ਸਿੱਖਿਆ ਮੰਤਰੀ ਦੇ ਵਿਗੜੇ ਬੋਲ, ਕਿਹਾ- ਬੇਰੁਜ਼ਗਾਰ ਅਧਿਆਪਕਾਂ ਨੂੰ ਚੁੱਕੋ, ਗੱਡੀ ‘ਚ ਸੁੱਟ ਕੇ ਥਾਣੇ ‘ਚ ਬੰਦ ਕਰੋ

ਬਰਨਾਲਾ : ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅੱਜ ਪ੍ਰਰਾਈਵੇਟ ਸਕੂਲਾਂ ਦੇ ਰੱਖੇ ਗਏ ਐਵਾਰਡ ਵੰਡ ਸਮਾਰੋਹ ‘ਚ ਅਜਿਹੇ ਰੋਹ ਭਰੇ ਅੰਦਾਜ਼ ‘ਚ ਪੁੱਜੇ ਕਿ ਉਹ ਆਉਂਦਿਆਂ ਹੀ ਬੇਰੁਜ਼ਗਾਰ ਅਧਿਆਪਕਾਂ ਨੂੰ ਗਾਲੀ-ਗਲੋਚ ਕਰਨ ਲੱਗੇ।

ਉਨ੍ਹਾਂ ਡੀਐੱਸਪੀ ਨੂੰ ਹੁਕਮ ਦਿੱਤੇ, ‘ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਚੁੱਕੋ ਤੇ ਗੱਡੀ ‘ਚ ਸੁੱਟ ਕੇ ਥਾਣੇ ‘ਚ ਬੰਦ ਕਰੋ।’ ਜਿਉਂ ਹੀ ਇਸ ਦੀ ਵੀਡੀਓ ਦੇਰ ਸ਼ਾਮ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਇਸ ਦਾ ਨੋਟਿਸ ਲੈਂਦਿਆਂ ਬੇਰੁਜ਼ਗਾਰ ਅਧਿਆਪਕਾਂ ਨੇ ਇਸ ਦੀ ਨਿਖੇਧੀ ਕਰਦਿਆਂ ਨੈਤਿਕਤਾ ਦੇ ਆਧਾਰ ‘ਤੇ ਸਿੱਖਿਆ ਮੰਤਰੀ ਕੋਲੋਂ ਅਹੁਦੇ ਤੋਂ ਅਸਤੀਫ਼ੇ ਦੀ ਮੰਗ ਰੱਖ ਦਿੱਤੀ।

ਦਰਅਸਲ ਹੋਇਆ ਇੰਜ ਕਿ ਉਕਤ ਪ੍ਰੋਗਰਾਮ ‘ਚ ਪਹੁੰਚ ਰਹੇ ਸਿੱਖਿਆ ਮਿੰਤਰੀ ਵਿਜੇਇੰਦਰ ਸਿੰਗਲਾ ਨੂੰ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਯੂਨੀਅਨ ਦੇ ਮੈਂਬਰਾਂ ਨੇ ਸਿੱਖਿਆ ਮੰਤਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ।

ਇਸ ਵਿਰੋਧ ਕਾਰਨ ਸਿੱਖਿਆ ਮੰਤਰੀ ਸਿੰਗਲਾ ਨੂੰ ਕਰੀਬ 15 ਮਿੰਟ ਪ੍ਰਦਰਸ਼ਨਕਾਰੀਆਂ ਤੋਂ 100 ਮੀਟਰ ਦੀ ਦੂਰੀ ‘ਤੇ ਹੀ ਆਪਣੇ ਕਾਫਲੇ ਸਮੇਤ ਰਸਤਾ ਸਾਫ਼ ਹੋਣ ਦੀ ਉਡੀਕ ਕਰਨੀ ਪਈ। ਡੀਐੱਸਪੀ ਰਾਜੇਸ਼ ਛਿੱਬਰ ਨੇ ਪਹੁੰਚ ਕੇ ਯੂਨੀਅਨ ਦੇ ਮੈਂਬਰਾਂ ਨੂੰ ਸਮਝਾਇਆ ਤਾਂ ਜਾ ਕੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਪ੍ਰੋਗਰਾਮ ‘ਚ ਪਹੁੰਚੇ।

ਜ਼ਿਕਰਯੋਗ ਹੈ ਕਿ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਤੇ ਈਟੀਟੀ ਅਧਿਆਪਕ ਯੂਨੀਅਨ ਨੇ ਆਪਣੇ ਸੰਗਰੂਰ ਵਿਖੇ ਚੱਲਦੇ ਪੱਕੇ ਮੋਰਚੇ ਦੇ ਨਾਲ-ਨਾਲ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਬਾਈਕਾਟ ਦਾ ਐਲਾਨ ਕੀਤਾ ਹੋਇਆ ਹੈ। ਆਗੂਆਂ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਅੱਜ ਦੇ ਦੌਰੇ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਆਗੂਆਂ ਨੇ ਘਿਰਾਓ ਦੀ ਯੋਜਨਾ ਉਲੀਕੀ ਪਰ ਸਿੱਖਿਆ ਸਕੱਤਰ ਦਾ ਦੌਰਾ ਅਚਾਨਕ ਰੱਦ ਕਰ ਦਿੱਤਾ ਗਿਆ। ਯੂਨੀਅਨ ਨੇ ਸਿੱਖਿਆ ਮੰਤਰੀ ਸਿੰਗਲਾ ਦਾ ਜ਼ਰੂਰ ਘਿਰਾਓ ਕੀਤਾ।

ਪ੍ਰਦਰਸ਼ਨ ਦੌਰਾਨ ਸੂਬਾ ਪ੍ਰਧਾਨ ਨੇ ਕਿਹਾ ਕਿ ਬੇਰੁਜ਼ਗਾਰ ਆਪਣੇ ਹੱਕਾਂ ਲਈ ਕਰੀਬ 90 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ‘ਚ ਮੋਰਚਾ ਲਾ ਕੇ ਬੈਠੇ ਹੋਏ ਹਨਪਰ ਸਰਕਾਰ ਰੁਜ਼ਗਾਰ ਦੇਣ ਦੀ ਬਜਾਏ ਉਨ੍ਹਾਂ ਨੂੰ ਡਾਂਗਾਂ ਨਾਲ ਨਿਵਾਜ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਜੋਧਪੁਰ ਤੇ ਈਟੀਟੀ ਆਗੂ ਅਕਵਿੰਦਰ ਕੌਰ ਨੇ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਇਸ ਦੌਰਾਨ ਸੂਬਾ ਆਗੂ ਨਵਜੀਵਨ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ ਰਾਮਗੜ੍ਹ, ਹਨੀਫ ਖਾਂ, ਰਾਮ ਪ੍ਰਕਾਸ਼ ਗੁੰਮਟੀ, ਮੁਕਲ ਬਰਨਾਲਾ, ਗੁਰ ਅੰਗਦ ਭੋਤਨਾ, ਮੱਖਣ ਖੁੱਡੀ ਤੇ ਅੰਮਿ੍ਤ ਖੁੱਡੀ ਆਦਿ ਵੀ ਹਾਜ਼ਰ ਸਨ।

ਸਿੱਖਿਆ ਮੰਤਰੀ ਦੇ ਫੂਕਾਂਗੇ ਪੁਤਲੇ : ਢਿੱਲਵਾਂ

ਉੱਧਰ, ਦੇਰ ਰਾਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਵੱਲੋਂ ਕੀਤੀ ਗਈ ਗਾਲੀ-ਗਲੋਚ ਦੇ ਵਿਰੋਧ ‘ਚ ਉਨ੍ਹਾਂ ਦੇ ਪੁਤਲੇ ਫੂਕਣਗੇ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ।

ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਵੀ ਆਡੀਓ ਕੀਤੀ ਵਾਇਰਲ

ਸਿੱਖਿਆ ਮੰਤਰੀ ਦੀ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੂੰ ਗਾਲੀ-ਗਲੋਚ ਕਰਦਿਆਂ ਦੀ ਜਦ ਵੀਡੀਓ ਵਾਇਰਲ ਹੋਈ ਤਾਂ ਬੇਰੁਜ਼ਗਾਰ ਅਧਿਆਪਕਾਂ ਨੇ ਵੀ ਆਪਣੀ ਆਵਾਜ਼ ਵਿਚ ਇਕ ਆਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ, ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਕੀਤੀ ਗਈ ਗਾਲੀ-ਗਲੋਚ ਦੀ ਜਿੱਥੇ ਨਿਖੇਧੀ ਕੀਤੀ, ਉੱਥੇ ਹੀ ਇਕ ਨਸੀਹਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦਿੱਤੀ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਸਿੱਖਿਆ ਮੰਤਰੀ ਐੱਮਏ ਪਾਸ ਟੈੱਟ ਪਾਸ ਬੇਰੁਜ਼ਗਾਰ ਨੌਜਵਾਨਾਂ ਨੂੰ ਅਜਿਹੀ ਸ਼ਬਦਾਵਲੀ ਵਰਤਦੇ ਹਨ ਤਾਂ ਪੰਜਾਬ ‘ਚ ਪੜ੍ਹੇ ਲਿਖੇ ਨੌਜਵਾਨਾਂ ਦਾ ਭਵਿੱਖ ਕੀ ਹੈ? ਬੇਰੁਜ਼ਗਾਰਾਂ ਨੇ ਵਾਇਰਲ ਕੀਤੀ ਆਡੀਓ ਕਲਿੱਪ ਵਿਚ ਪੁਰਾਤਨ ਜਥੇਬੰਦੀਆਂ ਨੂੰ ਇਕ ਮੰਚ ‘ਤੇ ਇਕੱਠੇ ਹੋ ਕੇ ਸਿੱਖਿਆ ਮੰਤਰੀ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਅਪੀਲ ਕੀਤੀ।

Previous articleਸਸਤਾ ਹੋਵੇਗਾ ਪਿਆਜ਼ ; ਵਾਹਗੇ ਰਾਹੀਂ ਅਫ਼ਗਾਨੀ ਪਿਆਜ਼ ਦੇ 86 ਟਰੱਕ ਪੁੱਜੇ
Next articleਕਾਂਗਰਸੀ ਕੌਂਸਲਰ ਗੁਰਦੀਪ ਹੱਤਿਆਕਾਂਡ ‘ਚ ਬਟਾਲਾ ਦਾ ਗੈਂਗਸਟਰ ਗਿ੍ਫ਼ਤਾਰ