ ਅੱਕ ਕੇ ਪੁਲੀਸ ਕੋਲ ਚਲੀ ਗਈ ਪਰ ਪੁਲਿਸ  ਨੇ ਵੀ ਉਸ ਨੂੰ ਅੱਗੋਂ ਗਲਤ ਬੋਲਿਆ “ਕਿ ਉਹ ਆਵਦੇ ਮਾਂ ਪਿਓ ਨੂੰ ਛੱਡ ਕੇ ਨਾ ਆਉਂਦੀ ਹੁਣ ਬਣਾ ਲਾ ਹੋਰ ਖਸਮ ਉਹ ਹੁਣ ਬਿਲਕੁਲ ਟੁੱਟ ਚੁੱਕੀ ਸੀ ।

ਕਿਸੇ ਨੇ ਵੀ ਉਸ ਦਾ ਸਾਥ ਨਾ ਦਿੱਤਾ, ਉਸ ਨੇ ਹਿੰਮਤ ਤੋਂ ਕੰਮ ਲੈਂਦੇ ਹੋਏ ਰਾਜੂ ਦੇ ਇੱਕ ਦੋਸਤ ਨੂੰ ਘਰ ਬੁਲਾ ਲਿਆ। ਉਸ ਨੂੰ ਬਿਠਾ ਕੇ ਉਹ ਆਪ ਪਾਣੀ ਲੈਣ ਚਲੀ ਗਈ , ਉਹ ਬੈਠਾ ਬੈਠਾ ਸਾਹਮਣੇ ਪਏ ਕਾਗਜ਼ ਟਟੋਲਣ ਲੱਗਾ। ਤਾਂ ਉਸ ਨੇ ਇੱਕ ਰਿਪੋਰਟ ਪੜ੍ਹੀ ਜਿਸ ਵਿਚ ਸੁਨੀਤਾ ਏਡਜ਼ ਪਾਜ਼ੀਟਿਵ ਸੀ ਤੇ ਉਹ ਉੱਥੋਂ ਉੱਠ ਕੇ ਭੱਜ ਗਿਆ ਤੇ ਉਸ ਨੇ ਜਾ ਕੇ ਇਹ ਗੱਲ ਆਵਦੇ ਸਾਰੇ ਦੋਸਤਾਂ ਨੂੰ ਦੱਸੀ।ਸੁਨੀਤਾ ਨੇ ਰਿਪੋਰਟ ਚਾਹੇ ਝੂਠੀ ਹੀ ਬਣਾਈ ਸੀ ਪਰ ਇਹ ਸਾਡਾ ਸਮਾਜ ਜੋ ਲੀਰਾਂ ਚ ਜਿਸਮ ਨੂੰ ਤੱਕਦਾ ਹੈ ਉਸ ਤੋਂ ਬਚਣ ਲਈ ਉਸ ਕੋਲੋਂ ਰਾਮਬਾਣ ਸੀ ।ਉਹ ਹੁਣ ਇਕੱਲੀ ਆਵਦਾ ਗੁਜ਼ਾਰਾ ਕੰਮ ਕਰਕੇ ਕਰਦੀ ਸੀ ਕੋਈ ਵੀ ਉਸ ਨੂੰ ਤੰਗ ਨਹੀਂ ਸੀ ਕਰਦਾ।

              ਮਨਦੀਪ ਕੌਰ ਦਰਾਜ
            98775-67020

Previous articleਵਿਆਹ ਦੀ ਪਹਿਲੀ ਵਰ੍ਹੇਗੰਢ ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Next articleਖੇਤੀਬਾੜੀ , ਬਾਗਬਾਨੀ , ਭੂਮੀ ਰੱਖਿਆ ਅਤੇ ਪਸ਼ੂ ਪਾਲਣ ਵਿਭਾਗ ਵਲੋਂ ਕਿਸਾਨਾਂ ਦੇ ਹੱਕ ਵਿੱਚ ਜਿਲ੍ਹਾ ਪਧੱਰੀ ਰੋਸ ਧਰਨੇ