ਸੀਬੀਆਈ ਬਨਾਮ ਸੀਬੀਆਈ: ਅਸਥਾਨਾ ਨੂੰ ਆਰਜ਼ੀ ਰਾਹਤ

ਦਿੱਲੀ ਹਾਈ ਕੋਰਟ ਨੇ ਅੱਜ ਸੀਬੀਆਈ ਨੂੰ ਇਸ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਖਿਲਾਫ਼ ਵਿੱਢੀ ਫ਼ੌਜਦਾਰੀ ਕਾਰਵਾਈ ਜਿਉਂ ਦੀ ਤਿਉਂ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਸ੍ਰੀ ਅਸਥਾਨਾ ਨੇ ਆਪਣੇ ਖਿਲਾਫ਼ ਰਿਸ਼ਵਤ ਦੇ ਮਾਮਲੇ ਵਿਚ ਐਫਆਈਆਰ ਦਰਜ ਕਰਨ ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਸੀ। ਹਾਲਾਂਕਿ ਸੀਬੀਆਈ ਅਸਥਾਨਾ ਨੂੰ 29 ਅਕਤੂਬਰ ਨੂੰ ਅਗਲੀ ਪੇਸ਼ੀ ਤੱਕ ਗ੍ਰਿਫ਼ਤਾਰ ਨਹੀਂ ਕਰ ਸਕਦੀ ਪਰ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਦੋਸ਼ਾਂ ਦੀ ਗੰਭੀਰਤਾ ਦੇ ਮੱਦੇਨਜ਼ਰ ਜਾਂਚ ’ਤੇ ਕੋਈ ਰੋਕ ਨਹੀਂ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਸੀਬੀਆਈ ਜਲਦ ਹੀ ਅਸਥਾਨਾ ਤੋਂ ਪੁੱਛ-ਪੜਤਾਲ ਕਰ ਸਕਦੀ ਹੈ। ਅਸਥਾਨਾ ਤੋਂ ਇਲਾਵਾ ਏਜੰਸੀ ਦੇ ਡੀਐਸਪੀ ਦੇਵੇਂਦਰ ਕੁਮਾਰ ਜਿਸ ਨੂੰ ਕੱਲ੍ਹ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਸੀ, ਨੇ ਐਫਆਈਆਰ ਮਨਸੂਖ ਕਰਾਉਣ ਲਈ ਵੱਖਰੀ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਨਜਮੀ ਵਜ਼ੀਰੀ ਨੇ ਦੋਵੇਂ ਪਟੀਸ਼ਨਾਂ ’ਤੇ ਜਾਂਚ ਏਜੰਸੀ ਦੇ ਡਾਇਰੈਕਟਰ ਅਲੋਕ ਕੁਮਾਰ ਵਰਮਾ ਤੇ ਇਸ ਦੇ ਜੁਆਇੰਟ ਡਾਇਰੈਕਟਰ ਏ ਕੇ ਸ਼ਰਮਾ ਨੂੰ ਨੋਟਿਸ ਜਾਰੀ ਕੀਤੇ ਹਨ ਤੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਇਨ੍ਹਾਂ ਤੋਂ ਇਲਾਵਾ ਅਮਲਾ ਤੇ ਸਿਖਲਾਈ ਵਿਭਾਗ ਡੀਓਪੀਟੀ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਸੀਬੀਆਈ ਆਉਂਦੀ ਹੈ ਤੇ ਪ੍ਰਮੁੱਖ ਅਫ਼ਸਰਾਂ ਖਿਲਾਫ਼ ਕਾਰਵਾਈ ਲਈ ਜਿਸ ਤੋਂ ਪ੍ਰਵਾਨਗੀ ਮੰਗੀ ਜਾਂਦੀ ਹੈ। ਉਂਜ, ਸਟੇਟਸ ਕੋਅ ਦੇ ਹੁਕਮ ਸਿਰਫ ਅਸਥਾਨਾ ਦੀ ਪਟੀਸ਼ਨ ’ਤੇ ਦਿੱਤੇ ਗਏ ਹਨ। ਹਾਈ ਕੋਰਟ ਨੇ 20 ਕੁ ਮਿੰਟ ਦੀ ਸੁਣਵਾਈ ਤੋਂ ਬਾਅਦ ਅਸਥਾਨਾ ਤੇ ਕੁਮਾਰ ਦੋਵਾਂ ਨੂੰ ਮੋਬਾਈਲ ਫੋਨਾਂ ਸਮੇਤ ਉਨ੍ਹਾਂ ਦੀ ਕਸਟੱਡੀ ਵਾਲਾ ਸਾਰਾ ਰਿਕਾਰਡ ਸੰਭਾਲ ਕੇ ਰੱਖਣ ਲਈ ਕਿਹਾ। ਸੀਬੀਆਈ ਦੇ ਵਕੀਲ ਕੇ ਰਾਘਵਾਚਾਰੀਯਲੂ ਵੱਲੋਂ ਰਿਕਾਰਡ ਪੇਸ਼ ਕਰਨ ਲਈ ਵਕਤ ਮੰਗਣ ’ਤੇ ਅਗਲੀ ਸੁਣਵਾਈ 29 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ। ਸੀਬੀਆਈ ਨੇ ਸੁਣਵਾਈ ਦੌਰਾਨ ਆਖਿਆ ਕਿ ਅਸਥਾਨਾ ਖਿਲਾਫ਼ ਦੋਸ਼ ਬਹੁਤ ਸੰਗੀਨ ਹਨ ਤੇ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਐਫਆਈਆਰ ਵਿਚ ਫਿਰੌਤੀ ਅਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਲੱਕੜ ਨੂੰ ਘੁਣ ਲੱਗ ਜਾਵੇ ਤਾਂ ਉਹ ਕਿਸੇ ਕੰਮ ਦੀ ਨਹੀਂ ਰਹਿੰਦੀ ਪਰ ਜੱਜ ਨੇ ਵਕੀਲ ਨੂੰ ਅਦਾਲਤ ਵਿਚ ਅਜਿਹੇ ਬਿਆਨ ਦੇਣ ਤੋਂ ਵਰਜ ਦਿੱਤਾ। ਅਸਥਾਨਾ ਦੇ ਵਕੀਲ ਅਮਰੇਂਦਰ ਸ਼ਰਨ ਤੇ ਐਡਵੋਕੇਟ ਅਮਿਤ ਆਨੰਦ ਤਿਵਾੜੀ ਨੇ ਕਿਹਾ ਕਿ ਇਹ ਦੁਰਭਾਵਨਾ ਦੀ ਕਾਰਵਾਈ ਹੈ ਤੇ ਉਸ ਦੇ ਖਿਲਾਫ਼ ਗ਼ਲਤ ਢੰਗ ਨਾਲ ਐਫਆਈਆਰ ਦਰਜ ਕੀਤੀ ਗਈ ਹੈ। ਇਸ ਸਬੰਧੀ ਵਿਭਾਗ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ। ਉਨ੍ਹਾਂ ਅਗਲੇਰੀ ਕਾਰਵਾਈ ’ਤੇ ਰੋਕ ਲਾਉਣ ਦੀ ਮੰਗ ਕੀਤੀ ਪਰ ਜੱਜ ਨੇ ਕਿਹਾ ‘‘ ਕੁਛ ਨਹੀਂ ਹੋਗਾ। ਕੱਲ੍ਹ ਮਹਾਰਿਸ਼ੀ ਵਾਲਮੀਕੀ ਜੈਅੰਤੀ ਹੈ, ਕੁਛ ਨਹੀਂ ਹੋਗਾ।’’ ਸੀਬੀਆਈ ਨੇ ਮੀਟ ਬਰਾਮਦਕਾਰ ਮੋਈਨ ਕੁਰੈਸ਼ੀ ਰਿਸ਼ਵਤ ਕੇਸ ਦੇ ਤਫ਼ਤੀਸ਼ੀ ਅਫ਼ਸਰ ਦੇਵੇਂਦਰ ਕੁਮਾਰ ਨੂੰ ਕੱਲ੍ਹ ਕਾਰੋਬਾਰੀ ਸਤੀਸ਼ ਸਾਨਾ ਦੇ ਬਿਆਨ ਦੇ ਅਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਸੀ। ਅਸਥਾਨਾ ਨੇ ਦਾਅਵਾ ਕੀਤਾ ਸੀ ਕਿ ਸੀਬੀਆਈ ਦੇ ਮੁਖੀ ਵਰਮਾ ਤੇ ਜੁਆਇੰਟ ਡਾਇਰੈਕਟਰ ਨੇ ਮਿਲੀਭਗਤ ਕਰ ਕੇ ਮੰਦਭਾਵਨਾ ਤਹਿਤ ਕੇਸ ਦਰਜ ਕਰਵਾਇਆ ਸੀ।

Previous articleIndia, Iran, Afghanistan discuss Chabahar port
Next articleਚਾਰ ਡਾਕਟਰਾਂ ਦੇ ਬੋਰਡ ਵੱਲੋਂ ਫਾਦਰ ਕੁਰਿਆਕੋਸ ਕੱਟੂਥਾਰਾ ਦਾ ਪੋਸਟਮਾਰਟਮ