ਸਿੱਖਿਆ ਬਨਾਮ ਸਿੱਖਿਅਕ

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਸਤਿ ਸ੍ਰੀ ਆਕਾਲ ਭੈਣ ਜੀ, ਉਹਨੇ ਫੋਨ ਚੁੱਕਿਆ ਤਾਂ ਕਿਸੇ ਪ੍ਰਸ਼ੰਸਕ ਦਾ ਫੋਨ ਸੀ।

ਸਤਿ ਸ੍ਰੀ ਆਕਾਲ ਜੀ, ਉਹਨੇ ਵੀ ਅੱਗੋਂ ਹਲੀਮੀ ਨਾਲ ਜਵਾਬ ਦਿੱਤਾ।

ਤੁਹਾਡੀ ਰਚਨਾ ਪੜ੍ਹੀ ਸੀ, ਅਖਬਾਰ ਵਿੱਚ, ਬਹੁਤ ਵਧੀਆ ਲੱਗੀ, ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਕਿ ਤੁਸੀਂ ਇੰਨਾ ਸੋਹਣਾ ਲਿਖਦੇ ਹੋ। ਅਗਲੇ ਨੇ ਗੱਲ ਅੱਗੇ ਤੋਰੀ।

ਬਹੁਤ ਬਹੁਤ ਧੰਨਵਾਦ ਵੀਰ ਜੀ, ਓਹਨੇ ਰਸਮੀਂ ਜਿਹੀ ਖ਼ੁਸ਼ੀ ਜ਼ਾਹਿਰ ਕੀਤੀ।

ਵੈਸੇ ਤੁਸੀਂ ਕੀ ਕੰਮ ਕਰਦੇ ਹੋ ਜੀ, ਅਗਲੇ ਨੇ ਫ਼ੇਰ ਪੁੱਛਿਆ।

‌‌ ਜੀ, ਮੈਂ ਇੱਕ ਅਧਿਆਪਕਾ ਹਾਂ, ਓਹਨੇ ਸਹਿਜ ਹੀ ਜਵਾਬ ਦਿੱਤਾ।

ਓ….ਹੋ… ਇਹ ਤਾਂ ਬਹੁਤ ਖ਼ੁਸ਼ੀ ਦੀ ਗੱਲ ਹੈ। ਤੁਸੀਂ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਲਿਖਦੇ ਹੋ ਤੇ ਬੱਚਿਆ ਨੂੰ ਵੀ ਪੜਾਉਂਦੇ ਹੋ। ਤੁਸੀਂ ਸਮਾਜ ਅਤੇ ਦੇਸ਼ ਦੋਵਾਂ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਹੋ।

ਅਗਲੇ ਨੇ ਹੋਰ ਖ਼ੁਸ਼ੀ ਜ਼ਾਹਿਰ ਕੀਤੀ।

ਜੀ, ਵੀਰ ਜੀ,ਇਹ ਤਾਂ ਮੇਰਾ ਫਰਜ਼ ਹੈ, ਉਹ ਸਹਿਜ ਹੀ ਜਵਾਬ ਦਈ ਜਾ ਰਹੀ ਸੀ।

ਕੀ ਗੱਲ ਭੈਣ ਜੀ, ਤੁਸੀਂ ਐਡੀ ਵੱਡੀ ਸੇਵਾ ਨਿਭਾ ਰਹੇ ਹੋ,ਪਰ ਖੁਸ਼ ਨਹੀਂ ਲੱਗ ਰਹੇ, ਅਗਲੇ ਨੂੰ ਹੈਰਾਨੀ ਜਿਹੀ ਹੋਈ।

ਹਾਂਜੀ ਵੀਰ ਜੀ, ਸਹੀ ਕਿਹਾ ਤੁਸੀਂ,ਸੇਵਾ ਹੀ ਹੈ ਇਹ।ਇਸ ਦੇਸ਼ ਵਿੱਚ ਸਿੱਖਿਆ ਤਾਂ ਬਹੁਤ ਮਹਿੰਗੀ ਹੈ ਪਰ ਸਿੱਖਿਅਕ ਬਹੁਤ ਸਸਤੇ ਹਨ। ਆਪਣੇ ਇੱਕ ਹੱਥ ਵਿਚ ਆਪਣੇ ਬੱਚੇ ਦੀ ਸਕੂਲ ਫ਼ੀਸ ਦੀ ਭਾਰੀ ਰਕਮ ਤੇ ਦੂਜੇ ਹੱਥ ਵਿੱਚ ਨਿਗੂਣੀ ਜਿਹੀ ਤਨਖ਼ਾਹ ਵੱਲ ਵੇਖਦਿਆਂ ਓਹਨੇ ਜਵਾਬ ਦਿੱਤਾ ਤੇ ਫ਼ੋਨ ਰੱਖ ਕੇ ਜਮਾਤ ਵੱਲ ਚੱਲ ਪਈ।

ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸਂ,:9464633059.

Previous articleਜਵਾਨੀ ਨੂੰ ਜਾਗ
Next articleਅਸੀਂ ਲੋਕ