ਸੀਪੀਆਈ ਆਗੂ ਗੁਰੂਦਾਸ ਦਾਸਗੁਪਤਾ ਦਾ ਦੇਹਾਂਤ

ਭਾਰਤ ਵਿਚ ਟਰੇਡ ਯੂਨੀਅਨ ਅੰਦੋਲਨ ਦੇ ਝੰਡਾਬਰਦਾਰਾਂ ਵਿਚੋਂ ਇਕ ਤੇ ਕੰਮਕਾਜੀ ਵਰਗ ਦੇ ਹਿੱਤਾਂ ਲਈ ਸੰਘਰਸ਼ ਕਰਨ ਵਾਲੇ ਸੀਪੀਆਈ ਦੇ ਬਜ਼ੁਰਗ ਆਗੂ ਗੁਰੂਦਾਸ ਦਾਸਗੁਪਤਾ ਦਾ ਅੱਜ ਦੇਹਾਂਤ ਹੋ ਗਿਆ। ਸੰਸਦ ਮੈਂਬਰ ਰਹਿ ਚੁੱਕੇ ਦਾਸਗੁਪਤਾ 83 ਵਰ੍ਹਿਆਂ ਦੇ ਸਨ। ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਇਕ ਧੀ ਹੈ। ਉਨ੍ਹਾਂ ਦੀ ਮੌਤ ਰਿਹਾਇਸ਼ ’ਤੇ ਹੀ ਸਵੇਰੇ 6 ਵਜੇ ਹੋਈ। ਦਾਸਗੁਪਤਾ ਫੇਫ਼ੜਿਆਂ ਦੇ ਕੈਂਸਰ ਤੋਂ ਪੀੜਤ ਸਨ। ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਪੀਆਈ ਆਗੂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਗੁਰੂਦਾਸ ਸੰਸਦ ਵਿਚ ਬੁਲੰਦ ਆਵਾਜ਼ ਬਣ ਕੇ ਉੱਭਰੇ। ਗੁਰੂਦਾਸ ਦਾਸਗੁਪਤਾ 1985 ਤੋਂ ਲਗਾਤਾਰ ਪੰਜ ਵਾਰ ਸੰਸਦ ਮੈਂਬਰ ਚੁਣੇ ਗਏ। ਤਿੰਨ ਵਾਰ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਤੇ ਦੋ ਵਾਰ ਉਹ ਪੱਛਮੀ ਬੰਗਾਲ ਤੋਂ ਲੋਕ ਸਭਾ ਮੈਂਬਰ ਚੁਣੇ ਗਏ। ਬੰਗਲਾਦੇਸ਼ ਦੇ ਬਰੀਸ਼ਾਲ ਜ਼ਿਲ੍ਹੇ ਵਿਚ 1936 ਵਿਚ ਜਨਮੇ ਦਾਸਗੁਪਤਾ ਵੰਡ ਤੋਂ ਬਾਅਦ ਪਰਿਵਾਰ ਨਾਲ ਪੱਛਮੀ ਬੰਗਾਲ ਆ ਗਏ ਸਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੀਪੀਆਈ (ਐਮ) ਆਗੂਆਂ ਨੇ ਵੀ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ।

Previous articleਪਾਕਿ ’ਚ ਚੱਲਦੀ ਰੇਲ ਗੱਡੀ ਨੂੰ ਅੱਗ, 73 ਮੌਤਾਂ
Next articleਚਾਰ ਮੈਂਬਰੀ ਗਰੋਹ ਕੋਲੋਂ 1.65 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ