ਸੁਆਂ ਨਦੀ ’ਚ ਟਿੱਪਰ ਡਿੱਗਿਆ, ਡਰਾਈਵਰ ਦੀ ਮੌਤ

ਪਿੰਡ ਪਲਾਟਾ ਵਿੱਚ ਲੱਗੇ ਸਟੋਨ ਕਰੱਸ਼ਰ ’ਤੇ ਕੰਮ ਕਰਦੇ ਦੋ ਨੌਜਵਾਨ ਅੱਜ ਸਵੇਰੇ ਪਿੰਡ ਭਲਾਣ ਵਿੱਚ ਟਿੱਪਰ ਸਮੇਤ ਨਦੀ ਵਿੱਚ ਡਿੱਗ ਗਏ। ਇਨ੍ਹਾਂ ਵਿੱਚ ਟਿੱਪਰ ਚਾਲਕ ਦੀ ਲਾਸ਼ ਬਰਾਮਦ ਹੋ ਗਈ ਹੈ ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੁਆਂ ਨਦੀ, ਜਿਸ ਦਾ ਰਕਬਾ ਪਿੰਡ ਭਲਾਣ ਦਾ ਹੈ, ਵਿੱਚੋਂ ਕੱਚਾ ਮਾਲ ਕੱਢ ਕੇ ਸਟੋਨ ਕਰੱਸ਼ਰ ਤੱਕ ਲਿਜਾ ਰਹੇ ਟਿੱਪਰ ਚਾਲਕ ਤੇ ਸਾਥੀ ਰਸਤਾ ਭਟਕ ਗਏ ਅਤੇ ਉਨ੍ਹਾਂ ਦਾ ਟਿੱਪਰ ਨਦੀ ਦੇ 100 ਫੁੱਟ ਡੂੰਘੇ ਖੱਡੇ ਵਿੱਚ ਡਿੱਗ ਪਿਆ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚੋਂ ਡਰਾਈਵਰ ਦੀ ਪਛਾਣ ਸਤਨਾਮ ਸਿੰਘ (22) ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਭੱਲੜੀ ਪੁਲੀਸ ਥਾਣਾ ਨਯਾ ਨੰਗਲ ਵਜੋਂ ਹੋਈ ਹੈ ਜਦਕਿ ਦੂਜੇ ਮ੍ਰਿਤਕ ਦੀ ਪਛਾਣ ਪਾਂਕੂ (28) ਵਾਸੀ ਨੇਪਾਲ ਵਜੋਂ ਹੋਈ ਹੈ। ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲਣ ’ਤੇ ਕਲਵਾਂ ਮੌੜ, ਨਯਾ ਨੰਗਲ ਪੁਲੀਸ ਚੌਕੀ ਅਤੇ ਨੰਗਲ ਪੁਲੀਸ ਥਾਣੇ ਦੇ ਮੁਖੀ ਪਵਨ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀਆਂ ਗੋਤਾਖੋਰਾਂ ਸਮੇਤ ਘਟਨਾ ਵਾਲੀ ਥਾਂ ’ਤੇ ਪਹੁੰਚੀਆਂ ਤੇ ਬਚਾਅ ਕਾਰਜ ਸ਼ੁਰੂ ਕੀਤੇ।

ਨਯਾ ਨੰਗਲ ਪੁਲੀਸ ਚੌਕੀ ਦੇ ਇੰਚਾਰਜ ਸਰਤਾਜ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਦੀ ਲਾਸ਼ ਨਦੀ ਵਿੱਚੋਂ ਮਿਲ ਗਈ ਹੈ, ਜਿਸ ਨੂੰ ਪੋਸਟਮਾਰਟਮ ਲਈ ਬੀਬੀਐੱਮਬੀ ਨੰਗਲ ਭੇਜਿਆ ਗਿਆ ਹੈ। ਗੋਤਾਖੋਰਾਂ ਵੱਲੋਂ ਦੂਜੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਠੰਢ ਜ਼ਿਆਦਾ ਹੋਣ ਕਾਰਨ ਗੋਤਾਖੋਰਾਂ ਨੂੰ ਲਾਸ਼ ਲੱਭਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਪਿੰਡ ਭੱਲੜੀ ਦੇ ਨੰਬਰਦਾਰ ਹਰਜਿੰਦਰ ਸਿੰਘ ਨੇ ਕਿਹਾ ਹੈ ਕਿ ਸੁਆਂ ਨਦੀ ਵਿੱਚ ਗੈਰਕਾਨੂੰਨੀ ਖਣਨ ਹੋਣ ਨਾਲ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਜਾਇਜ਼ ਮਾਈਨਿੰਗ ਬੰਦ ਕਰੇ। ਮਾਈਨਿੰਗ ਵਿਭਾਗ ਦੇ ਅਧਿਕਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਸੁਆ ਨਦੀ ਵਿੱਚ ਮਾਈਨਿੰਗ ਬੰਦ ਹੈ ਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Previous articleਰੋਹਤਾਂਗ ਪਾਸ ਹੇਠਲੀ ਸੁਰੰਗ ਦਾ ਨਾਂ ਹੋਵੇਗਾ ‘ਅਟਲ’
Next article‘ਦਿ ਕ੍ਰਿਕਟਰ’ ਵੱਲੋਂ ਕੋਹਲੀ ਨੂੰ ਦਹਾਕੇ ਦਾ ਸਰਵੋਤਮ ਕ੍ਰਿਕਟਰ ਕਰਾਰ